ਸਕੂਲ ਵੈਨ ਵਿਚ ਮਾਰੇ ਗਏ 4 ਬੱਚਿਆਂ ਨੂੰ ਵੀ ਕੀਤਾ ਗਿਆ ਯਾਦ
ਸਪੀਕਰ ਵਲੋਂ ਤਰਨ ਤਾਰਨ ਦੇ ਪਟਾਕਾ ਧਮਾਕੇ ਵਿੱਚ ਫੌਤ ਹੋਏ 3 ਨੌਜਵਾਨਾਂ ਦੇ ਨਾਮ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀ ਅਗਵਾਈ ਕਰਦਿਆਂ ਵੀਰਵਾਰ ਨੂੰ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਈਆਂ ਰਾਜਨੀਤਿਕ ਸ਼ਖਸੀਅਤਾਂ, ਪੱਤਰਕਾਰਾਂ ਅਤੇ ਸੁਤੰਤਰਤਾ ਸੰਗਰਾਮੀਆਂ ਸਮੇਤ 10 ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
15 ਵੀਂ ਵਿਧਾਨ ਸਭਾ ਦੇ ਬਜਟ ਸੈਸ਼ਨ (11ਵੇਂ ਸੈਸ਼ਨ) ਦੇ ਪਹਿਲੇ ਦਿਨ ਸਦਨ ਵਿੱਚ ਸਾਂਝੇ ਪੰਜਾਬ (ਪੁਨਰਗਠਨ ਤੋਂ ਪਹਿਲਾਂ) ਦੇ ਸਾਬਕਾ ਵਿਧਾਇਕ ਚੌਧਰੀ ਖੁਰਸ਼ੀਦ ਅਹਿਮਦ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਸਮੇਤ ਅਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਅਤੇ ਦਰਬਾਰਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਦੇ ਨਾਲ ਹੀ ਸਦਨ ਨੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਕੇਸਰੀ ਪਬਲੀਕੇਸ਼ਨਜ਼ (ਦਿੱਲੀ) ਦੇ ਮੁੱਖ ਸੰਪਾਦਕ ਅਤੇ ਕਰਨਾਲ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੋਪੜਾ ਨੂੰ ਵੀ ਯਾਦ ਕੀਤਾ ਸਦਨ ਨੇ ਉੱਘੇ ਪੰਜਾਬੀ ਲੇਖਿਕਾ ਡਾ: ਦਲੀਪ ਕੌਰ ਟਿਵਾਣਾ, ਡਾ: ਜਸਵੰਤ ਸਿੰਘ ਕੰਵਲ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਸਦਨ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਲੌਂਗੋਵਾਲ ਵਿਖੇ ਮੰਦਭਾਗੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲੇ ਚਾਰ ਬੱਚਿਆਂ ਸਿਮਰਨਜੀਤ ਸਿੰਘ, ਸੁਖਜੀਤ ਕੌਰ, ਨਵਜੋਤ ਕੌਰ ਅਤੇ ਅਰੁਧਿਆ ਕੁਮਾਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ।
ਸਪੀਕਰ ਵਲੋਂ ਨੌਜਵਾਨ ਪੱਤਰਕਾਰ ਅਮਨ ਬਰਾੜ ਤੇ ਦਲਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਪ੍ਰਸਤਾਵ ਪੇਸ਼ ਕੀਤਾ ਗਿਆ।
ਤਰਨ ਤਾਰਨ ਵਿਖੇ ਪਟਾਕਿਆਂ ਦੇ ਧਮਾਕੇ ਨਾਲ ਮਾਰੇ ਗਏ 3 ਬੱਚਿਆਂ ਦਾ ਨਾਮ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।