ਪਸੂ ਭਲਾਈ ਬੋਰਡ ਨੂੰ ਨਹੀਂ ਮਿਲ ਰਹੇ ਹਨ ਮੈਂਬਰ, ਬੀਤ ਗਏ ਹਨ 3 ਸਾਲ

ਵਿਧਾਨ ਸਭਾ ਵਿੱਚ ਕੁਲਤਾਰ ਸੰਧਵਾ ਨੇ ਚੁੱਕਿਆ ਮੁੱਦਾ, ਮੰਤਰੀ ਨੇ ਦਿੱਤਾ ਭਰੋਸਾ ਚਲ ਹੋਏਗੀ ਤੈਨਾਤੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਪਸ਼ੂ ਪਾਲਕਾਂ ਦੀ ਭਲਾਈ ਬਣਾ ਗਏ ਪਸੂ ਭਲਾਈ ਬੋਰਡ ਨੂੰ ਪਿਛਲੇ 3 ਸਾਲ ਤੋਂ ਮੈਂਬਰ ਹੀ ਨਹੀਂ ਮਿਲ ਰਹੇ ਹਨ, ਜਿਸ ਕਾਰਨ ਇਸ ਬੋਰਡ ਦਾ ਸਾਰਾ ਕੰਮਕਾਜ ਹੀ ਠੱਪ ਪਿਆ ਹੈ। ਇਸ ਪਸ਼ੂ ਭਲਾਈ ਬੋਰਡ ਕੋਲ ਹਰ ਸਾਲ ਕਰੋੜਾ ਰੁਪਏ ਦਾ ਸੈਸ ਰਾਹੀਂ ਪੈਸਾ ਤਾਂ ਆਉਂਦਾ ਹੈ ਪਰ ਇਸ ਭਲਾਈ ਬੋਰਡ ਵਿੱਚ ਮੈਂਬਰ ਤੈਨਾਤ ਨਾ ਹੋਣ ਦੇ ਕਾਰਨ ਪਸੂਆ ਦੀ ਭਲਾਈ ਦਾ ਕੰਮ ਨਹੀਂ ਹੋ ਰਿਹਾ। ਇਸ ਮਾਮਲੇ ਨੂੰ ਲੈ ਕੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਵਿਧਾਨ ਸਭਾ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਸੁਆਲ ਪੁੱਛਦੇ ਹੋਏ ਸਰਕਾਰ ਤੋਂ ਜਲਦ ਹੀ ਇਨਾਂ ਮੈਂਬਰਾਂ ਨੂੰ ਲਗਾਉਣ ਦੀ ਮੰਗ ਕਰ ਦਿੱਤੀ।

ਕੁਲਤਾਰ ਸੰਧਵਾ ਵਲੋਂ ਪੁੱਛੇ ਗਏ ਸੁਆਲ ਦਾ ਜੁਆਬ ਦਿੰਦੇ ਹੋਏ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਲ 2011 ਵਿੱਚ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 21 ਅਪ੍ਰੈਲ 2011 ਨੂੰ ਪਸ਼ੂ ਭਲਾਈ ਬੋਰਡ ਦੀ ਸਥਾਪਨਾ ਕੀਤੀ ਗਈ ਸੀ, ਇਸ ਬੋਰਡ ਵਿੱਚ 8 ਸਰਕਾਰੀ ਅਤੇ 10 ਗੈਰ ਸਰਕਾਰੀ ਮੈਂਬਰ ਹਨ। ਇਨਾਂ ਗੈਰ ਸਰਕਾਰੀ ਮੈਂਬਰਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਇਨਾਂ ਦੀ ਨਵੀਂ ਨਾਮਜ਼ਦਗੀ ਦਾ ਕੇਸ ਵਿਚਾਰ ਅਧੀਨ ਹੈ। ਉਨਾਂ ਦੱਸਿਆ ਕਿ ਪਸੂ ਭਲਾਈ ਬੋਰਡ ਪੰਜਾਬ ਦੇ ਗੈਰ ਸਰਕਾਰੀ ਮੈਂਬਰਾਂ ਦੀ ਨਾਮਜ਼ਦਗੀ ਦੋ ਮਹੀਨੇ ਦੇ ਅੰਦਰ ਅੰਦਰ ਕਰ ਦਿੱਤੀ ਜਾਏਗੀ।

ਡਾ. ਭੀਮ ਰਾਓ ਅੰਬੇਦਕਰ ਭਵਨ ਨੂੰ ਲੈ ਕੇ ਉਲਝੇ ਮੰਤਰੀ ਅਤੇ ਵਿਧਾਇਕ ਟੀਨੂੰ

ਮੁਹਾਲੀ ਵਿਖੇ ਬਣਾਏ ਜਾ ਰਹੇ ਡਾ. ਭੀਮ ਰਾਓ ਅੰਬੇਦਕਰ ਭਵਨ ਦੇ ਨਿਰਮਾਣ ਨੂੰ ਲੈ ਕੇ ਸਦਨ ਦੇ ਅੰਦਰ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਪਵਨ ਟੀਨੂੰ ਆਪਸ ਵਿੱਚ ਉਲਝ ਗਏ। ਡਾ. ਭੀਮ ਰਾਓ ਅੰਬੇਦਕਰ ਭਵਨ ਦੇ ਨਿਰਮਾਣ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਨੇ ਜੁਆਬ ਦਿੱਤਾ ਕਿ ਮੁਹਾਲੀ ਵਿਖੇ ਇਸ ਭਵਨ ਨੂੰ ਬਣਾਉਣ ਲਈ ਢੁਕਵੀਂ ਥਾਂ ਦੀ ਭਾਲ ਕੀਤੀ ਜਾ ਰਹੀਂ ਹੈ ਅਤੇ ਲੋੜੀਂਦੀ ਜਗਾ ਉਪਲਬਧ ਹੋਣ ਅਤੇ ਫੰਡ ਜਾਰੀ ਕਰਵਾਉਣ ਉਪਰੰਤ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ।

ਪਵਨ ਟੀਨੂੰ ਨੇ ਕਿਹਾ ਕਿ ਭਵਨ ਦਾ ਨਿਰਮਾਣ ਤਾਂ ਪਿਛਲੀ ਸਰਕਾਰ ਸਮੇਂ ਹੀ ਸ਼ੁਰੂ ਹੋ ਗਿਆ ਸੀ ਅਤੇ ਇਸ ਭਵਨ ਲਈ ਵਿਕਾਸ ਭਵਨ ਮੁਹਾਲੀ ਦੇ ਪਿੱਛੇ ਸਥਿਤ ਥਾਂ ਨੂੰ ਅਲਾਟ ਤੱਕ ਕਰ ਦਿੱਤਾ ਗਿਆ ਸੀ ਪਰ ਇਥੇ ਕੁਝ ਹੋਰ ਹੀ ਜੁਆਬ ਦਿੱਤਾ ਜਾ ਰਿਹਾ ਹੈ। ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਪਵਨ ਟੀਨੂੰ ਆਪਸ ਵਿੱਚ ਹੀ ਉਲਝ ਗਏ।

ਝੂਠ ਬੋਲ ਰਹੇ ਹਨ ਮੰਤਰੀ ਵਿਜੈ ਇੰਦਰ ਸਿੰਗਲਾ, ਬਠਿੰਡਾ ਦਿਹਾਤੀ ਹਲਕੇ ਦੇ ਸਕੂਲਾਂ ‘ਚ 15 ਕਮਰੇ ਅਸੁਰੱਖਿਅਤ

ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਸਦਨ ਦੇ ਅੰਦਰ ਹੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ‘ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨਾਂ ਕੋਲ ਪਿਛਲੇ ਸਿੱਖਿਆ ਮੰਤਰੀ ਦਾ ਦਿੱਤਾ ਹੋਇਆ ਜੁਆਬ ਹੈ, ਜਿਸ ਵਿੱਚ ਸਕੂਲਾਂ ਦੇ ਅੰਦਰ ਕਮਰੇ ਅਸੁਰਖਿਅਤ ਕਰਾਰ ਦਿੱਤੇ ਹੋਏ ਹਨ, ਜਦੋਂ ਕਿ ਮੌਜੂਦਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕਹਿ ਰਹੇ ਹਨ ਕਿ ਬਠਿੰਡਾ ਦਿਹਾਤੀ ਵਿਖੇ ਇੱਕ ਵੀ ਸਕੂਲ ਅਸੁਰਖਿਅਤ ਨਹੀਂ ਹੈ।

ਵਿਜੈ ਇੰਦਰ ਸਿੰਗਲਾ ਨੇ ਜੁਆਬ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦਿਹਾਤੀ ਵਿਖੇ ਕੋਈ ਵੀ ਮੁਕੰਮਲ ਸਕੂਲ ਅਸੁਰੱਖਿਅਤ ਨਹੀਂ ਹੈ, ਸਗੋਂ ਉਥੇ ਦੇ ਵੱਖ-ਵੱਖ ਸਕੂਲਾਂ ਵਿੱਚ 15 ਕਮਰੇ ਅਸੁਰੱਖਿਅਤ ਹਨ। ਜਿਨਾਂ ਅਸੁਰਖਿਅਤ ਕਮਰਿਆਂ ਦੀ ਮੁਰੰਮਤ ਕਰਨ ਜਾਂ ਫਿਰ ਉਨਾਂ ਨੂੰ ਨਵਾਂ ਬਣਾਉਣ ਲਈ ਫੰਡ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਕਾਰਵਾਈ ਜਾਰੀ ਹੈ।

ਪਠਾਨਕੋਟ ਵਿਖੇ ਨਹੀਂ ਚਲ ਰਹੀ ਐ ਖਪਤਕਾਰ ਅਦਾਲਤ

ਪਠਾਨਕੋਟ ਤੋਂ ਵਿਧਾਇਕ ਅਮਿਤ ਵਿਜ ਨੇ ਪ੍ਰਸ਼ਨ ਕਾਲ ਦੌਰਾਨ ਪਠਾਨਕੋਟ ਵਿਖੇ ਖਪਤਕਾਰ ਅਦਾਲਤ ਹੀ ਨਾ ਹੋਣ ਕਰਕੇ ਆਮ ਲੋਕਾਂ ਦੀ ਪਰੇਸ਼ਾਨੀ ਬਾਰੇ ਜਿਕਰ ਕਰਦੇ ਹੋਏ ਇਸ ਨੂੰ ਖੋਲਣ ਬਾਰੇ ਪੁੱਛਿਆ ਤਾਂ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਪਠਾਨਕੋਟ ਵਿਖੇ ਖਪਤਕਾਰ ਅਦਾਲਤ ਖੋਲਣ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਵਿੱਚ ਭਰਤੀ ਪ੍ਰਕ੍ਰਿਆ ਵੀ ਚਲ ਰਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।