ਪੰਜਾਬ ਵਿੱਚ ਮਹਿੰਗੀ ਬਿਜਲੀ ਅਤੇ 4300 ਕਰੋੜ ਰੁਪਏ ਬਿਜਲੀ ਘਪਲੇ ਅਕਾਲੀਆਂ ਨੇ ਲਿਆ ਕਾਂਗਰਸ ਨੂੰ ਨਿਸ਼ਾਨੇ ‘ਤੇ
ਸਦਨ ‘ਚ ਕੰਮ ਰੋਕੋ ਪ੍ਰਸਤਾਵ ਲੈ ਕੇ ਆਉਣਾ ਚਾਹੁੰਦਾ ਸੀ ਅਕਾਲੀ ਦਲ ਪਰ ਸਪੀਕਰ ਨੇ ਨਹੀਂ ਦਿੱਤੀ ਇਜ਼ਾਜਤ, ਵੈਲ ‘ਚ ਪੁੱਜੇ ਅਕਾਲੀ, 30 ਮਿੰਟ ਤੋਂ ਜਿਆਦਾ ਸਮਾਂ ਕਰਦੇ ਰਹੇ ਨਾਅਰੇਬਾਜ਼ੀ
ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾ ਵਿਧਾਨ ਸਭਾ ਕੰਪਲੈਕਸ ਤੋਂ ਬਾਹਰ ਵੀ ਕੀਤਾ ਸੀ ਪ੍ਰਦਰਸ਼ਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਬਜਟ ਸੈਸ਼ਨ (budget session) ਦੇ ਪਹਿਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਘੇਰਦੇ ਹੋਏ ਰੱਜ ਕੇ ਹੰਗਾਮਾ ਕੀਤਾ ਅਤੇ ਬਿਜਲੀ ਦੇ ਮੁੱਦੇ ‘ਤੇ ਸਦਨ ਦੇ ਅੰਦਰ ਅਤੇ ਸਦਨ ਤੋਂ ਬਾਹਰ ਸਰਕਾਰ ‘ਤੇ ਬਿਜਲੀ ਮਾਮਲੇ ਵਿੱਚ ਕਈ ਗੰਭੀਰ ਦੋਸ਼ ਵੀ ਲਾਏ, ਜਿਸ ਨੂੰ ਲੈ ਕੇ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜੁਆਬ ਚਾਹੁੰਦੇ ਸਨ ਪਰ ਸੱਤਾਧਾਰੀ ਧਿਰ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਜੁਆਬ ਨਹੀਂ ਦਿੱਤਾ ਗਿਆ।
ਵੀਰਵਾਰ ਨੂੰ ਵਿਧਾਨ ਸਭਾ ਸੈਸ਼ਨ ਦੀ ਸੁਰੂਆਤ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਇਕੱਠੇ ਹੋ ਕੇ ਬਿਜਲੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਨ ਲਗ ਪਏ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੇ ਗਲ ਵਿੱਚ ਫਿਊਜ ਬਲਬਾਂ ਦੇ ਹਾਰ ਪਾਏ ਹੋਏ ਸਨ ਅਤੇ ਹੱਥ ਵਿੱਚ ਬਿਜਲੀ ਦੇ ਬਿਲ ਅਤੇ ਤਖਤੀਆਂ ਫੜੀਆਂ ਹੋਈਆ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 20 ਮਿੰਟ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੌਰਾਨ ਲਗਭਗ 1 ਵਜੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਰੋਕੋ ਮਤਾ ਲਿਆਉਣ ਦੀ ਮੰਗ ਕਰਦਿਆਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਅਕਾਲੀ ਦਲ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਉਨਾਂ ਵਲੋਂ ਕੰਮ ਰੋਕੋ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਬਹਿਸ ਕਰਵਾਉਣੀ ਚਾਹੀਦੀ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਇਹ ਪ੍ਰਸਤਾਵ ਇਸ ਕਰਕੇ ਮਨਜੂਰ ਨਹੀਂ ਕੀਤਾ ਗਿਆ ਹੈ, ਕਿਉਂਕਿ ਇਸੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ਸਣੇ ਬਜਟ ਅਨੁਮਾਨ ‘ਤੇ ਵੀ ਬਹਿਸ ਹੋਣੀ ਹੈ। ਇਸ ਲਈ ਉਹ ਆਪਣੀ ਸਾਰੀ ਗੱਲ ਇਸ ਦੌਰਾਨ ਕਰ ਸਕਦੇ ਹਨ।
ਮਤਾ ਮਨਜ਼ੂਰ ਨਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੈਲ ਵਿੱਚ ਪੁੱਜਦੇ ਹੋਏ ਮੁੜ ਤੋਂ ਆਪਣੀ ਮੰਗ ਦੁਹਰਾਉਣੀ ਸ਼ੁਰੂ ਕਰ ਦਿੱਤੀ। ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਕਾਫ਼ੀ ਜਿਆਦਾ ਸਮਝਾਇਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਲਗਾਤਾਰ ਹੰਗਾਮਾ ਕਰਦੇ ਹੋਏ ਵੈਲ ਵਿੱਚ ਹੀ ਕਾਰਵਾਈ ਜਾਰੀ ਰੱਖੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਗਭਗ 30 ਮਿੰਟ ਤੱਕ ਰੋਸ਼ ਜਾਹਿਰ ਕਰਦੇ ਰਹੇ ਅਤੇ ਇਸੇ ਦੌਰਾਨ ਇੱਕ ਘੰਟੇ ਲਈ ਸਦਨ ਦੀ ਕਾਰਵਾਈ ਨੂੰ ਮੁਲਤਵੀਂ ਕਰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।