ਮ੍ਰਿਤਕਾਂ ਵਿੱਚ ਪਾਵਰਕੌਮ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਅਮਰੀਕ ਸਿੰਘ ਸ਼ਾਮਲ
ਢਾਬੇ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ, ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਦੇ ਸ਼ਹਿਰ ਅੰਦਰ ਕਰਾਈਮ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਰ ਰਾਤ 24 ਨੰ: ਫਾਟਕ ਨੇੜੇ ਇੱਕ ਢਾਬੇ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਧੜਾ ਧੜਾ ਗੋਲੀਆਂ ਚਲਾਉਂਦਿਆਂ ਪਾਵਰਕੌਮ ਦੇ ਦੋ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਨੈਸ਼ਨਲ ਪੱਧਰ ਦਾ ਹਾਕੀ ਖਿਡਾਰੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 11 ਵਜੇ ਦੇ ਕਰੀਬ ਪ੍ਰਤਾਪ ਨਗਰ ਇਲਾਕੇ ‘ਚ ਬਣੇ ਢਾਬੇ ‘ਤੇ ਇਹ ਘਟਨਾ ਵਾਪਰੀ ਹੈ। ਪਾਵਰਕੌਮ ਦਾ ਮੁਲਾਜ਼ਮ ਅਤੇ ਹਾਕੀ ਖਿਡਾਰੀ ਅਮਰੀਕ ਸਿੰਘ ਪੁੱਤਰ ਗੁਰਜੰਟ ਵਾਸੀ ਮਜੀਠੀਆ ਇਨਕਲੇਵ ਅਤੇ ਸਿਮਰਜੀਤ ਸਿੰਘ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਜੋ ਕਿ ਦੇਰ ਰਾਤ ਇਸ ਢਾਬੇ ‘ਤੇ ਖਾਣ ਪੀਣ ਲਈ ਰੁਕੇ ਸਨ।
ਇਸੇ ਦੌਰਾਨ ਹੀ ਢਾਬੇ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਇਨ੍ਹਾਂ ਦੀ ਬਹਿਸ ਹੋ ਗਈ। ਇਸੇ ਦੌਰਾਨ ਹੀ ਬਹਿਸਣ ਵਾਲਾ ਇੱਕ ਵਿਅਕਤੀ ਘਰ ਜਾ ਕੇ ਆਪਣੇ ਪਿਤਾ ਨੂੰ ਲਿਆਇਆ ਅਤੇ ਆਉਂਦੇ ਸਾਰ ਹੀ ਇਨ੍ਹਾਂ ਵੱਲੋਂ ਅਮਰੀਕ ਸਿੰਘ ਅਤੇ ਸਿਮਰਜੀਤ ਸਿੰਘ ਉੱਪਰ ਧੜਾ ਧੜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਦੋਵਾਂ ਦੀ ਗੋਲੀਆਂ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ ਅਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਇਹ ਦੋਵੇਂ ਜਣੇ ਹੀ ਪਾਵਰਕੌਮ ਵਿੱਚ ਮੁਲਾਜ਼ਮ ਸਨ। ਅਮਰੀਕ ਸਿੰਘ ਪਾਵਰਕੌਮ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ, ਜੋ ਕਿ 2005 ਵਿੱਚ ਭਰਤੀ ਹੋਇਆ ਸੀ।
ਪਾਵਰਕੌਮ ਦੇ ਹਾਕੀ ਕੋਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਐਲਡੀਸੀ ਦੇ ਅਹੁਦੇ ‘ਤੇ ਸੀ ਅਤੇ ਇਸ ਵੱਲੋਂ ਕੁਝ ਦਿਨ ਪਹਿਲਾਂ ਹੀ ਮਾਸਟਰ ਗੇਮਜ਼ ਜੋ ਬੜੋਦਾ ਵਿਖੇ ਹੋਈਆਂ ਸਨ, ਵਿੱਚੋਂ ਗੋਲਡ ਮੈਡਲ ਵੀ ਹਾਸਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵੱਲੋਂ ਕਈ ਹੋਰ ਟੂਰਨਾਮੈਂਟ ਵਿੱਚ ਮੈਡਲ ਹਾਸਲ ਕੀਤੇ ਹਨ। ਮ੍ਰਿਤਕ ਸਿਮਰਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਵਲ ਲਾਈਨ ਵਿਖੇ ਅਣਪਛਾਤਿਆਂ ਖਿਲਾਫ਼ ਧਾਰਾ 302, 24, 54, 59 ਤਹਿਤ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਵਾਲੀਬਾਲ ਖੇਡਣ ਲਈ ਕੱਲ੍ਹ ਸ਼ਾਮ ਨੂੰ ਘਰੋਂ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਘਟਨਾ ਵਾਪਰ ਗਈ। ਡੀਐਸਪੀ ਕ੍ਰਿਸ਼ਨ ਕੁਮਾਰ ਪੈਥੇ ਦਾ ਕਹਿਣਾ ਹੈ ਕਿ ਪੁਲਿਸ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।