ਇਕ ਪਰਿਵਾਰ ਦੇ ਪੰਜ ਜੀਆਂ ਦੇ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਵਲੋਂ ਸਾਬਕਾ ਡੀਆਈਜੀ,ਇਕ ਡੀਐੱਸਪੀ ਸਮੇਤ ਛੇ ਵਿਅਕਤੀਆਂ ਨੂੰ ਸਜ਼ਾ
ਅੰਮ੍ਰਿਤਸਰ, (ਰਾਜਨ ਮਾਨ ) ਅੰਮ੍ਰਿਤਸਰ ਦੇ ਇਕ ਪਰਿਵਾਰ ਦੇ ਪੰਜ ਜੀਆਂ ਵਲੋਂ 16 ਵਰੇ ਪਹਿਲਾਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਇੱਥੋਂ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਫੈਸਲਾ ਸੁਣਾਉਦਿਆਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀ ਮਹਿੰਦਰ ਤੇ ਪਲਵਿੰਦਰਪਾਲ ਸਿੰਘ, ਦੋ ਔਰਤਾਂ ਸਬਰੀਨ ਤੇ ਪਰਮਿੰਦਰ ਕੌਰ ਵੀ ਸ਼ਾਮਲ ਹਨ, ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਥੇ ਵਰਣਨਯੋਗ ਹੈ ਕਿ ਕਰੀਬ 15 ਵਰ੍ਹੇ ਪਹਿਲਾਂ ਸਥਾਨਕ ਚਾਟੀਵਿੰਡ ਇਲਾਕੇ ਦੇ ਚੌਕ ਮੋਨੀ ਦੇ ਇਕ ਘਰ ਵਿਚ ਪਰਿਵਾਰ ਦੇ ਪੰਜ ਜੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ 17ਫਰਵਰੀ ਨੂੰ ਸਥਾਨਕ ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ, ਮੌਜੂਦਾ ਡੀਐੱਸਪੀ ਹਰਦੇਵ ਸਿੰਘ ਬੋਪਾਰਾਏ ਅਤੇ ਮ੍ਰਿਤਕ ਪਰਿਵਾਰ ਦੇ ਚਾਰ ਰਿਸ਼ਤੇਦਾਰਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਸੀ।
ਡੀਆਈਜੀ ਕੁਲਤਾਰ ਸਿੰਘ ਉਸ ਵੇਲੇ ਸ਼ਹਿਰ ਵਿਚ ਬਤੌਰ ਐੱਸਐੱਸਪੀ ਅਤੇ ਹਰਦੇਵ ਸਿੰਘ ਬਤੌਰ ਥਾਣਾ ਸੀ ਡਵੀਜ਼ਨ ਦੇ ਐੱਸਐੱਚਓ ਵਜੋਂ ਤਾਇਨਾਤ ਸਨ। ਦੋਸ਼ੀ ਕਰਾਰ ਦਿੱਤੇ ਗਏ ਰਿਸ਼ਤੇਦਾਰਾਂ ’ਚ ਮਹਿੰਦਰ ਸਿੰਘ, ਪਲਵਿੰਦਰਪਾਲ ਸਿੰਘ, ਪਰਮਿੰਦਰ ਕੌਰ ਅਤੇ ਸਬਰੀਨ ਸ਼ਾਮਲ ਹਨ।
ਅਦਾਲਤ ਵੱਲੋਂ ਮਈ 2016 ਵਿਚ ਇਨ੍ਹਾਂ ਖਿਲਾਫ਼ ਦੋਸ਼ ਤੈਅ ਕੀਤੇ ਗਏ ਸਨ, ਜਿਸ ’ਤੇ ਹੁਣ ਤੱਕ ਸੁਣਵਾਈ ਚੱਲ ਰਹੀ ਸੀ।
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਕਰਾਰ ਦੇਂਦਿਆਂ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।
ਸਰਕਾਰੀ ਵਕੀਲ ਰਿਤੂ ਕੁਮਾਰ ਨੇ ਦੱਸਿਆ ਕਿ ਚਾਰ ਰਿਸ਼ਤੇਦਾਰਾਂ ਨੂੰ ਅਦਾਲਤ ਵੱਲੋਂ ਖੁਦਕੁਸ਼ੀ ਲਈ ਮਜਬੂਰ ਕਰਨ, ਸ਼ੋਸ਼ਣ ਕਰਨ ਆਦਿ ਨਾਲ ਸਬੰਧਤ ਧਾਰਾ 306, 388 ਅਤੇ 506 ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੇਵਾਮੁਕਤ ਡੀਆਈਜੀ ਕੁਲਤਾਰ ਸਿੰਘ ਨੂੰ ਧਾਰਾ 306, 388, 506, 465 ਅਤੇ 120 ਬੀ ਹੇਠ ਜਦੋਂਕਿ ਡੀਐੱਸਪੀ ਹਰਦੇਵ ਸਿੰਘ ਨੂੰ ਧਾਰਾ 465, 471, 120, 119, 201, 217 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ ।
ਉਸ ਖਿਲਾਫ਼ ਦੋਸ਼ ਸੀ ਕਿ ਉਸ ਨੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ। ਜ਼ਿਕਰਯੋਗ ਹੈ ਕਿ 30-31 ਅਕਤੂਬਰ 2004 ਦੀ ਰਾਤ ਨੂੰ ਪਰਿਵਾਰ ਦੇ ਪੰਜ ਜੀਆਂ ਨੇ ਖੁਦਕੁਸ਼ੀ ਕਰ ਲਈ ਸੀ। ਇਨ੍ਹਾਂ ’ਚ ਹਰਦੀਪ ਸਿੰਘ, ਉਸ ਦੀ ਪਤਨੀ ਰੋਮੀ, ਦੋ ਬੱਚੇ ਇਸ਼ਮੀਤ ਤੇ ਸਨਮੀਤ ਤੋਂ ਇਲਾਵਾ ਹਰਦੀਪ ਸਿੰਘ ਦੀ ਮਾਂ ਜਸਵੰਤ ਕੌਰ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ।
ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਘਰ ਦੀਆਂ ਕੰਧਾਂ ’ਤੇ ਖੁਦਕੁਸ਼ੀ ਦੇ ਕਾਰਨਾਂ ਬਾਰੇ ਲਿਖਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਕਦਮ ਉਠਾਉਣਾ ਪਿਆ ਸੀ। ਖੁਦਕੁਸ਼ੀ ਨੋਟ ਵਿਚ ਉਨ੍ਹਾਂ ਆਪਣੇ ਕੁਝ ਰਿਸ਼ਤੇਦਾਰਾਂ ਅਤੇ ਉਸ ਵੇਲੇ ਦੇ ਐੱਸਐੱਸਪੀ ਕੁਲਤਾਰ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ’ਤੇ ਜਬਰੀ ਪੈਸੇ ਵਸੂਲਣ, ਤੰਗ ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸ ਵਿਚ ਫਸਾਉਣ ਆਦਿ ਵਰਗੇ ਗੰਭੀਰ ਦੋਸ਼ ਲਾਏ ਗਏ ਸਨ।
ਘਟਨਾ ਦਾ ਖੁਲਾਸਾ 31 ਅਕਤੂਬਰ ਨੂੰ ਸਵੇਰੇ ਉਸ ਵੇਲੇ ਹੋਇਆ ਸੀ ਜਦੋਂ ਘਰ ਵਿਚ ਕੰਮ ਕਰਨ ਵਾਲੀ ਔਰਤ ਪੁੱਜੀ ਅਤੇ ਉਸ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਮੌਕੇ ’ਤੇ ਜਾ ਕੇ ਕਈ ਸਬੂਤ ਪ੍ਰਾਪਤ ਕੀਤੇ ਸਨ, ਜਿਨ੍ਹਾਂ ਵਿਚ ਕੰਧਾਂ ’ਤੇ ਲਿਖੇ ਖੁਦਕੁਸ਼ੀ ਦੇ ਕਾਰਨਾਂ ਸਬੰਧੀ ਖੁਦਕੁਸ਼ੀ ਨੋਟ ਵੀ ਸ਼ਾਮਲ ਸੀ। ਹਰਦੀਪ ਸਿੰਘ ਨੇ ਜਬਰੀ ਪੈਸੇ ਵਸੂਲਣ ਲਈ ਕਈ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।