ਕਿਹਾ, ਭਾਜਪਾ ਸਰਕਾਰ ਖ਼ਿਲਾਫ਼ ਧਰਨਾ ਦੇਣ ਨੂੰ ਅਕਾਲੀ ਤਿਆਰ
ਚੰਡੀਗੜ ਵਿਖੇ ਕਿਸਾਨੀ ਚਿੰਤਾ ਨੂੰ ਲੈ ਸੱਦੀ ਗਈ ਮੀਟਿੰਗ ਵਿੱਚ ਸਾਰੀ ਪਾਰਟੀਆਂ ਨੇ ਜ਼ਾਹਰ ਕੀਤੀ ਚਿੰਤਾ
ਚੰਡੀਗੜ, (ਅਸ਼ਵਨੀ ਚਾਵਲਾ)। ਜੇਕਰ ਕੇਂਦਰ ਸਰਕਾਰ ਨੇ ਘੱਟੋ ਘੱਟ ਮੁੱਲ (ਐਮ.ਐਸ.ਪੀ.) ਫਸਲਾਂ ਤੋਂ ਹਟਾ ਦਿੱਤੀ ਤਾਂ ਪੰਜਾਬ ਵਿੱਚ ਕਿਸਾਨਾਂ ਦਾ ਖ਼ਾਤਮਾ ਹੋ ਜਾਵੇਗਾ, ਕਿਉਂਕਿ ਇਸ ਨਾਲ ਫਾਇਦਾ ਕਾਰਪੋਰੇਟ ਸੈਕਟਰ ਨੂੰ ਹੋਵੇਗਾ, ਜਦੋਂ ਕਿ ਸਭ ਤੋਂ ਜਿਆਦਾ ਨੁਕਸਾਨ ਕਿਸਾਨਾਂ ਦਾ ਹੋਵੇਗਾ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ 2 ਮਾਰਚ ਨੂੰ ਮੁੜ ਤੋਂ ਸ਼ੁਰੂ ਹੋਣ ਜਾ ਰਹੇ ਬਜਟ ਸੈਸ਼ਨ ਦੌਰਾਨ ਧਰਨਾ ਦੇਣ ਨੂੰ ਵੀ ਤਿਆਰ ਹਨ ਬਸਰਤੇ ਇਸ ਧਰਨੇ ਲਈ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਹੋਈਆਂ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ।
ਇਹ ਵੱਡਾ ਐਲਾਨ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਚੰਡੀਗੜ ਵਿਖੇ ਕਿਸਾਨੀ ਸੰਕਟ ‘ਤੇ ਹੋ ਰਹੀ ਕਿਸਾਨ ਸੰਸਦ ਦੌਰਾਨ ਕੀਤਾ। ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨਾਂ ਤੋਂ ਇਲਾਵਾ ਸੰਸਦ ਮੈਂਬਰ, ਵਿਧਾਇਕ ਅਤੇ ਪਾਰਟੀਆਂ ਦੇ ਸੂਬਾ ਪ੍ਰਧਾਨ ਵੀ ਸ਼ਾਮਲ ਹੋਏ ਸਨ।
ਬਲਵਿੰਦਰ ਭੂੰਦੜ ਨੇ ਕੇਂਦਰ ਵਿੱਚ ਆਈ ਭਾਈਵਾਲ ਪਾਰਟੀ ਭਾਜਪਾ ‘ਤੇ ਹੋਰ ਹਮਲਾ ਕਰਦੇ ਹੋਏ ਕਿਹਾ ਕਿ ਕਿਸਾਨੀ ਨੂੰ ਖ਼ਤਮ ਕਰਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਜੰਮ ਕੇ ਲੁੱਟਿਆ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਅੰਬਾਨੀ ਅਤੇ ਅੰਡਾਨੀ ਵਰਗੇ ਲੋਕ ਸਰਕਾਰਾਂ ਨੂੰ ਖਰੀਦ ਕੇ ਬੈਠੇ ਹਨ, ਜਿਸ ਕਾਰਨ ਹੀ ਉਨ੍ਹਾਂ ਦਾ ਫਾਇਦਾ ਹੁੰਦਾ ਜਾ ਰਿਹਾ ਹੈ।
ਇਥੇ ਹੀ ਆਮ ਆਦਮੀ ਪਾਰਟੀ ਤੋਂ ਆਏ ਵਿਧਾਇਕ ਕੁਲਤਾਰ ਸੰਧਵਾਂ ਨੇ ਵੀ ਕਿਹਾ ਕਿ ਸਰਕਾਰਾਂ ਦੀ ਹਾਲਤ ਕਾਫ਼ੀ ਜਿਆਦਾ ਮਾੜੀ ਹੋਈ ਪਈ ਹੈ। ਸਰਕਾਰਾਂ ਚਲਦੀਆਂ ਤਾਂ ਆਮ ਆਦਮੀ ਦੇ ਟੈਕਸ ਨਾਲ ਹਨ ਪਰ ਉਹ ਹਾਜ਼ਰੀ ਵੱਡੇ ਸ਼ਾਹੂਕਾਰਾਂ ਅਤੇ ਕਾਰੋਬਾਰੀਆ ਕੋਲ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅੱਜ ਚਿੰਤਾ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਜਿਆਦਾ ਮਾੜੇ ਹਾਲਾਤ ਪੈਦਾ ਹੋ ਜਾਣਗੇ।
ਇਥੇ ਹੀ ਉਨ੍ਹਾਂ ਕਿਹਾ ਕਿ ਇਹ ਵੀ ਚੈਕਿੰਗ ਕਰਨੀ ਚਾਹੀਦੀ ਹੈ ਕਿ ਕਿਹੜੇ ਉਦਯੋਗਪਤੀ ਤੋਂ ਕਿਹੜੀ ਸਿਆਸੀ ਪਾਰਟੀ ਨੂੰ ਕਿੰਨਾ ਫੰਡ ਚੋਣਾਂ ਦੌਰਾਨ ਆਇਆ ਹੈ।
ਇੱਥੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਹੋਏ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਖੇਤੀਬਾੜੀ ਸੰਕਟ ਦੇ ਮੁੱਦੇ ‘ਤੇ ਹੀ ਕਰਵਾਉਣ ਦੀ ਕੋਸ਼ਸ਼ ਕਰਨਗੇ।
ਇੱਥੇ ਹੀ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਐਮ.ਐਸ.ਪੀ. ਤੋਂ ਪਿੱਛੇ ਹਟ ਕੇ ਕੇਂਦਰ ਸਰਕਾਰ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ, ਕਿਉਂਕਿ ਘੱਟ ਤੋਂ ਘੱਟ ਰੇਟ ਤੈਅ ਨਾ ਹੋਣ ਦੇ ਚਲਦੇ ਕਿਸਾਨਾਂ ਨੂੰ ਘੱਟ ਰੇਟ ‘ਤੇ ਆਪਣਾ ਅਨਾਜ ਵੇਚਣਾ ਪਏਗਾ, ਇਸ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਖੇਤੀਬਾੜੀ ਵੀ ਛੱਡ ਸਕਦੇ ਹਨ, ਜਿਸ ਦਾ ਅਸਰ ਦੇਸ਼ ਦੇ ਅਨਾਜ ਭੰਡਾਰ ‘ਤੇ ਪਏਗਾ, ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਦੇਸ਼ ਦੇ ਅੰਨ ਭੰਡਾਰ ਨੂੰ ਭਰ ਕੇ ਰਖਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।