ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਸੌਂਪੇ ਗਏ ਸਨ ਠੇਕੇ ਬੰਦ ਕਰਵਾਉਦ ਲਈ ਮਤੇ
14 ਪਿੰਡਾਂ ‘ਚੋਂ ਠੇਕੇ ਕੀਤੇ ਸਿਫ਼ਟ, ਆਬਕਾਰੀ ਵਿਭਾਗ ਨੇ 31 ਪਿੰਡਾਂ ਦੇ ਮਤੇ ਕੀਤੇ ਰੱਦ
ਇਸ ਵਾਰ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ‘ਚੋਂ ਨਹੀਂ ਕੀਤਾ ਗਿਆ ਕੋਈ ਠੇਕਾ ਬੰਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਸ਼ੇ ਖਿਲਾਫ਼ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ (amrinder government) ‘ਚ ਪਿੰਡਾਂ ਅੰਦਰ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਖਿਲਾਫ਼ ਮਤੇ ਪਾÀਣ ਵਾਲੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਝਟਕਾ ਦਿੱਤਾ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਕੋਲ ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਮਤੇ ਪਾ ਕੇ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ। ਇਨ੍ਹਾਂ ਮਤਿਆਂ ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆ ਸਿਰਫ਼ 7 ਪਿੰਡਾਂ ਚੋਂ ਹੀ ਸ਼ਰਾਬ ਦੇ ਠੇਕੇ ਬੰਦ ਕੀਤੇ ਕਰਨ ਦਾ ਫੈਸਲਾ ਲਿਆ ਗਿਆ ਹੈ, ਜਦਕਿ 14 ਪਿੰਡਾਂ ਚੋਂ ਸ਼ਰਾਬ ਦੇ ਠੇਕੇ ਸਿਫਟ ਕੀਤੇ ਗਏ ਹਨ। ਇਸ ਵਾਰ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ‘ਚ ਕੋਈ ਵੀ ਠੇਕਾ ਬੰਦ ਨਹੀਂ ਕੀਤਾ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰਾਬ ਦੇ ਠੇਕਿਆਂ ਖਿਲਾਫ਼ ਕੁੱਦਣ ਵਾਲੀਆਂ ਪੰਚਾਇਤਾਂ ਦੀ ਬਾਹ ਨਹੀਂ ਫੜੀ ਜਾ ਰਹੀ ਹੈ। ਅਕਾਲੀ ਸਰਕਾਰ ਮੌਕੇ ਪੰਜਾਬ ਦੀਆਂ ਵੱਡੀ ਗਿਣਤੀ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕਿਆਂ ਖਿਲਾਫ਼ ਸਰਬਸੰਮਤੀ ਨਾਲ ਮਤੇ ਪਾਕੇ ਬੰਦ ਕਰਵਾਉਣ ਦਾ ਤਹੱਈਆਂ ਕੀਤਾ ਜਾਦਾ ਰਿਹਾ ਹੈ, ਪਰ ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਪੰਚਾਇਤਾਂ ਦੇ ਉਤਸਾਹ ਵਿੱਚ ਕਮੀ ਆਈ ਹੈ।
ਇਸ ਵਾਰ ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਪਤੇ ਪਾ ਕੇ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਗੁਹਾਰ ਲਗਾਈ ਗਈ ਸੀ। ਵਿਭਾਗ ਵੱਲੋਂ ਇਨ੍ਹਾਂ ਮਤਿਆਂ ਦੇ ਕਾਰਵਾਈ ਕਰਦਿਆਂ ਸਿਰਫ਼ 7 ਪਿੰਡਾਂ ਚੋਂ ਹੀ ਸ਼ਰਾਬ ਦੇ ਠੇਕਿਆਂ ਦਾ ਕੋਹੜ ਵੱਢਿਆ ਗਿਆ ਹੈ ਜਦਕਿ 14 ਠੇਕਿਆਂ ਨੂੰ ਸਿਫ਼ਟ ਕੀਤਾ ਗਿਆ ਹੈ। ਆਬਕਾਰੀ ਵਿਭਾਗ ਵੱਲੋਂ 31 ਪਿੰਡਾਂ ਦੀਆਂ ਪੰਚਾਇਤਾਂ ਦੇ ਮਤਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਕਈ ਸਾਲਾਂ ਤੋਂ ਸ਼ਰਾਬ ਦੇ ਠੇਕਿਆਂ ਖਿਲਾਫ਼ ਮਤੇ ਪਾਕੇ ਮੁਹਿੰਮ ਵਿੱਢਣ ਵਾਲਾ ਸੰਗਰੂਰ ਜ਼ਿਲ੍ਹੇ ‘ਚੋਂ ਕੋਈ ਵੀ ਠੇਕਾ ਬੰਦ ਨਹੀਂ ਕੀਤਾ ਗਿਆ। ਇਸ ਜ਼ਿਲ੍ਹੇ ‘ਚੋਂ 16 ਪੰਚਾਇਤਾਂ ਨੇ ਮਤੇ ਪਾ ਕੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਅੱਗੇ ਆਈਆਂ ਸਨ, ਪਰ ਇੱਥੋਂ ਕੋਈ ਵੀ ਠੇਕਾ ਬੰਦ ਕਰਨ ਦੀ ਥਾਂ ਸਿਰਫ਼ 3 ਠੇਕਿਆਂ ਨੂੰ ਪਿੰਡਾਂ ਚੋਂ ਸਿਫ਼ਟ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਪਟਿਆਲਾ ਜ਼ਿਲ੍ਹੇ ਅੰਦਰੋਂ 8 ਪੰਚਾਇਤਾਂ ਨੇ ਮਤੇ ਸੌਂਪੇ ਸਨ ਅਤੇ ਇੱਥੋਂ ਵੀ ਸਿਰਫ਼ 3 ਠੇਕੇ ਸਿਫ਼ਟ ਕੀਤੇ ਗਏ ਹਨ। ਪੰਜਾਬ ਅੰਦਰੋਂ ਜਿਹੜੇ 7 ਠੇਕੇ ਬੰਦ ਕੀਤੇ ਗਏ ਹਨ, ਉਨ੍ਹਾਂ ‘ਚ ਮਾਨਸਾ ਜ਼ਿਲ੍ਹੇ ਚੋਂ 2 ਠੇਕੇ ਸ਼ਾਮਲ ਹਨ। ਜਦਕਿ ਜਲੰਧਰ ਚੋਂ 1 ਠੇਕਾ, ਫਹਿਤਗੜ੍ਹ ਸਾਹਿਬ ਜ਼ਿਲ੍ਹੇ ਅੰਦਰੋਂ 1 ਠੇਕਾ, ਗੁਰਦਾਸਪੁਰ ਜ਼ਿਲ੍ਹੇ ਚੋਂ 1 ਠੇਕਾ, ਰੋਪੜ ਅਤੇ ਪਠਾਨਕੋਟ ਜ਼ਿਲ੍ਹੇ ਅੰਦਰੋਂ ਵੀ 1-1 ਠੇਕਾ ਬੰਦ ਕੀਤਾ ਗਿਆ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਮਤੇ ਅਜਿਹੇ ਸਨ ਕਿ ਇਨ੍ਹਾਂ ਪਿੰਡਾਂ ‘ਚ ਪਹਿਲਾ ਹੀ ਠੇਕੇ ਨਹੀਂ ਸਨ, ਪਰ ਫੇਰ ਵੀ ਮਤਾ ਪਾ ਦਿੱਤਾ ਗਿਆ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰੋਂ ਨਸ਼ੇ ਤੇ ਨੱਥ ਪਾਉਣ ਲਈ ਸਹੁੰ ਵੀ ਚੁੱਕੀ ਗਈ ਸੀ। ਪਰ ਇਨ੍ਹਾਂ ਤਿੰਨ ਸਾਲਾਂ ਦੌਰਾਨ ਆਬਕਾਰੀ ਵਿਭਾਗ ਵੱਲੋਂ ਬਹੁਤੇ ਠੇਕੇ ਬੰਦ ਨਹੀਂ ਕੀਤੇ ਗਏ। ਦੱਸਣਯੋਗ ਹੈ ਕਿ ਸਾਲ 2018-19 ਅੰਦਰ 86 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਸਨ ਅਤੇ 25 ਪਿੰਡਾਂ ਚੋਂ ਸ਼ਰਾਬ ਦੇ ਠੇਕੇ ਬੰਦ ਕੀਤੇ ਗਏ ਸਨ। ਜੇਕਰ ਸਾਲ 2016-17 ਦੀ ਗੱਲ ਕੀਤੀ ਜਾਵੇ ਤਾ ਇਸ ਦੌਰਾਨ ਸਭ ਤੋਂ ਸਭ 232 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਸਨ ਅਤੇ ਇਸ ਦੌਰਾਨ ਆਬਕਾਰੀ ਵਿਭਾਗ ਵੱਲੋਂ 163 ਪਿੰਡਾਂ ਚੋਂ ਠੇਕੇ ਬੰਦ ਕੀਤੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।