ਮਾਨਹਾਣੀ ਮਾਮਲਾ : ਅਦਾਲਤ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਗੈਰ ਜਮਾਨਤੀ ਵਾਰੰਟ ਜਾਰੀ

Simirjit Singh Bains

ਵਾਰ ਵਾਰ ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜ਼ੂਦ ਨਹੀਂ ਪੇਸ਼ ਹੋਏ ਸਿਮਰਜੀਤ ਬੈਂਸ

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ‘ਤੇ ਲਾਏ ਗਏ ਸਨ ਖੁੱਲ੍ਹੇਆਮ ਦੋਸ਼

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਲੁਧਿਆਣਾ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ (Simirjit Singh Bains) ਖਿਲਾਫ਼ ਕੀਤੇ ਮਾਨਹਾਨੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਬੈਂਸ ਦੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਵੱਲੋਂ ਸਿਮਰਜੀਤ ਬੈਂਸ ਨੂੰ ਕਈ ਵਾਰ ਜ਼ਮਾਨਤੀ ਵਾਰੰਟ ਕੱਢੇ ਗਏ ਸਨ, ਪਰ ਉਨ੍ਹਾਂ ਵੱਲੋਂ ਅਦਾਲਤ ‘ਚ ਪੇਸ਼ ਹੋਣਾ ਮੁਨਾਸਿਬ ਨਹੀਂ ਸਮਝਿਆ ਗਿਆ।

ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪਿਛਲੇ ਸਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲਿਧਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮਾਨਹਾਣੀ ਦਾ ਮਾਮਲਾ ਦਰਜ਼ ਕਰਵਾਇਆ ਗਿਆ ਸੀ। ਬੈਂਸ ਵੱਲੋਂ ਜਨਤਕ ਤੌਰ ਤੇ ਬ੍ਰਹਮ ਮਹਿੰਦਰਾ ਖਿਲਾਫ਼ ਦੋਸ਼ ਲਗਾਏ ਗਏ ਸਨ ਕਿ ਇਨ੍ਹਾਂ ਦੇ ਨੇੜਲੇ ਦੀ ਦਵਾਈਆਂ ਦੀ ਫੈਕਟਰੀ ਹੈ ਅਤੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਨ੍ਹਾਂ ਦੀ ਕੰਪਨੀ ਵੱਲੋਂ ਹੀ ਦਵਾਈਆਂ ਭੇਜੀਆਂ ਜਾ ਰਹੀਆਂ ਹਨ।

ਬ੍ਰਹਮ ਮਹਿੰਦਰਾ ਉਸ ਸਮੇਂ ਸਿਹਤ ਮੰਤਰੀ ਸਨ ਅਤੇ ਬੈਂਸ ਵੱਲੋਂ ਕਿਹਾ ਗਿਆ ਸੀ ਕਿ ਸਿਹਤ ਮੰਤਰੀ ਦਵਾਈਆਂ ਦੇ ਇਸ ਮਾਮਲੇ ਵਿੱਚ ਮੋਟਾ ਕਮਿਸ਼ਨ ਕਮਾ ਰਹੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਇੱਥੇ ਅਦਾਲਤ ਵਿੱਚ ਮਾਨਹਾਣੀ ਦਾ ਕੇਸ ਦਾਇਰ ਕੀਤਾ ਗਿਆ ਸੀ। ਬ੍ਰਹਮ ਮਹਿੰਦਰਾ ਦਾ ਕਹਿਣਾ ਸੀ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਬਿਨਾਂ ਕਿਸੇ ਸਬੂਤਾਂ ਤੋਂ ਉਨ੍ਹਾਂ ਖਿਲਾਫ਼ ਨਿਰਾਅਧਾਰ ਦੋਸ਼ ਲਾਏ ਗਏ ਹਨ।

ਇਸ ਨਾਲ ਜਿੱਥੇ ਉਨ੍ਹਾਂ ਦੇ ਰਾਜਨੀਤਿਕ ਜੀਵਨ ਤੇ ਪ੍ਰਭਾਵ ਪਿਆ ਹੈ, ਉੱਥੇ ਹੀ ਉਨ੍ਹਾਂ ਦੀ ਸਮਾਜ ਵਿੱਚ ਵੀ ਹਾਨੀ ਹੋਈ ਹੈ। ਇਸ ਮਾਮਲੇ ਵਿੱਚ ਬ੍ਰਹਮ ਮਹਿੰਦਰਾ ਵੱਲੋਂ ਅਦਾਲਤ ‘ਚ ਕਈ ਵਾਰ ਪੁੱਜ ਕੇ ਆਪਣੇ ਬਿਆਨ ਦਰਜ਼ ਕਰਵਾਏ ਗਏ। ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਮਾਨਯੋਗ ਨਿਧੀ ਸੈਣੀ ਦੀ ਅਦਾਲਤ ਵੱਲੋ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਪਹਿਲਾ ਬੈਂਸ ਨੂੰ 6-7 ਵਾਰ ਜਮਾਨਤੀ ਵਾਰੰਟ ਜਾਰੀ ਕਰਦੇ ਹੋਏ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ। ਜਿਸ ਤੇ ਤਹਿਤ ਅੱਜ ਅਦਾਲਤ ਵੱਲੋਂ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਸਿਮਰਜੀਤ ਬੈਂਸ ਖੁਦ ਅਦਾਲਤ ਪੁੱਜਦੇ ਹਨ ਜਾਂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।