ਅਜੋਕੇ ਸੰਚਾਰ ਤਕਨਾਲੋਜੀ ਯੁੱਗ ‘ਚ ਸੰਚਾਰ ਸਾਧਨਾਂ ਦਾ ਇਸਤੇਮਾਲ ਜ਼ਰੂਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬੀ ਵਿਭਾਗ ਅਤੇ ਪੰਜਾਬੀਪੀਡੀਆ ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਪੰਜਾਬੀ ਭਾਸ਼ਾਂ ਵਿੱਚ ਅਧਿਐਨ ਲਈ ਕੰਪਿਊਟਰ ਦੀ ਵਰਤੋਂ ਵਿਸ਼ੇ ਉੱਪਰ ਸੱਤ ਰੋਜ਼ਾ ਵਰਕਸ਼ਾਪ ਸ਼ੁਰੂ ਹੋ ਚੁੱਕੀ ਹੈ। ਇਹ ਵਰਕਸ਼ਾਪ ਪੰਜਾਬੀ ਦੀਆਂ ਉਘੀਆਂ ਸਖ਼ਸ਼ੀਅਤਾਂ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਹੈ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਸੰਚਾਰ ਤਕਨਾਲੋਜੀ ਦੇ ਯੁੱਗ ਵਿੱਚ ਅਸੀਂ ਇਨ੍ਹਾਂ ਸੰਚਾਰ ਸਾਧਨਾਂ ਦਾ ਇਸਤੇਮਾਲ ਕਰਕੇ ਸਮਾਂ ਅਤੇ ਸ਼ਕਤੀ ਦੋਵਾਂ ਦੀ ਸਹੀ ਵਰਤੋਂ ਕਰ ਸਕਦੇ ਹਾਂ।
ਉਨ੍ਹਾਂ ਵੱਲੋਂ ਆਪਣੇ ਖੇਤਰ ਵਿੱਚ ਕੰਪਿਊਟਰ ਸੰਬੰਧੀ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਆਪਣੀਆਂ ਜ਼ਿਆਦਾਤਰ ਰਚਨਾਵਾਂ ਸਿੱਧੇ ਹੀ ਕੰਪਿਊਟਰ ਤੇ ਲਿਖਦੇ ਹਨ। ਪ੍ਰੋ. ਸੁਰਜੀਤ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਵਿਭਾਗ ਦੁਆਰਾ ਸਮੇਂ ਦੀ ਨਬਜ ਨੂੰ ਪਹਿਚਾਣਦਿਆਂ ਪੰਜਾਬੀ ਭਾਸ਼ਾ ਅਤੇ ਇਸਦੇ ਦੇ ਵਰਤੋਂ ਕਾਰਾਂ ਨੂੰ ਸਮੇਂ-ਸਮੇਂ ਤਕਨੀਕ ਦੇ ਹਾਣ ਦਾ ਬਣਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਕੜੀ ਤਹਿਤ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ ਸੰਬੰਧੀ ਇਹ ਸਲਾਨਾ ਵਰਕਸ਼ਾਪ ਕਰਵਾਈ ਜਾਂਦੀ ਹੈ।
ਇਹ ਵਰਕਸ਼ਾਪ ਸਾਡੇ ਖੋਜਾਰਥੀਆਂ ਲਈ ਰਿਸਰਚ ਦੌਰਾਨ ਵਰਦਾਨ ਸਾਬਿਤ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਬਜ਼ਾਰ ਵਿੱਚ ਹੋਰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਕਿਰਪਾਲ ਸਿੰਘ ਪੰਨੂੰ ਜੋ ਇਸ ਵਰਕਸ਼ਾਪ ਲਈ ਹਰ ਸਾਲ ਉਚੇਚੇ ਤੌਰ ਤੇ ਕੈਨੇਡਾ ਤੋਂ ਪਹੁੰਚਦੇ ਹਨ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਭਾਗ ਵੱਲੋਂ ਖੋਜਾਰਥੀਆਂ ਨੂੰ ਤਕਨੀਕ ਦੇ ਹਾਣੀ ਬਣਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸਲਾਘਾ ਕੀਤੀ।
ਅਖੀਰ ਵਿੱਚ ਪ੍ਰੋ. ਰਾਜਿੰਦਰ ਸਿੰਘ ਬਰਾੜ ਨੇ ਕਿਰਪਾਲ ਸਿੰਘ ਪੰਨੂੰ ਅਤੇ ਭਾਗ ਲੈ ਰਹੇ ਅਧਿਆਪਕਾਂ ਅਤੇ ਖੋਜਾਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵਰਕਸ਼ਾਪ ਖੋਜਾਰਥੀਆਂ ਲਈ ਲਾਹੇਵੰਦ ਹੋਵਗੀ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਤੋਂ ਬਾਅਦ ਵਰਕਸ਼ਾਪ ਦੇ ਕੋ-ਕੋਆਰਡੀਨੇਟਰ ਇੰਜ. ਚਰਨਜੀਵ ਸਿੰਘ ਨੇ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਸਬੰਧੀ ਆਪਣਾ ਭਾਸ਼ਣ ਦਿੰਦੇ ਹੋਏ ਵਰਕਸ਼ਾਪ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ। ਇਸ ਵਰਕਸ਼ਾਪ ਵਿੱਚ ਪੰਜਾਬੀ ਭਾਸ਼ਾ ਵਿੱਚ ਖੋਜ ਕਰ ਰਹੇ 55 ਖੋਜਾਰਥੀ ਭਾਗ ਲੈ ਰਹੇ ਹਨ। ਇਸ ਮੌਕੇ ਡਾ. ਗੁਰਜੰਟ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਚਰਨਜੀਤ ਕੋਰ ਤੋਂ ਇਲਾਵਾ ਡਾ. ਕੁਲਦੀਪ ਸਿੰਘ, ਡਾ. ਜਸਵੀਰ ਕੌਰ ਆਦਿ ਹਾਜਰ ਸਨ।
ਪੰਜਾਬੀ ਭਾਸ਼ਾ ‘ਚ ਤਕਨੀਕੀ ਵਿਕਾਸ ਪੱਖੋਂ ਅਨੇਕ ਪ੍ਰਾਪਤੀਆਂ
ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਉਨ੍ਹਾਂ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਜਿਸ ਤਹਿਤ ਹੁਣ ਤੱਕ ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿੱਚ ਗੁਰਮੁਖੀ ਯੂਨੀਕੋਡ ਲਾਗੂ ਕਰਨ ਲਈ ਜੀਲਿਪੀਕਾ ਤਿਆਰ ਕਰਨਾ, ਗੁਰਮੁਖੀ ਟਾਈਪਿੰਗ ਪੈਡ, ਗੁਰਮੁਖੀ ਟਾਈਪਿੰਗ ਟਿਊਟਰ, ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਪੰਜਾਬੀ ਗਿਆਨ ਸੀ. ਡੀ. ਤਿਆਰ ਕਰਵਾਉਣਾ, ਗੁਰਮੁਖੀ ਫੌਂਟ ਕਨਵਰਟਰ ਤਿਆਰ ਕਰਵਾਉਣਾ, ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ ਕਰਨ ਹਿਤ ਸਿਖਲਾਈ ਦਾ ਉਚੇਚਾ ਪ੍ਰਬੰਧ ਕਰਨਾ।
ਪੰਜਾਬੀ ਪੀਡੀਆ ਇਕੱਲਾ ਹੀ ਇੰਟਰਨੈੱਟ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਧਰੂ ਤਾਰੇ ਦਾ ਸਥਾਨ ਦੁਆਉਣ ਦੇ ਯੋਗ ਹੈ। ਭਵਿੱਖ ਵਿੱਚ ਵੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਹਿਤ ਕਈ ਹੋਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।