21 ਨੌਜਵਾਨ ਹੋਰ ਦੁਬਈ ‘ਚ ਫਸੇ, ਉਕਤ ਨੌਜਵਾਨ ਵੀ ਅਗਲੇ ਦਿਨਾਂ ‘ਚ ਵਾਪਸ ਆਉਣਗੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ-ਖੁਆਰੀ ਤੋਂ ਬਾਅਦ ਅੱਜ 8 ਪੰਜਾਬੀ ਨੌਜਵਾਨ ਆਖ਼ਰ ਵਤਨ ਪਰਤ ਆਏ ਹਨ। ਉਨ੍ਹਾਂ ਨੂੰ ਪ੍ਰਸਿੱਧ ਸਮਾਜ–ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਐੱਸਪੀ ਓਬਰਾਏ ਅੱਜ ਦੁਬਈ ਤੋਂ ਲੈ ਕੇ ਮੋਹਾਲੀ ਹਵਾਈ ਅੱਡੇ ਤੇ ਉੱਤਰੇ। ਇਸ ਮੌਕੇ ਸ੍ਰੀ ਓਬਰਾਏ ਨੇ ਦੱਸਿਆ ਕਿ ਹਾਲੇ 21 ਨੌਜਵਾਨ ਹੋਰ ਦੁਬਈ ‘ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਯਾਤਰਾ–ਦਸਤਾਵੇਜ਼ ਹਾਲੇ ਮੁਕੰਮਲ ਨਹੀਂ ਸਨ, ਜਿਹੜੇ 8 ਨੌਜਵਾਨਾਂ ਦੇ ਦਸਤਾਵੇਜ਼ ਸਹੀ ਸਨ, ਸਿਰਫ਼ ਉਹੀ ਅੱਜ ਵਤਨ ਪਰਤ ਸਕੇ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਨੌਜਵਾਨ ਵੀ ਅਗਲੇ ਕੁਝ ਦਿਨਾਂ ਅੰਦਰ ਵਤਨ ਪਰਤ ਆਉਣਗੇ, ਤਦ ਤੱਕ ਉਹ ਸਾਰੇ ਓਬਰਾਏ ਦੀ ਮੇਜ਼ਬਾਨੀ ਹੇਠ ਹੀ ਦੁਬਈ ‘ਚ ਰਹਿਣਗੇ। ਅੱਜ ਪੰਜਾਬ ਦੇ 8 ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਵੇਂ ਵੇਖ ਕੇ ਸੁੱਖ ਦਾ ਸਾਹ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਦੋ ਤੋਂ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਟ੍ਰੈਵਲ ਏਜੰਟਾਂ ਨੇ ਜਿਹੜੇ ਵਾਅਦੇ ਕਰ ਕੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਉਹ ਸਹੂਲਤਾਂ ਤੇ ਤਨਖ਼ਾਹਾਂ ਬਿਲਕੁਲ ਵੀ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੀਆਂ।
ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾਂ ਦੁਬਈ ਸਥਿਤ ਦੁਬਈ ਦੀ ਮਾਡਾਰ ਅਲਫ਼ਲਕ ਸਕਿਊਰਿਟੀ ਸਰਵਿਸ ‘ਚ ਨੌਕਰੀ ਕਰਨ ਲਈ ਗਏ ਸਨ ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਤੇ ਜਿਸ ਕੈਂਪ ‘ਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ।
ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ, ਜਿਸ ਕਾਰਨ ਉਹ ਸੜਕ ‘ਤੇ ਆ ਗਏਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆ। ਉਕਤ ਨੌਜਵਾਨ ਉੱਥੇ ਰੋਟੀ ਖਾਣ ਤੋਂ ਵੀ ਮੁਥਾਜ ਹੋ ਗਏ। ਇਸ ਦੌਰਾਨ ਮੋਹਾਲੀ ਏਅਰਪੋਟ ਤੇ ਪੁੱਜੇ ਇਨ੍ਹਾਂ ਪੰਜਾਬੀਆਂ ਨੇ ਤਹਿ ਦਿਲ ਤੋਂ ਡਾ ਓਬਰਾਏ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਜਿਥੇ ਸਰਕਾਰਾਂ ਫੇਲ੍ਹ ਹੋ ਜਾਂਦੀਆਂ ਹਨ ਉਥੇ ਓਬਰਾਏ ਵਰਗੇ ਮਸੀਹਾ ਹੀ ਅੱਗੇ ਆਉਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।