ਮਾਮਲਾ, ਨਿੱਜੀ ਸਕੂਲ ਵੈਨ ‘ਚ ਅੱਗ ਲੱਗਣ ਕਾਰਨ ਜਿਊਂਦੇ ਸੜੇ ਚਾਰ ਬੱਚਿਆਂ ਦੀ ਘਟਨਾ
ਚੰਡੀਗੜ੍ਹ। ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਵੈਨ (Fire school van) ‘ਚ ਅੱਗ ਲੱਗਣ ਕਾਰਨ ਜਿਊਂਦੇ ਸੜੇ ਚਾਰ ਬੱਚਿਆਂ ਦੀ ਘਟਨਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਜਿਕਰਯੋਗ ਹੈ ਕਿ ਅੱਜ ਦੁਪਹਿਰ ਵੇਲੇ ਇੱਕ ਨਿਜੀ ਸਕੂਲ ਦੀ ਵੈਨ ਨੂੰ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਬੱਚਿਆਂ ਦੇ ਜਿਊਂਦੇ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਹਾਦਸੇ ਦੌਰਾਨ ਝੁਲਸੇ ਦੋ ਬੱਚਿਆਂ ਦੀ ਉਮਰ 5 ਸਾਲ, ਇੱਕ 7 ਸਾਲ ਤੇ ਇੱਕ 8 ਸਾਲ ਦੀ ਦੱਸੀ ਜਾ ਰਹੀ ਹੈ।
ਘਟਨਾ ਸਥਾਨ ‘ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸਐਸਪੀ ਸੰਦੀਪ ਗਰਗ ਤੇ ਸੁਨਾਮ ਦੇ ਡੀਐਸਪੀ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਇੱਕਠੀ ਹੋਈ ਲੋਕਾਂ ਦੀ ਭੀੜ ਨੇ ਰੋਸ ਜਾਹਰ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਵੈਨ ‘ਚ 12 ਬੱਚੇ ਸਵਾਰ ਸਨ ਜਿਨ੍ਹਾਂ ‘ਚੋਂ 8 ਬੱਚਿਆਂ ਨੂੰ ਨੇੜੇ ਖੇਤਾਂ ‘ਚ ਕੰਮ ਕਰਦੇ ਲੋਕਾਂ ਵੱਲੋਂ ਮੁਸ਼ਕੱਤ ਨਾਲ ਬਾਹਰ ਕੱਢ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।