Punjabi University ਦੇ ਵਿਦਿਆਰਥੀਆਂ ਵੱਲੋਂ ਵੱਖਰਾ ਪ੍ਰਦਰਸ਼ਨ

Different performance by students of Punjabi University

ਰੰਗਾਂ ਰਾਹੀਂ ਨਾਗਰਿਕ ਕਨੂੰਨ ਤੇ ਦੇਸ਼ ਨੂੰ ਇੱਕ ਰੰਗ ‘ਚ ਰੰਗਣ ਦੀ ਰਾਜਨੀਤੀ ਦਾ ਵਿਰੋਧ ਕੀਤਾ

Punjabi University ਵਿਖੇ ਰੰਗਾਂ ਦੀ ਮਹਿਫਲ ਨਾਮ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਾਈ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਵਿਦਿਆਰਥੀਆਂ ਵੱਲੋਂ ਭਾਜਪਾ ਸਰਕਾਰ ਦੀ ਫਿਰਕੂ ਰੰਗਤ ਖਿਲਾਫ ਵੱਖਰਾ ਪ੍ਰਦਰਸ਼ਨ ਕਰਦਿਆ ਰੰਗਾਂ ਦੀ ਮਹਿਫਲ ਨਾਂਅ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ। ਵੱਖ-ਵੱਖ ਚਿੱਤਰਾਂ ਦੀ ਲਾਈ ਇਹ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਦਾ ਬਣੀ ਰਹੀ। ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਰੀਝ ਨਾਲ ਵੱਖ-ਵੱਖ ਤਰ੍ਹਾਂ ਦੀ ਤਸਵੀਰਾਂ ਨੂੰ ਨਿਹਾਰਿਆ ਗਿਆ।

ਜਾਣਕਾਰੀ ਅਨੁਸਾਰ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਯੂਨੀਵਰਸਿਟੀ ਅੰਦਰ ਇਹ ਪ੍ਰਦਰਸ਼ਨੀ ਲਾਈ ਗਈ। ਗੁਰੂ ਗੰਥ ਸਾਹਿਬ ਭਵਨ ਕੋਲ ਸਜੇ ਟੈਂਟ ਵਿੱਚ 70 ਦੇ ਕਰੀਬ ਪੇਂਟਿੰਗਾਂ ਤੇ ਪੋਸਟਰਾਂ ਰਾਹੀਂ ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਦੀ ਫਿਰਕੂ ਰਾਜਨੀਤੀ ਅਤੇ ਨਾਗਰਿਕ ਹੱਕਾਂ ਉੱਪਰ ਮੌਜੂਦਾ ਹਮਲੇ ਖਿਲਾਫ਼ ਵੱਖ-ਵੱਖ ਧਰਮਾਂ, ਤਬਕਿਆਂ ਦੇ ਲੋਕਾਂ ਦੀ ਇੱਕਜੁੱਟਤਾ ਦਾ ਸੱਦਾ ਦਿੱਤਾ ਗਿਆ।

ਜੱਥੇਬੰਦੀ ਨੇ ਕਲਾਕਾਰਾਂ ਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਆ ਕੇ ਦੇਸ਼ ਵਿੱਚ ਵਧ ਰਹੀ ਫਿਰਕੂ ਵੰਡੀਆਂ ਰਾਹੀਂ ਇੱਕ ਰੰਗ ਵਿੱਚ ਰੰਗਣ ਖਿਲਾਫ਼, ਨਾਗਰਿਕ ਹੱਕਾਂ ਉੱਪਰ ਹਮਲੇ ਖਿਲਾਫ਼ ਤੇ ਇਸ ਖਿਲਾਫ਼ ਲੋਕਾਂ ਦੇ ਸੰਘਰਸ਼ਾਂ ਨੂੰ ਰੰਗਾਂ ਰਾਹੀਂ ਚਿੱਤਰਨ। ਇਸ ਸੱਦੇ ‘ਤੇ ਨੂਰ ਏ ਆਰਟ ਦੇ ਰਵੀ ਸਿੰਘ, ਲਵਪ੍ਰੀਤ ਤੇ ਅਮਨ ਤੋਂ ਇਲਾਵਾ ਲੁਧਿਆਣਾ ਤੋਂ ਸਮੇਸ਼ਰ ਨੂਰਪੁਰੀ ਤੇ ਇਕਬਾਲ, ਪਟਿਆਲਾ ਤੋਂ ਪ੍ਰਭਜੋਤ ਕੌਰ, ਸ਼ੇਰੋਂ ਤੋਂ ਨਿਰਭੈ ਤੇ ਸੰਦੀਪ ਅਤੇ ਚੰਡੀਗੜ੍ਹ ਤੋਂ ਵੈਭਵ ਆਪਣੀਆਂ ਪੇਂਟਿੰਗਾਂ ਸਮੇਤ ਇਸ ਪ੍ਰਦਰਸ਼ਨੀ ਵਿੱਚ ਪਹੁੰਚੇ। ਇਸ ਤੋਂ ਇਲਾਵਾ ਯੂਨੀਵਰਸਿਟੀ ਤੇ ਯੂਨੀਵਰਸਿਟੀ ਕਾਲਜ ਘਨੌਰ ਤੋਂ ਆਏ ਵਿਦਿਆਰਥੀਆਂ ਨੇ ਵੀ ਇਸ ਪ੍ਰਦਰਸ਼ਨੀ ਮੌਕੇ ਚਿੱਤਰ, ਪੋਸਟਰ ਬਣਾਏ।

ਇਸ ਮੌਕੇ ਪੀਐਸਯੂ (ਲਲਕਾਰ) ਦੀ ਸ਼੍ਰਿਸ਼ਟੀ ਨੇ ਦੱਸਿਆ ਕਿ ਦੇਸ਼ ਵਿੱਚ ਧਾਰਮਿਕ ਤੇ ਕੌਮੀ ਘੱਟ ਗਿਣਤੀਆਂ ਖਿਲਾਫ਼ ਜਬਰ ਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ, ਪਾਕਿਸਤਾਨ ਦੇ ਏਜੰਟ ਗਰਦਾਨਿਆ ਜਾ ਰਿਹਾ ਹੈ ਤੇ ਉਨ੍ਹਾਂ ਖਿਲਾਫ ਵੀ ਹਿੰਸਾ ਜਾਰੀ ਹੈ। ਲੋਕਾਂ ਦੇ ਖਾਣ-ਪੀਣ, ਪਹਿਨਣ ਤੇ ਸੋਚਣ ਉੱਪਰ ਇਹ ਪਾਬੰਦੀਆਂ ਦੇਸ਼ ਦੀ ਵੰਨ-ਸੁਵੰਨਤਾ ਦੇ ਖਿਲਾਫ ਹਨ ਤੇ ਦੇਸ਼ ਨੂੰ ਭਗਵੀਂ ਰੰਗਤ ਵਿੱਚ ਰੰਗਣ ਦਾ ਯਤਨ ਹਨ। ਇਸ ਕਰਕੇ ਰੰਗਾਂ ਦੀ ਇਸ ਮਹਿਫਲ ਰਾਹੀਂ ਇਸ ਵੰਨ-ਸੁਵੰਨਤਾ ਨੂੰ ਬਚਾਉਣ ਤੇ ਦੇਸ਼ ਦੇ ਭਗਵੇਂਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਜੋਤ, ਨੇਹਾ, ਅਨੁਪ੍ਰਿਆ, ਸੰਦੀਪ, ਮਨਜਿੰਦਰ, ਯੋਧਾ, ਹਿਤੇਸ਼, ਰਜਿੰਦਰ, ਸਿਮਰਨ, ਬੇਅੰਤ, ਸੁਖਵੀਰ, ਪੁਸ਼ਪਿੰਦਰ, ਗੁਰਪ੍ਰੀਤ ਤੇ ਜਥੇਬੰਦੀ ਦੇ ਹੋਰ ਕਾਰਕੁੰਨ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।