ਫਰਜ਼ੀ ਨਾਅ ‘ਤੇ ਖੁਲਵਾਏ ਸਨ 5 ਬੈਂਕ ਖਾਤੇ, 2 ਕਰੋੜ ਰੁਪਏ ਦਾ ਕੀਤਾ ਸੀ ਹੁਣ ਤੱਕ ਘੁਟਾਲਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਨੇ ਉੱਚ ਤਕਨੀਕ ਦੀ ਵਰਤੋਂ ਨਾਲ ਕਰੋੜਾ ਰੁਪਏ ਦਾ ਬੈਂਕ ਘਪਲਾ ਕਰਨ ਵਾਲੇ ਰੈਕੇਟ ਦਾ ਪਰਦਾਸ਼ਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਲਸਾਜ਼ ਨੇ ਫਰਜ਼ੀ ਨਾਂਅ ‘ਤੇ ਖੁਲਾਏ 5 ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਕੇ ਬਾਅਦ ਵਿੱਚ ਏ.ਟੀ.ਐਮ. ਅਤੇ ਚੈੱਕ ਜ਼ਰੀਏ ਕਢਵਾ ਲਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਚ.ਡੀ.ਐਫ.ਸੀ. ਬੈਂਕ ਦੇ ਲੋਕੇਸ਼ਨ ਮੈਨੇਜਰ ਇਨਵੈਸਟੀਗੇਸ਼ਨ, ਰਿਸਕ ਇੰਟੈਲੀਜੈਂਸ ਅਤੇ ਕੰਟਰੋਲ ਯੂਨਿਟ ਵਿਜੈ ਕੁਮਾਰ ਵੱਲੋਂ 30 ਦਸੰਬਰ 2019 ਨੂੰ ਐਚ.ਡੀ.ਐਫ.ਸੀ. ਬੈਂਕ ਦੇ ਖਾਤੇ ਵਿੱਚੋਂ ਤਕਨੀਕੀ ਪੈਂਤੜੇ ਨਾਲ ਤਕਰੀਬਨ 2 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਸਬੰਧੀ ਅਰਜ਼ੀ ਦਾਇਰ ਕੀਤੀ ਗਈ ਸੀ।
ਜਾਲਸਾਜ਼ਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਪੀੜਤ ਦੇ ਬੈਂਕ ਖਾਤੇ ਨਾਲ ਰਜਿਸਟਰ ਈਮੇਲ ਆਈ.ਡੀ. ਅਤੇ ਮੋਬਇਲ ਨੰਬਰ ਨੂੰ ਬੜੀ ਚਲਾਕੀ ਨਾਲ ਸਮਾਨ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਨਾਲ ਬਦਲ ਦਿੱਤਾ ਅਤੇ ਇਸ ਤਰਾਂ ਪੀੜਤ ਦੇ ਖਾਤੇ ਨਾਲ ਆਪਣਾ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਅਪਡੇਟ ਕਰਦਿਆਂ ਉਕਤ ਖਾਤੇ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ।
ਉਨਾਂ ਦੱਸਿਆ ਕਿ ਜਾਲਸਾਜ਼ਾਂ ਵੱਲੋਂ ਸਾਰੇ ਪੈਸੇ ਏ.ਟੀ.ਐਮ. ਕਾਰਡਾਂ ਅਤੇ ਚੈੱਕ ਰਾਹੀਂ ਕਢਵਾਏ ਗਏ ਹਨ ਅਤੇ ਇਸ ਤਰਾਂ ਪੁਲੀਸ ਲਈ ਕੋਈ ਸੁਰਾਗ ਨਹੀਂ ਛੱਡਿਆ। ਇਸ ਤੋਂ ਇਲਾਵਾ ਜਾਲਸਾਜ਼ਾਂ ਵੱਲੋਂ ਉਕਤ ਕਾਰਵਾਈ ਨੂੰ ਅੰਜਾਮ ਦੇਣ ਵੇਲੇ ਹੀ ਮੋਬਾਇਲ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਉਹ ਮੋਬਾਇਲ ਨੂੰ ਬੰਦ ਕਰ ਦਿੰਦੇ ਸਨ।
ਅਗਲੇਰੀ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਇਹ ਰੈਕੇਟ ਲੁਧਿਆਣਾ ਤੋਂ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ ਘੱਟੋ ਘੱਟ 3 ਵਿਅਕਤੀ ਸ਼ਾਮਲ ਸਨ ਗਿਰੋਹ ਦੇ ਇਕ ਮੈਂਬਰ ਦੀ ਪਛਾਣ ਰਾਜੀਵ ਕੁਮਾਰ ਪੁੱਤਰ ਦੇਵ ਰਾਜ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਵਜੋਂ ਹੋਈ ਹੈ
ਤਲਾਸ਼ੀ ਅਤੇ ਪ੍ਰਾਪਤ ਵੇਰਵਿਆਂ ਦੇ ਅਧਾਰ ‘ਤੇ ਇਸ ਕੇਸ ਵਿੱਚ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਨਾਂ ਵਿੱਚੋਂ ਦੋ ਮੁਲਜ਼ਮਾਂ ਰਾਜੀਵ ਕੁਮਾਰ ਪੁੱਤਰ ਰਾਜ ਦੇਵ ਅਤੇ ਦੀਪਕ ਕੁਮਾਰ ਗੁਪਤਾ ਪੁੱਤਰ ਦਰਸ਼ਨ ਲਾਲ ਗੁਪਤਾ ਨੂੰ 28 ਜਨਵਰੀ, 2020 ਨੂੰ ਸ਼ਿਮਲਾਪੁਰੀ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਨਾਂ ਵਿੱਚੋਂ ਇੱਕ ਮੁਲਜ਼ਮ ਫਰਾਰ ਹੋ ਗਿਆ।
ਉਨਾਂ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਉਹਨਾਂ ਦੇ ਆਪਣੇ ਖਾਤਿਆਂ ਵਿੱਚ ਜਮਾਂ 10 ਲੱਖ ਰੁਪਏ ਬਰਾਮਦ ਕੀਤੇ ਗਏ ਅਤੇ ਹੋਰ ਬਰਾਮਦਗੀਆਂ ਜਲਦ ਕੀਤੀਆਂ ਜਾਣਗੀਆਂ। ਇਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਨਾਲ ਸਬੰਧਤ 4 ਹੋਰ ਕੇਸ ਵੀ ਹੱਲ ਹੋ ਗਏ ਇਸੇ ਤਰਾਂ 80 ਲੱਖ ਰੁਪਏ ਦੀ ਠੱਗੀ ਮਾਰੀ ਸੀ, ਜਿਸ ਸਬੰਧੀ ਇਕ ਕੇਸ 2019 ਵਿੱਚ ਐਫ.ਆਈ.ਆਰ. 169 ਅਧੀਨ ਥਾਣਾ ਮਾਨੇਸਰ, ਹਰਿਆਣਾ ਵਿਖੇ ਦਰਜ ਕੀਤਾ ਗਿਆ ਸੀ ਅਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਇਹ ਕੇਸ ਵੀ ਹੱਲ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।