shooter movieਫਿਲਮ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਾਭਾ ਜੇਲ੍ਹ ਵਿੱਚ ਉਮਰ ਕੈਂਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਰਾਜੀਵ ਕੁਮਾਰ ਉਰਫ਼ ਰਾਜਾ ਨੇ ਗੈਂਗਸਟਰਵਾਦ ‘ਤੇ ਬਣੀ ਫਿਲਮ ‘ਸ਼ੂਟਰ’ (shooter movie) ਦਾ ਵਿਰੋਧ ਕੀਤਾ ਹੈ। ਉਸ ਵੱਲੋਂ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਕਤ ਗੈਂਗਸਟਰ ਦਾ ਕਹਿਣਾ ਹੈ ਕਿ ਉਸ ਵੱਲੋਂ ਗਲਤ ਰਾਹ ‘ਤੇ ਚੱਲ ਕੇ ਆਪਣੀ ਜਿੰਦਗੀ ਦੇ ਅਨੇਕਾਂ ਸਾਲ ਬਰਬਾਦ ਕੀਤੇ ਹਨ ਅਤੇ ਗੈਂਗਸਟਰਵਾਦ ‘ਤੇ ਬਣੀ ਇਸ ਫਿਲਮ ਕਾਰਨ ਨੌਜਵਾਨੀ ‘ਤੇ ਗਲਤ ਪ੍ਰਭਾਵ ਪਵੇਗਾ।
ਉਸ ਵੱਲੋਂ ਅੱਜ ਅਦਾਲਤ ਵਿੱਚ ਪੇਸ਼ੀ ਦੌਰਾਨ ਪੱਤਰਕਾਰਾਂ ਅੱਗੇ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਉਰਫ਼ ਰਾਜਾ ਪੁੱਤਰ ਰਾਮ ਪਾਲ, ਜੋ ਕਿ ਧਾਰਾ 302, 364,120 ਬੀ ਤਹਿਤ ਨਾਭਾ ਜੇਲ੍ਹ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਜੇਲ੍ਹ ਅੰਦਰ 12 ਸਾਲ ਕੱਟ ਲਏ ਗਏ ਹਨ। ਉਸ ਵੱਲੋਂ ਜੋ ਪੱਤਰ ਲਿਖਿਆ ਗਿਆ ਹੈ, ਉਸ ਵਿੱਚ ਕਿਹਾ ਗਿਆ ਗਿਆ ਹੈ ਕਿ ਪੰਜਾਬ ਵਿੱਚ ਗੈਂਗਵਾਰ ਅਤੇ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ।
ਪੰਜਾਬ ਦਾ ਨੌਜਵਾਨ ਇਸ ਵੱਲ ਪ੍ਰਭਾਵਿਤ ਹੋ ਰਿਹਾ ਹੈ, ਪਰ ਨੌਜਵਾਨ ਇਹ ਨਹੀ ਸਮਝ ਰਹੇ ਕਿ ਗੈਂਗਸਟਰਵਾਦ ਦੇ ਦੋ ਹੀ ਅੰਜਾਮ ਹਨ ਜੇਲ੍ਹ ਜਾਂ ਪੁਲਿਸ ਹੱਥੋਂ ਐਨਕਾਊਂਟਰ। ਉਸ ਨੇ ਕਿਹਾ ਕਿ ਫਰਵਰੀ ਮਹੀਨੇ ਵਿੱਚ ਜੋ ਕਥਿਤ ਫਿਲਮ ‘ਸ਼ੂਟਰ’ ਗੈਂਗਸਟਰਵਾਦ ‘ਤੇ ਰਿਲੀਜ਼ ਹੋ ਰਹੀ ਹੈ, ਇਹ ਫਿਲਮ ਪੰਜਾਬ ਦੇ ਨੌਜਵਾਨਾਂ ‘ਤੇ ਗਲਤ ਪ੍ਰਭਾਵ ਪਾਵੇਗੀ। ਉਸਦਾ ਕਹਿਣਾ ਹੈ ਕਿ ਫਿਲਮਾ ਬਣਾਉਣ ਵਾਲੇ ਆਪਣਾ ਆਰਥਿਕ ਫਾਇਦਾ ਦੇਖਦੇ ਹਨ ਜਦਕਿ ਉਨ੍ਹਾਂ ਵੱਲੋਂ ਸਮਾਜ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ।
ਗੈਂਗਸਟਰ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਗਲਤ ਰਸਤੇ ਤੇ ਚੱਲ ਕੇ ਆਪਣੀ ਜਿੰਦਗੀ ਦੇ 12 ਸਾਲ ਕੱਟੇ ਹਨ। ਉਹ ਨਹੀਂ ਚਾਹੁੰਦਾ ਕਿ ਕਿਸੇ ਮਾਂ ਦਾ ਪੁੱਤ ਇਸ ਤਰ੍ਹਾਂ ਦੀਆਂ ਘਟੀਆ ਮਾਨਸਿਕਤਾ ਤੇ ਬਣੀਆਂ ਫਿਲਮਾਂ ਦੇਖ ਕੇ ਆਪਣਾ ਜੀਵਨ ਬਰਬਾਦ ਕਰਨ।
ਇੱਕ ਪੱਤਰ ਜੋ ਕਿ ਉਸ ਵੱਲੋਂ ਜੱਜ ਸਾਹਿਬ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ, ਵਿੱਚ ਕਿਹਾ ਗਿਆ ਹੈ ਕਿ ਸਾਡੇ ਰੋਲ ਮਾਡਲ ਡਾਕਟਰ, ਇੰਜੀਨੀਅਅਰ ਅਤੇ ਵਿਗਿਆਨੀ ਹੋਣੇ ਚਾਹੀਦੇ ਹਨ ਨਾ ਕਿ ਗੈਂਗਸਟਰ। ਉਸ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਸ ‘ਸ਼ੂਟਰ’ ਫਿਲਮ ‘ਤੇ ਪਾਬੰਦੀ ਲਾਈ ਜਾਵੇ ਦੱਸਣਯੋਗ ਹੈ ਕਿ 21 ਫਰਵਰੀ ਨੂੰ ਜੋ ਇਹ ਫਿਲਮ ਰਿਲੀਜ਼ ਹੋ ਰਹੀ ਹੈ ਕਿ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਅਧਾਰਿਤ ਹੈ। ਗੈਂਗਸਟਰ ਰਾਜੀਵ ਕੁਮਾਰ ਨੇ ਇਸ ਦਾ ਵਿਰੋਧ ਕਰਦਿਆਂ, ਇਸ ਨੂੰ ਸਮਾਜ ਲਈ ਘਾਤਕ ਦੱਸਿਆ ਹੈ।
ਲੁੱਟ-ਖੋਹ ਦੇ ਮਾਮਲੇ ‘ਚੋਂ ਰਾਜੀਵ ਕੁਮਾਰ ਤੇ ਹੋਰ ਅਦਾਲਤ ਚੋਂ ਬਰੀ
ਰਾਜੀਵ ਕੁਮਾਰ ਦੇ ਵਕੀਲ ਮੋਹਿਤ ਸ਼ਰਮਾ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਅੱਜ ਪਟਿਆਲਾ ਅਦਾਲਤ ਵਿੱਚ ਇੱਕ ਕੇਸ ਵਿੱਚ ਲਿਆਂਦਾ ਗਿਆ ਸੀ, ਜੋ ਕਿ ਸਾਲ 2014 ਵਿੱਚ ਬਨੂੜ ਪੁਲਿਸ ਵੱਲੋਂ ਲੁੱਟ-ਖੋਹ ਦੇ ਮਾਮਲੇ ਵਿੱਚ ਦਰਜ਼ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਨੇ ਰਾਜੀਵ ਕੁਮਾਰ ਸਮੇਤ ਹੋਰਨਾਂ ਨੂੰ ਇਸ ‘ਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ ਵੱਲੋਂ ਅੱਜ ਇੱਥੇ ਪੇਸ਼ੀ ਦੌਰਾਨ ਵੀ ਫਿਲਮ ਦਾ ਵਿਰੋਧ ਕੀਤਾ ਗਿਆ ਅਤੇ ਜੱਜ ਸਾਹਿਬ ਨੂੰ ਵੀ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਸ ਵੱਲੋਂ ਇਸ ਫਿਲਮ ਦੇ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਅਦਾਲਤ ਤੇ ਅਧਿਕਾਰ ਖੇਤਰ ਦਾ ਨਾ ਹੋਣ ਕਾਰਨ ਨਹੀਂ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।