ਪੰਜਾਬ ਦੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਐ ਤੇਲਗਾਨਾ ਪੈਟਰਨ, ਉੱਚ ਅਧਿਕਾਰੀਆਂ ਨੇ ਖ਼ੁਦ ਦੇਖਿਆ ਐ ਮਾਡਲ
ਜੇਲ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਐ ਡਰਾਫ਼ਟ, ਜਲਦ ਹੀ ਪੇਸ਼ ਕੀਤਾ ਜਾ ਸਕਦਾ ਐ ਕੈਬਨਿਟ ਮੀਟਿੰਗ ‘ਚ
ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਆਏਗਾ ਬਿਲ, ਐਕਟ ਦਾ ਰੂਪ ਲੈਣ ਤੋਂ ਬਾਅਦ ਹੋਏਗਾ ਲਾਗੂ
ਕਈ ਗੈਰ ਸਰਕਾਰੀ ਵਿਅਕਤੀ ਹੋਣਗੇ ਬੋਰਡ ਵਿੱਚ ਅਹੁਦੇਦਾਰ, ਜੇਲ ਤੋਂ ਕਮਾਈ ਦੇ ਸਾਧਨ ਪੈਦਾ ਕਰਨ ਦੀ ਹੋਏਗੀ ਕੋਸ਼ਸ਼
ਚੰਡੀਗੜ, (ਅਸ਼ਵਨੀ ਚਾਵਲਾ)। ਤੇਲੰਗਾਨਾ ਪੈਟਰਨ ‘ਤੇ ਪੰਜਾਬ ਵਿੱਚ ਹੀ ਜਲਦ ਜੇਲ੍ਹ ਭਲਾਈ ਬੋਰਡ ਬਣਾਇਆ ਜਾ ਰਿਹਾ ਹੈ, ਇਸ ਸਬੰਧੀ ਜੇਲ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ। ਇਸ ਬੋਰਡ ਰਾਹੀਂ ਕੈਦੀਆਂ ਨੂੰ ਰੁਜ਼ਗਾਰ ਦੇ ਜਿਆਦਾ ਮੌਕੇ ਦੇਣ ਦੇ ਨਾਲ ਹੀ ਕਮਾਈ ਦੇ ਸਾਧਨ ਤਿਆਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। ਇਸ ਮਾਮਲੇ ਵਿੱਚ ਤੇਲਗਾਨਾ ਸਰਕਾਰ ਨੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ ਅਤੇ ਜੇਲ ਦੇ ਕੈਦੀਆ ਰਾਹੀਂ ਜੇਲ੍ਹ ਵਿਭਾਗ ਕਾਫ਼ੀ ਜਿਆਦਾ ਕਮਾਈ ਕਰਨ ਦੇ ਨਾਲ ਹੀ ਜੇਲ ਦਾ ਖ਼ਰਚਾ ਜ਼ਿਆਦਾਤਰ ਆਪਣੇ ਸਿਰ ‘ਤੇ ਹੀ ਚਲਾਉਣ ਵਿੱਚ ਵੀ ਕਾਮਯਾਬ ਹੋਇਆ ਹੈ।
ਜੇਲ ਭਲਾਈ ਬੋਰਡ ਦਾ ਡਰਾਫ਼ਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਆਉਣ ਵਾਲੇ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਬਿਲ ਪੇਸ਼ ਕੀਤਾ ਜਾਏਗਾ। ਜਿਥੇ ਕਿ ਐਕਟ ਦਾ ਰੂਪ ਧਾਰਨ ਤੋਂ ਬਾਅਦ ਇਸ ਭਲਾਈ ਬੋਰਡ ਰਾਹੀਂ ਜੇਲ ਵਿਭਾਗ ਕੰਮ ਸ਼ੁਰੂ ਕਰ ਦੇਵੇਗਾ।
ਇਸ ਜੇਲ ਬੋਰਡ ਦੀ ਰੂਪ ਰੇਖਾ ਤਿਆਰ ਕਰਨ ਤੋਂ ਪਹਿਲਾਂ ਜੇਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਤੇਲੰਗਾਨਾ ਦਾ ਵੀ ਦੌਰਾ ਕਰਦੇ ਹੋਏ ਉਨਾਂ ਦੀ ਸਾਰੀ ਕਾਰਗੁਜ਼ਾਰੀ ਨੂੰ ਬਾਰੀਕੀ ਨਾਲ ਦੇਖਿਆ ਹੈ, ਜਿਹੜੀ ਕਿ ਪੰਜਾਬ ਦੇ ਇਨਾਂ ਅਧਿਕਾਰੀਆਂ ਕਾਫ਼ੀ ਜਿਆਦਾ ਪਸੰਦ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜੇਲਾਂ ਵਿੱਚ ਮੁੜ ਤੋਂ ਕਾਰਖ਼ਾਨੇ ਚਲਾਉਣ ਦੇ ਨਾਲ ਹੀ ਕੈਦੀਆ ਲਈ ਰੁਜ਼ਗਾਰ ਨੂੰ ਪੈਦਾ ਕਰਨ ਦੇ ਮਕਸਦ ਨਾਲ ਤੇਲਗਾਨਾ ਮਾਡਲ ਪੰਜਾਬ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀਂ ਹੈ। ਤੇਲਗਾਨਾ ਵਿਖੇ ਵੱਡੀ ਗਿਣਤੀ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਲਈ ਸਮਾਨ ਤਿਆਰ ਕੀਤਾ ਜਾਂਦਾ ਹੈ।
ਤੇਲਗਾਨਾ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਹੁਨਰ ਦਿੰਦੇ ਹੋਏ ਉਨਾਂ ਤੋਂ ਵੱਡੀ ਪੱਧਰ ‘ਤੇ ਕੰਮ ਲਿਆ ਜਾ ਰਿਹਾ ਹੈ, ਜਿਸ ਦੇ ਚਲਦੇ ਜਿਥੇ ਕੈਦੀ ਨੂੰ ਚੰਗੀ ਦਿਹਾੜੀ ਮਿਲ ਰਹੀਂ ਹੈ ਤਾਂ ਉਥੇ ਹੀ ਜੇਲ ਵਿਭਾਗ ਵੀ ਮੋਟਾ ਮੁਨਾਫ਼ਾ ਕਮਾ ਰਿਹਾ ਹੈ। ਇਸੇ ਮੁਨਾਫ਼ੇ ਵਿੱਚੋਂ ਜੇਲ ਵਿਭਾਗ ਆਪਣਾ ਵੱਡੇ ਪੱਧਰ ‘ਤੇ ਖਰਚ ਕੱਢਦੇ ਹੋਏ ਜੇਲਾਂ ਨੂੰ ਕਾਫ਼ੀ ਜਿਆਦਾ ਮਾਡਰਨ ਵੀ ਬਣਾਉਣ ਵਿੱਚ ਲੱਗਿਆ ਹੈ, ਜਿਸ ਦੇ ਨਾਲ ਜੇਲ ਵਿੱਚ ਬੰਦ ਕੈਦੀਆਂ ਨੂੰ ਵੀ ਚੰਗਾ ਮਾਹੌਲ ਮਿਲ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਜੇਲ ਭਲਾਈ ਬੋਰਡ ਦਾ ਗਠਨ ਕਰਨ ਲਈ ਪਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਡਰਾਫ਼ਟ ਤਿਆਰ ਕਰਦੇ ਹੋਏ ਅਗਲੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।