ਲਗਾਤਾਰ 4 ਘੰਟੇ ਤੋਂ ਜਿਆਦਾ ਸਮਾਂ ਧਰਨੇ ‘ਤੇ ਬੈਠੇ ਰਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਤੇ ਅਹੁਦੇਦਾਰ
ਪੰਜਾਬ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਤੌਰ ‘ਤੇ ਭਾਜਪਾ ਦੇ ਬਰਾਬਰ ਰਖਦੀ ਐ ਰੁਤਬਾ, 2 ਹਨ ਵਿਧਾਇਕ
ਚੰਡੀਗੜ, (ਅਸ਼ਵਨੀ ਚਾਵਲਾ)। ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਹੀ ਨਹੀਂ ਭੇਜਿਆ ਗਿਆ, ਜਦੋਂਕਿ ਇਸ ਆਲ ਪਾਰਟੀ ਵਿੱਚ ਕਈ ਅਜਿਹੀਆਂ ਪਾਰਟੀਆਂ ਨੇ ਭਾਗ ਲਿਆ ਹੈ, ਜਿਨਾਂ ਦਾ ਇੱਕ ਵੀ ਵਿਧਾਇਕ ਪੰਜਾਬ ਵਿੱਚ ਮੌਜੂਦ ਨਹੀਂ ਹੈ ਪਰ 2 ਵਿਧਾਇਕਾਂ ਵਾਲੀ ਲੋਕ ਇਨਸਾਫ਼ ਪਾਰਟੀ ਨੂੰ ਇਸ ਮੀਟਿੰਗ ਹੀ ਸ਼ਾਮਲ ਹੋਣ ਲਈ ਸੱਦਾ ਪੱਤਰ ਹੀ ਹਾਸਲ ਨਹੀਂ ਕਰ ਸਕੀ। ਸੱਦੇ ਨਾ ਮਿਲਣ ਦੇ ਬਾਵਜੂਦ ਮੀਟਿੰਗ ਵਿੱਚ ਹਿੱਸਾ ਲੈਣ ਲਈ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਬਲਵਿੰਦਰ ਬੈਂਸ ਦੇ ਨਾਲ ਚੰਡੀਗੜ੍ਹ ਵਿਖੇ ਪੰਜਾਬ ਭਵਨ ਦੇ ਬਾਹਰ ਪੁੱਜ ਗਏ।
ਉਨਾਂ ਨੂੰ ਅੰਦਰ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰਦੇ ਹੋਏ ਪੁਲਿਸ ਨੇ ਇੱਕ ਪਾਸੇ ਖੜੇ ਰਹਿਣ ਦੇ ਆਦੇਸ਼ ਦੇ ਦਿੱਤੇ। ਲੋਕ ਇਨਸਾਫ਼ ਪਾਰਟੀ ਦੇ ਭੜਕੇ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੇ ਕਾਫ਼ੀ ਜਿਆਦਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਪੰਜਾਬ ਭਵਨ ਤੋਂ 200 ਮੀਟਰ ਦੀ ਦੂਰੀ ਤੱਕ ਧੱਕੇ ਨਾਲ ਇੱਕ ਪਾਸੇ ਕਰ ਦਿੱਤਾ। ਇਥੇ ਹੀ ਬੈਰੀਕੇਡ ਲਾ ਕੇ ਰਸਤਾ ਵੀ ਬੰਦ ਕਰ ਦਿੱਤਾ।
ਪਾਰਟੀ ਦੇ 2 ਵਿਧਾਇਕ ਜਿੱਤ ਪ੍ਰਾਪਤ ਕਰਦੇ ਹੋਏ ਇਸ ਸਮੇਂ ਵਿਧਾਨ ਸਭਾ ਦੇ ਮੈਂਬਰ ਹਨ
ਪੁਲਿਸ ਵਲੋਂ ਧੱਕਾ ਮੁੱਕੀ ਕਰਨ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਣ ਦੇ ਗੁੱਸੇ ਵਿੱਚ ਦੋਵੇਂ ਵਿਧਾਇਕ ਭਰਾਵਾਂ ਨੇ ਆਪਣੀ ਪਾਰਟੀ ਦੇ ਕੁਝ ਸਾਥੀਆਂ ਦੇ ਨਾਲ ਮੌਕੇ ਹੀ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਖ਼ਿਲਾਫ਼ ਕਾਫ਼ੀ ਜਿਆਦਾ ਨਾਅਰੇਬਾਜ਼ੀ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ 2 ਵਿਧਾਇਕ ਜਿੱਤ ਪ੍ਰਾਪਤ ਕਰਦੇ ਹੋਏ ਇਸ ਸਮੇਂ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਪੰਜਾਬ ਵਿੱਚ ਉਨਾਂ ਦੀ ਪਾਰਟੀ ਚੌਥੇ ਨੰਬਰ ਦੀ ਪਾਰਟੀ ਬਣੀ ਹੋਈ ਹੈ। ਇਸ ਸਮੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਉਨਾਂ ਦੀ ਪਾਰਟੀ ਦਾ ਹੀ ਨੰਬਰ ਆ ਰਿਹਾ ਹੈ।
ਉਨਾਂ ਕਿਹਾ ਕਿ ਭਾਜਪਾ ਕੋਲ ਵੀ 2 ਵਿਧਾਇਕ ਹਨ ਅਤੇ ਉਨਾਂ ਦੀ ਪਾਰਟੀ ਕੋਲ ਵੀ ਦੋ ਵਿਧਾਇਕ ਹਨ। ਇਥੇ ਹੀ ਕਈ ਇਹੋ ਜਿਹੀਆਂ ਪਾਰਟੀਆਂ ਮੀਟਿੰਗ ਵਿੱਚ ਸ਼ਾਮਲ ਹਨ, ਜਿਨਾਂ ਕੋਲ ਇੱਕ ਵੀ ਵਿਧਾਇਕ ਨਹੀਂ ਹੈ ਪਰ ਫਿਰ ਵੀ ਉਨਾਂ ਦੀ ਪਾਰਟੀ ਨੂੰ ਨਾ ਸਿਰਫ਼ ਸੱਦਾ ਦਿੱਤਾ ਗਿਆ ਉਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਣਬੂਝ ਕੇ ਉਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣ ਦੇ ਰਹੇ ਕਿਉਂਕਿ ਉਨਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਪਾਣੀਆਂ ਨੂੰ ਲੈ ਕੇ ਨਾ ਸਿਰਫ਼ ਪ੍ਰਾਈਵੇਟ ਬਿਲ ਪੇਸ਼ ਕੀਤਾ ਗਿਆ ਸੀ, ਸਗੋਂ ਰਾਜਸਥਾਨ ਨੂੰ ਜਾ ਰਹੇ ਪਾਣੀ ਦੇ ਪੈਸੇ ਦੀ ਅਦਾਇਗੀ ਲੈਣ ਬਾਰੇ ਵੀ ਕਿਹਾ ਗਿਆ ਸੀ।
ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਪਾਣੀ ਦਾ ਕਾਫ਼ੀ ਜਿਆਦਾ ਮਾੜਾ ਹਾਲ ਹੈ ਅਤੇ ਸਰਕਾਰ ਦੀ ਸ਼ਹਿ ‘ਤੇ ਕਈ ਵੱਡੀ ਫੈਕਟਰੀਆਂ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਖਰਾਬ ਕਰਨ ਵਿੱਚ ਲਗੀ ਹੋਈਆ ਹਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਪਰ ਹੁਣ ਉਹ ਇਸ ਮਾਮਲੇ ਵਿੱਚ ਕੋਈ ਕਠੋਰ ਕਦਮ ਪੁੱਟਣ ਦੀ ਥਾਂ ‘ਤੇ ਸਿਰਫ਼ ਦਿਖਾਵਾ ਕਰਨ ਵਾਲੀ ਕਾਰਵਾਈ ਹੀ ਕਰ ਰਹੇ ਹਨ। ਜਿਸ ਕਾਰਨ ਪਾਣੀਆਂ ਦਾ ਖ਼ਾਤਮਾ ਹੋਣ ਦਾ ਸਾਰਾ ਦੋਸ਼ ਉਨਾਂ ਦੇ ਸਿਰ ‘ਤੇ ਹੀ ਆਏਗਾ।
ਚੋਣ ਕਮਿਸ਼ਨ ਅਨੁਸਾਰ ਮਾਨਤਾ ਪ੍ਰਾਪਤ ਨਹੀਂ ਐ ਪਾਰਟੀ : ਅਮਰਿੰਦਰ ਸਿੰਘ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਹੀ ਆਲ ਪਾਰਟੀ ਮੀਟਿੰਗ ਵਿੱਚ ਸੱਦਾ ਦਿੱਤਾ ਗਿਆ ਸੀ। ਲੋਕ ਇਨਸਾਫ਼ ਪਾਰਟੀ ਇਸ ਸਮੇਂ ਚੋਣ ਕਮਿਸ਼ਨ ਵਿੱਚ ਮਾਨਤਾ ਪ੍ਰਾਪਤ ਪਾਰਟੀ ਨਹੀਂ ਹੈ, ਜਿਸ ਕਾਰਨ ਹੀ ਉਨਾਂ ਨੂੰ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।