vidhan sabha | ਮੂੰਹ ‘ਤੇ ਕਾਲੀ ਪੱਟੀਆਂ ਬੰਨ ਕੇ ਕੀਤਾ ਪ੍ਰਦਰਸ਼ਨ, ਗੈਰ ਸਰਕਾਰੀ ਕੰਮਕਾਜ ਨੂੰ ਮੁਅੱਤਲ ਕਰਨ ਦਾ ਕਰ ਰਹੇ ਸਨ ਰੋਸ
ਸਰਕਾਰੀ ਮਾਸਟਰ ਅਤੇ ਪੱਤਰਕਾਰ ਪਰਮਿੰਦਰ ਬਰਿਆਣਾ ਦੇ ਖ਼ਿਲਾਫ਼ ਕਾਰਵਾਈ ਦਾ ਕੀਤਾ ਅਕਾਲੀ ਦਲ ਨੇ ਵਿਰੋਧ
ਪਰਮਿੰਦਰ ਬਰਿਆਣਾ ਨੂੰ ਨੌਕਰੀ ਤੋਂ ਕੱਢਣ ਦੇ ਨਾਲ ਹੀ ਐਫ.ਆਈ.ਆਰ. ਦਰਜ਼ ਕਰਨ ਦੀ ਸਿਫ਼ਾਰਸ਼
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਸ਼ੁਰੂਆਤੀ ਕਾਰਵਾਈ ਦੌਰਾਨ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ 2 ਵਾਰ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਵਾਕ ਆਊਟ ਕਰਦੇ ਹੋਏ ਆਪਣਾ ਰੋਸ ਜ਼ਾਹਿਰ ਕੀਤਾ। ਇਥੇ ਹੀ ਆਮ ਆਦਮੀ ਪਾਰਟੀ ਵਲੋਂ ਵੀ ਇੱਕ ਵਾਰ ਵਾਕ ਆਉਟ ਕਰਦੇ ਹੋਏ ਵਿਧਾਨ ਸਭਾ ਦੇ ਅੰਦਰ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਸਣੇ ਹੋਰ ਕੰਮਕਾਜ ਨਾ ਕਰਵਾਉਣ ਸਬੰਧੀ ਰੋਸ ਜ਼ਾਹਿਰ ਕੀਤਾ। vidhan sabha
ਵਿਧਾਨ ਸਭਾ ਦੇ ਦੂਜੇ ਦਿਨ ਦੀ ਕਾਰਵਾਈ ਵਿੱਛੜੀਆਂ ਰੂਹਾਂ ਨੂੰ ਸਰਧਾਂਜਲੀ ਦੇਣ ਤੋਂ ਸ਼ੁਰੂ ਹੋਈ ਅਤੇ 15 ਮਿੰਟ ਵਿੱਚ ਸਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 30 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਪੈਸ਼ਲ ਸੈਸ਼ਨ ਹੈ, ਇਸ ਲਈ ਇਸ ਦੌਰਾਨ ਕਾਰਜ ਵਿਧੀ ਅਤੇ ਕਾਜ਼ ਸੰਚਾਲਨ ਨਿਯਮਾਵਲੀ ਦੇ ਕੁੱਝ ਨਿਯਮਾਂ ਨੂੰ ਮੁਅੱਤਲ ਕੀਤਾ ਜਾਵੇ। ਇਸ ਪ੍ਰਸਤਾਵ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉੱਤਰ ਆਏ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੇ ਮੂੰਹ ‘ਤੇ ਕਾਲੀ ਪੱਟੀਆਂ ਬੰਨ੍ਹਦੇ ਹੋਏ ਵਿਰੋਧ ਕੀਤਾ
ਇਨਾਂ ਦੋਹੇ ਪਾਰਟੀ ਦੇ ਵਿਧਾਇਕਾਂ ਨੇ ਵੇਲ ਵਿੱਚ ਜਾ ਕੇ ਪਹਿਲਾਂ ਹੰਗਾਮਾ ਕੀਤਾ ਅਤੇ ਕੋਸ਼ਸ਼ ਕੀਤੀ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਇਸ ਪ੍ਰਸਤਾਵ ਨੂੰ ਪਾਸ ਨਾ ਕਰਦੇ ਹੋਏ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਸਣੇ ਵਿਧਾਇਕਾਂ ਦਾ ਹੋਰ ਕੰਮਕਾਜ ਕਰਨ ਦੀ ਇਜਾਜ਼ਤ ਦੇਣ ਪਰ ਇੰਜ ਨਹੀਂ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੇ ਮੂੰਹ ‘ਤੇ ਕਾਲੀ ਪੱਟੀਆਂ ਬੰਨ੍ਹਦੇ ਹੋਏ ਇਸ ਦਾ ਵਿਰੋਧ ਕੀਤਾ ਅਤੇ ਸਦਨ ਦੀ ਕਾਰਵਾਈ ਵਿੱਚੋਂ ਵਾਕ ਆਊਟ ਕਰ ਦਿੱਤਾ। ਇਸ ਤੋਂ ਕੁਝ ਮਿੰਟ ਬਾਅਦ ਹੀ ਆਮ ਆਦਮੀ ਪਾਰਟੀ ਨੇ ਹੰਗਾਮਾ ਕਰਦੇ ਹੋਏ ਸਦਨ ਦੀ ਕਾਰਵਾਈ ਦਾ ਵਾਕ ਆਊਟ ਕਰ ਦਿੱਤਾ।
ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਸ਼ਿਕਾਇਤ ‘ਤੇ ਪਰਮਿੰਦਰ ਸਿੰਘ ਬਰਿਆਣਾ ਪੰਜਾਬੀ ਅਧਿਆਪਕ ਸਰਕਾਰੀ ਹਾਈ ਸਕੂਲ ਨੰਗਲ ਈਸ਼ਰ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰ ਦਿੱਤੀ। ਇਸ ਪੰਜਾਬੀ ਅਧਿਆਪਕ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਹੋਏ ਵਿਧਾਨ ਸਭਾ ਵਿੱਚ ਪੇਸ਼ ਹੋਈ ਇੱਕ ਰਿਪੋਰਟ ਦੇ ਖ਼ਿਲਾਫ਼ ਇੰਟਰਵਿਊ ਕਰਨ ਦੇ ਨਾਲ ਹੀ ਟਿੱਪਣੀਆਂ ਕੀਤੀ ਗਈਆਂ ਸਨ। ਇਸ ਦੇ ਨਾਲ ਹੀ ਕਮੇਟੀ ਨੇ 4 ਵਾਰ ਇਸ ਪੰਜਾਬੀ ਅਧਿਆਪਕ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਸੀ ਪਰ ਉਸ ਨੇ ਜਿਆਦਵਾਰ ਪੇਸ਼ ਨਾ ਹੁੰਦੇ ਹੋਏ ਕਮੇਟੀ ਦੇ ਖ਼ਿਲਾਫ਼ ਹੀ ਆਵਾਜ਼ ਬੁਲੰਦ ਕਰ ਦਿੱਤੀ ਗਈ।
ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁੜ ਤੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ
ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਢਿੱਲੋਂ ਨੇ ਆਪਣੇ ਸਿਫ਼ਾਰਸ਼ ਵਿੱਚ ਪੱਤਰਕਾਰ ਵੱਲੋਂ ਸਦਨ ਦੀ ਮਰਿਆਦਾ ਅਤੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਉਂਦੇ ਹੋਏ ਸਿਫ਼ਾਰਸ਼ ਕੀਤੀ ਕਿ ਪਰਮਿੰਦਰ ਬਰਿਆਣਾ ਨੂੰ ਸਰਕਾਰੀ ਨੌਕਰੀ ਵਿੱਚੋਂ ਬਰਖ਼ਾਸਤ ਕਰਦੇ ਹੋਏ ਸਰਕਾਰੀ ਮੁਲਾਜ਼ਮ ਤੌਰ ‘ਤੇ ਮਿਲਣ ਵਾਲੇ ਸਾਰੇ ਵਿੱਤੀ ਲਾਭਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਅਤੇ ਵਿਜੀਲੈਂਸ ਵਿੱਚ ਕ੍ਰਿਮੀਨਲ ਪੋਸੀਜ਼ਰ ਕੋਡ ਰਾਹੀਂ ਮਾਮਲਾ ਦਰਜ਼ ਕੀਤਾ ਜਾਵੇ।
ਇਸ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁੜ ਤੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਖ਼ਿਲਾਫ਼ ਦੱਸਿਆ। ਇਸ ਦੌਰਾਨ ਹੰਗਾਮਾ ਕਰਦੇ ਹੋਏ ਅਕਾਲੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿੱਚੋਂ ਵਾਕ ਆਉਟ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Akali Dal and AAP mislead in House, Walk out by Akali Dal 2 times