ਪੁਲਿਸ ਨੇ ਕਾਤਲਾਂ ਦੇ ਬੈਂਕ ਖਾਤੇ ਤੇ ਪ੍ਰਾਪਰਟੀ ਕੀਤੀ ਸੀਲ
ਅੰਮ੍ਰਿਤਸਰ, (ਰਾਜਨ ਮਾਨ) ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਅਤੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਪੁਰਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਦੇ ਮੁੱਖ ਕਾਤਲ ਪਵਿੱਤਰ ਗੈਂਗ ਦੇ ਮੈਂਬਰਾਂ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਲਵਪ੍ਰੀਤ ਸਿੰਘ ਲਵਲੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਪੁਲਿਸ ਨੇ ਕਾਤਲਾਂ ‘ਤੇ ਸਿਕੰਜ਼ਾ ਕੱਸਦਿਆਂ ਉਹਨਾ ਦੇ ਸਾਰੇ ਬੈਂਕ ਖਾਤੇ ਸੀਲ ਕਰ ਦਿੱਤੇ ਹਨ ਅਤੇ ਪ੍ਰਾਪਰਟੀ ਟੈਗ ਕਰਕੇ ਵੇਚਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ
ਜਾਣਕਾਰੀ ਅਨੁਸਾਰ ਸੀਆਈਏ ਸਟਾਫ ਅੰਮ੍ਰਿਤਸਰ ਦੇ ਇੰਸਪੈਕਟਰ ਵਿਕਰਾਂਤ ਸ਼ਰਮਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਅੱਜ ਤੜਕਸਾਰ ਗਲਤ ਅਨਸਰਾਂ ਦੀ ਤਲਾਸ਼ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਜਦੋਂ ਇਹ ਪਾਰਟੀ ਮਜੀਠਾ ਤੋਂ ਪਿੰਡ ਸ਼ਾਮਨਗਰ ਵੱਲ ਜਾ ਰਹੀ ਸੀ ਤਾਂ ਪਿੰਡ ਸ਼ਾਮਨਗਰ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਪਵਿੱਤਰ ਗੈਂਗ ਨਾਲ ਸਬੰਧਤ ਦੋ ਵਿਅਕਤੀ ਜਿੰਨ੍ਹਾਂ ਨੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕਥਿਤ ਤੌਰ ‘ਤੇ ਕਤਲ ਕੀਤਾ ਹੈ ਅਤੇ ਅੱਜ ਵੀ ਇਹ ਕਿਸੇ ਨੂੰ ਮਾਰਨ ਦੀ ਤਿਆਰੀ ਵਿੱਚ ਹਨ
ਗੈਂਗਸਟਰਾਂ ਨੂੰ ਪਨਾਹ ਦੇਣ ਤੇ ਹਥਿਆਰ ਬਰਾਮਦ ਕਰਨ ਦੇ ਮਾਮਲਾ ਦਰਜ
ਇੰਨ੍ਹਾਂ ਕੋਲ ਨਾਜਾਇਜ ਅਸਲਾ ਹੈ ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਵਲੋਂ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਗਈ ਤਾਂ ਕੁਝ ਸਮੇਂ ਬਾਅਦ ਪਿੰਡ ਸ਼ਾਮਨਗਰ ਵੱਲੋਂ ਇੱਕ ਮੋਨਾ ਵਿਅਕਤੀ ਆਉਂਦਾ ਦਿਸਿਆ ਜਿਹੜਾ ਪੁਲਿਸ ਪਾਰਟੀ ਦਾ ਨਾਕਾ ਦੇਖ ਕੇ ਪਿੱਛੇ ਭੱਜਣ ਲੱਗਾ ਜਿਸ ਨੂੰ ਇੰਸਪੈਕਟਰ ਨੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵਲੀ ਵਾਸੀ ਪਿੰਡ ਡੇਢ ਗਵਾਰ ਥਾਣਾ ਕੋਟਲੀ ਸੂਰਤ ਮੱਲੀ, ਗੁਰਦਾਸਪੁਰ ਦੱਸਿਆ ਤਲਾਸ਼ੀ ਲੈਣ ‘ਤੇ ਉਸ ਪਾਸੋਂ ਇੱਕ ਪਿਸਤੌਲ ਦੇਸੀ 32 ਬੋਰ ਜਿਸ ਦੀ ਬੈਰਲ ‘ਤੇ ਯੂਐਸਏ ਲਿਖਿਆ ਸੀ
ਜਿਸ ਨੂੰ ਅਣਲੋਡ ਕਰਕੇ ਇਸ ਵਿੱਚੋਂ ਚਾਰ ਰੌਂਦ ਜਿੰਦਾ 32 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਏ ਲਵਪ੍ਰੀਤ ਸਿੰਘ ਦੀ ਹੋਰ ਤਲਾਸ਼ੀ ਲੈਣ ‘ਤੇ ਉਸ ਪਾਸੋਂ ਇੱਕ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਕਾਲਾ ਅਤੇ ਨੀਲਾ ਬਿਨਾਂ ਸਿੰਮ ਕਾਰਡ ਅਤੇ ਇੱਕ ਮੋਬਾਇਲ ਫੋਨ ਮਾਰਕਾ ਓਪੋ ਰੰਗ ਚਿੱਟਾ ਤੇ ਸੁਨਿਹਰੀ ਜਿਸ ਵਿੱਚ ਸਿੰਮ ਨੰਬਰ 9888444025 ਚਲਦਾ ਹੈ ਇਸ ਦੇ ਨਾਲ ਹੀ ਵਾਈਫਾਈ ਡੌਂਗਲ ਮਾਰਕਾ ਜੀਓ ਰੰਗ ਕਾਲਾ ਬਰਾਮਦ ਹੋਈ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਲੋੜੀਂਦੇ ਨਾਮੀ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਹਥਿਆਰ ਬਰਾਮਦ ਕਰਨ ਦੇ ਦੋਸ਼ ਤਹਿਤ ਧਾਰਾ 212,216 ਆਈਪੀਸੀ ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਕਾਤਲਾਂ ਦੇ ਗੈਂਗ ਦੇ ਵਿਅਕਤੀਆਂ ਨੂੰ ਲਵਪ੍ਰੀਤ ਸਿੰਘ ਪਨਾਂਹ ਦਿੰਦਾ ਸੀ
ਥਾਣਾ ਮਜੀਠਾ ਦੇ ਐਸ ਐਚ ਓ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਕਾਤਲਾਂ ਦੇ ਗੈਂਗ ਦੇ ਵਿਅਕਤੀਆਂ ਨੂੰ ਲਵਪ੍ਰੀਤ ਸਿੰਘ ਪਨਾਂਹ ਦਿੰਦਾ ਸੀ ਉਹਨਾਂ ਕਿਹਾ ਕਿ ਪੁਲਿਸ ਵਲੋਂ ਕਾਤਲਾਂ ਦੇ ਬੈਂਕ ਖਾਤੇ ਸੀਲ ਕਰਵਾ ਦਿੱਤੇ ਗਏ ਹਨ ਅਤੇ ਇਹਨਾਂ ਦੀ ਪ੍ਰਾਪਰਟੀ ਟੈਗ ਕਰਨ ਵਾਸਤੇ ਤਹਿਸੀਲਦਾਰ ਨੂੰ ਲਿਖਿਆ ਗਿਆ ਹੈ ਤਾਂ ਜੋ ਇਹ ਆਪਣੀ ਪ੍ਰਾਪਰਟੀ ਨਾ ਵੇਚ ਸਕਣ ਉਹਨਾਂ ਕਿਹਾ ਕਿ ਇਹਨਾਂ ਮੁਲਜਮਾਂ ਦੀਆਂ ਸਾਰੇ ਪੈਟਰੌਲ ਪੰਪਾਂ ‘ਤੇ ਤਸਵੀਰਾਂ ਵੀ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਇਹਨਾ ਨੂੰ ਤੇਲ ਨਾ ਦਿੱਤਾ ਜਾਵੇ ਉਹਨਾਂ ਕਿਹਾ ਕਿ ਮੁਲਜਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।