ਰਿਹਾਇਸ਼ੀ ਕਲੋਨੀਆਂ ‘ਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਹੋਣਗੀਆਂ ਸੀਲ

residential colonies

ਗਲਾਡਾ ਨੇ 200 ਤੋਂ ਵੱਧ ਅਜਿਹੇ ਲੋਕਾਂ ਨੂੰ ਜਾਰੀ ਕੀਤੇ ਨੋਟਿਸ

ਲੁਧਿਆਣਾ, (ਰਘਬੀਰ ਸਿੰਘ)। ਸ਼ਹਿਰ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵੱਲੋਂ ਬਣਾਈਆਂ ਰਿਹਾਇਸ਼ੀ ਕਲੋਨੀਆਂ ਵਿੱਚ ਵਪਾਰਕ ਗਤੀਵਿਧੀਆਂ ਕਰ ਰਹੇ ਲੋਕਾਂ ‘ਤੇ ਕਾਰਵਾਈ ਸ਼ੁਰੂ ਕਰਦਿਆਂ ਨੋਟਿਸ ਜਾਰੀ ਕੀਤੇ ਗਏ ਹਨ। ਇਹਨਾਂ ਰਿਹਾਇਸ਼ੀ ਕਲੋਨੀਆਂ ਅੰਦਰ ਲੋਕਾਂ ਨੇ ਆਪਣੇ ਘਰਾਂ ਵਿੱਚ ਦੁਕਾਨਾਂ ਅਤੇ ਦਫਤਰ ਬਣਾਏ ਹੋਏ ਹਨ।  ਗਲਾਡਾ ਨੇ ਹੁਣ ਉਨ੍ਹਾਂ ਲੋਕਾਂ ‘ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਰਿਹਾਇਸ਼ੀ ਕਲੋਨੀਆਂ ਵਿੱਚ ਵਪਾਰਕ ਗਤੀਵਿਧੀਆਂ ਚਲਾਉਂਦੇ ਹਨ। ਇਸ ਲਈ ਗਲਾਡਾ ਕਾਲੋਨੀਆਂ ਦਾ ਸਰਵੇਖਣ ਕਰ ਰਿਹਾ ਹੈ।

ਹੁਣ ਤੱਕ ਇਸ ਸਰਵੇਖਣ ਵਿੱਚ ਤਕਰੀਬਨ ਪੰਜ ਸੌ ਮਾਮਲੇ ਸਾਹਮਣੇ ਆਏ ਹਨ। ਗਲਾਡਾ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਲੋਕਾਂ ਨੇ ਦੁਕਾਨਾਂ ਬਣਾ ਕੇ ਵਪਾਰਕ ਗਤੀਵਿਧੀਅੰ ਚਲਾ ਰੱਖੀਆਂ ਹਨ।  ਜਿਸ ਕਾਰਨ ਗਲਾਡਾ ਦੇ ਵਪਾਰਕ ਸਾਈਟਾਂ ਨਹੀਂ ਵਿਕ ਰਹੀਆਂ ਜਿਸ ਤੋਂ ਬਾਅਦ ਗਲਾਡਾ ਦੇ ਅਸਟੇਟ ਅਧਿਕਾਰੀ ਨੇ ਸਾਰੀਆਂ ਕਲੋਨੀਆਂ ਵਿੱਚ ਇੱਕ ਸਰਵੇਖਣ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਤੱਕ ਦੁਗਰੀ, ਸੈਕਟਰ 39, ਸੈਕਟਰ 32, ਜਮਾਲਪੁਰ, ਢੰਡਾਰੀ ਅਤੇ ਹੋਰ ਥਾਵਾਂ ‘ਤੇ ਸਰਵੇ ਕੀਤਾ ਜਾ ਚੁੱਕਾ ਹੈ ਇਨ੍ਹਾਂ ਕਲੋਨੀਆਂ ਵਿਚ ਕਰੀਬ ਪੰਜ ਸੌ ਘਰਾਂ ਵਿੱਚ ਦੁਕਾਨਾਂ ਚੱਲ ਰਹੀਆਂ ਹਨ ਜਿਨ੍ਹਾਂ ਵਿਚੋਂ ਗਲਾਡਾ ਵੱਲੋਂ ਦੋ ਸੌ ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ

ਵਪਾਰਕ ਗਤੀਵਿਧੀਆਂ ਬੰਦ ਨਾ ਹੋਈਆਂ ਤਾਂ ਹੋਵੇਗੀ ਸੀਲਿੰਗ

ਗਲਾਡਾ ਨੇ ਨੋਟਿਸ ਵਿੱਚ ਲੋਕਾਂ ਨੂੰ ਕਿਹਾ ਹੈ ਕਿ ਉਹ ਨੋਟਿਸ ਮਿਲਣ ਦੇ 15 ਦਿਨਾਂ ਦੇ ਅੰਦਰ ਵਪਾਰਕ ਗਤੀ ਵਿਧੀਆਂ ਨੂੰ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਗਲਾਡਾ ਅਧਿਕਾਰੀਆਂ ਦੀ ਮੰਨੀਏ ਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਲੋਕਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਦੁਬਾਰਾ ਸਰਵੇਖਣ ਕੀਤਾ ਜਾਵੇਗਾ ਜੇਕਰ ਗਤੀਵਿਧੀਆਂ ਜਾਰੀ ਰਹਿੰਦੀਆਂ ਹਨ, ਤਾਂ ਗਲਾਡਾ ਸੀਲਿੰਗ ਪ੍ਰਕਿਰਿਆ ਅਰੰਭ ਕਰੇਗੀ

ਵਪਾਰਕ ਵਰਤੋਂ ਲਈ ਬਾਜ਼ਾਰ ਵਿਚ ਖਰੀਦੀਆਂ ਜਾ ਸਕਦੀਆਂ ਨੇ ਦੁਕਾਨਾਂ

ਗਲਾਡਾ ਦੀ ਅਸਟੇਟ ਅਧਿਕਾਰੀ ਸੋਨਮ ਚੌਧਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਪਾਰਕ ਕੰਮ ਕਰਨਾ  ਹੈ ਉਹ ਬਾਜ਼ਾਰ ਵਿੱਚ ਦੁਕਾਨਾਂ ਖਰੀਦ ਸਕਦੇ ਹਨ ਉਨ੍ਹਾਂ ਕਿਹਾ ਕਿ ਪਹਿਲਾ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਹੈ, ਜੇਕਰ ਤਹਿ ਸਮੇਂ ਦੇ ਅੰਦਰ ਦੁਕਾਨਾਂ ਬੰਦ ਨਾ ਕੀਤੀਆਂ ਗਈਆਂ ਤਾਂ ਸੀਲ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।