ਸ: ਢੀਂਡਸਾ ਨੂੰ ਮੁਅੱਤਲ ਕਰਨ ਵਾਲੇ ਦੱਸਣ ਕਿ ਉਨ੍ਹਾਂ ਦੀ ਪਾਰਟੀ ਲਈ ਕੀ ਕੁਰਬਾਨੀ : ਬੀਬੀ ਢੀਂਡਸਾ
ਸੰਗਰੁਰ, (ਗੁਰਪ੍ਰੀਤ ਸਿੰਘ) ਢੀਂਡਸਾ ਪਿਓ ਪੁੱਤਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦੇ ਆਏ ‘ਫੁਰਮਾਨ’ ਤੋਂ ਬਾਅਦ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਅੱਤਲ ਕਰਨ ਵਾਲੇ ਵਿਅਕਤੀ ਦੱਸਣ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ ਅਤੇ ਪਾਰਟੀ ਨੂੰ ਕੀ ਦੇਣ ਹੈ। ਬੀਬੀ ਹਰਜੀਤ ਕੌਰ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸ. ਢੀਂਡਸਾ ਨੂੰ ਮੁਅੱਤਲ ਕਰਨ ਸਬੰਧੀ ਲਏ ਗਏ ਫੈਸਲੇ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਦੀ ਕੁਰਬਾਨੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦੇ ਬਰਾਬਰ ਹੈ।
- ਉਨ੍ਹਾਂ ਮੌਜੂਦਾ ਲੀਡਰਸ਼ਿਪ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਅੱਜ ਢੀਂਡਸਾ ਪਰਿਵਾਰ ਨੂੰ ਮੁਅੱਤਲ ਕਰਨ ਦੀ ਗੱਲ ਕਰ ਰਹੇ ਹਨ,
- ਅਸਲ ਵਿੱਚ ਜਨਤਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ।
- ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ।
- ਉਨ੍ਹਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ੍ਹ ਕੱਟੀ ਹੈ।
- ਜਦੋਂ ਉਹ ਪਹਿਲੀ ਵਾਰ ਜੇਲ੍ਹ ਗਏ ਸਨ, ਉਦੋਂ ਪਰਮਿੰਦਰ ਸਿੰਘ ਢੀਂਡਸਾ ਦਾ ਜਨਮ ਨਹੀਂ ਹੋਇਆ ਸੀ।
- ਜਦੋਂ ਢੀਂਡਸਾ ਪੰਜਾਬ ਦੇ ਭਲੇ ਤੇ ਲੋਕ ਹਿੱਤਾਂ ਲਈ ਦੂਜੀ ਵਾਰ ਜੇਲ੍ਹ ਗਏ, ਉਸ ਵੇਲੇ ਪਰਮਿੰਦਰ ਸਿਰਫ ਦੋ ਸਾਲ ਦਾ ਸੀ
- ਉਹ ਆਪਣੇ ਤਾਏ ਨਾਲ ਉਸ ਦੇ ਮੋਢੇ ‘ਤੇ ਬੈਠ ਕੇ ਆਪਣੇ ਪਿਤਾ ਨੂੰ ਮਿਲਣ ਜੇਲ੍ਹ ਗਿਆ ਸੀ।
- ਉਹਨਾਂ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਅਕਾਲੀ ਸੀ, ਅਕਾਲੀ ਹੈ ਅਤੇ ਅਕਾਲੀ ਹੀ ਰਹੇਗਾ।
- ਸਾਨੂੰ ਅਖੌਤੀ ਲੀਡਰਸ਼ਿਪ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।
ਢੀਂਡਸਾ ਦੇ ਪਿਤਾ ਦੇ ਬਜੁਰਗ ਨਨਕਾਣਾ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰਦੇ ਸਨ
ਸ. ਸੁਖਦੇਵ ਸਿੰਘ ਢੀਂਡਸਾ ਦੇ ਪਿਤਾ ਦੇ ਬਜੁਰਗ ਨਨਕਾਣਾ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰਦੇ ਸਨ। ਉਨ੍ਹਾਂ ਦੀ ਇਸ ਸੇਵਾ ਸਦਕਾ ਹੀ ਢੀਂਡਸਾ ਪਰਿਵਾਰ ਨੂੰ ਅਕਾਲੀ ਲਾਣੇ ਦਾ ਖਿਤਾਬ ਮਿਲਿਆ ਸੀ। ਪਾਰਟੀ ਨੂੰ ਅੱਜ ਨਿਘਾਰ ਵੱਲ ਲੈ ਕੇ ਜਾਣ ਵਿਚ ਉਨ੍ਹਾਂ ਲੋਕਾਂ ਦਾ ਹੱਥ ਹੈ, ਜੋ ਪਾਰਟੀ ਨੂੰ ਤਾਨਾਸ਼ਾਹ ਵਾਂਗ ਚਲਾ ਰਹੇ ਹਨ ਅਤੇ ਉਨ੍ਹਾਂ ਚਾਪਲੂਸਾਂ ਦਾ ਹੱਥ ਹੈ, ਜੋ ਸਮੇਂ- ਸਮੇਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਉਨ੍ਹਾਂ ਦੇ ਆਲੇ-ਦੁਆਲੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਅਕਾਲੀ ਦਲ ਦੀ ਅਖੌਤੀ ਲੀਡਰਸ਼ਿਪ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਇਕੱਠ ਦਿਖਾਉਣ ਲਈ ਬਾਹਰਲੇ ਹਲਕਿਆਂ ਤੋਂ ਬੱਸਾਂ ਭਰ ਕੇ ਲੋਕ ਲਿਆਉਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।