ਨੌਜਵਾਨਾਂ ਨੂੰ ਭਾਰਤ ਦਾ ਜਮਹੂਰੀ ਤੇ ਧਰਮ ਨਿਰਪੇਖ ਸਰੂਪ ਬਚਾਉਣ ਲਈ ਅੱਗੇ ਆਉਣ ਦਾ ਸੱਦਾ
ਯੂਥ ਕਾਂਗਰਸ ਨੂੰ ਆਪਣੀ ਸਰਕਾਰ ਵੱਲੋਂ ਪੂਰਾ ਸਮੱਰਥਨ ਦੇਣ ਦਾ ਭਰੋਸਾ
ਅਸ਼ਵਨੀ ਚਾਵਲਾ(ਚੰਡੀਗੜ੍ਹ) ‘ਸਾਡਾ ਨਾਅਰਾ, ਕੈਪਟਨ ਦੁਬਾਰਾ’ ਦੇ ਨਾਅਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਓਦੋਂ ਤੱਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤੱਕ ਉਹ ਨੌਜਵਾਨਾਂ ਲਈ ਰੋਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿੱਚ ਸਾਰਿਆਂ ਦੀ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।ਅੱਜ ਇੱਥੇ ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਯੂਥ ਕਾਂਗਰਸੀ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਸੂਬੇ ਦੀ ਇਸ ਦੀ ਤਰੱਕੀ ਤੇ ਵਿਕਾਸ ਲਈ ਇਸ ਨੂੰ ਆਪਣੀ ਅਗਵਾਈ ਦੇਣੀ ਜਾਰੀ ਰੱਖਣਗੇ।
ਨੌਜਵਾਨਾਂ ਦੇ ਇਕੱਠ ਦੌਰਾਨ ਨਾਅਰਿਆਂ ਦੀ ਗੂੰਜ ਵਿੱਚ ਮੁੱਖ ਮੰਤਰੀ ਨੇ ਤਹੱਈਆ ਕਰਦਿਆਂ ਕਿਹਾ,”ਇਹ ਮੇਰਾ ਸੂਬਾ ਹੈ ਅਤੇ ਤੁਸੀਂ ਸਾਰੇ ਮੇਰੇ ਆਪਣੇ ਲੋਕ ਹੋ। ਮੈਂ ਤੁਹਾਡੀ ਖਾਤਰ ਸਦਾ ਇੱਥੇ ਹੀ ਰਹਾਂਗਾ ਅਤੇ ਤਦ ਤੱਕ ਕਿਤੇ ਨਹੀਂ ਜਾਵਾਂਗਾ, ਜਦੋਂ ਤੱਕ ਪੰਜਾਬ ਦੇ ਹਰੇਕ ਨਾਗਰਿਕ ਦੀ ਭਲਾਈ ਨੂੰ ਯਕੀਨੀ ਨਹੀਂ ਬਣਾ ਲੈਂਦਾ।” ਬਹੁਤੇ ਨੌਜਵਾਨ ਤਾਂ ਇਹ ਮੰਗ ਕਰਦੇ ਵੀ ਸੁਣੇ ਗਏ ਕਿ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਹੋਰ ਕਈ ਵਾਰ ਸੂਬੇ ਦੀ ਵਾਗਡੋਰ ਸੰਭਾਲਦੇ ਰਹਿਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਨਾਂ ਦੀ ਸਰਕਾਰ ਪੂਰਾ ਸਮਰਥਨ ਦੇਵੇਗੀ। ਉਨਾਂ ਨੇ ਨੌਜਵਾਨ ਆਗੂਆਂ ਨਾਲ ਵਾਅਦਾ ਕੀਤਾ ਕਿ ਸੂਬੇ ਅਤੇ ਇੱਥੋਂ ਦੇ ਨੌਜਵਾਨਾਂ ਦੇ ਹਿੱਤ ਵਿੱਚ ਕਿਸੇ ਵੀ ਕੰਮ ਲਈ ਉਨਾਂ ਨੂੰ ਸਾਰੇ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਹੋਰਾਂ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਸੰਵਿਧਾਨ ਦੀ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ
ਭਾਜਪਾ ‘ਤੇ ਵਰ੍ਹਦਿਆਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨਾਂ ਕਿਹਾ,”ਮੁਲਕ ਦਾ ਮੌਜੂਦਾ ਦੌਰ ਲੋਕ ਰਾਜ ਵਾਲਾ ਨਹੀਂ ਸਗੋਂ ਗੁੰਡਾ ਰਾਜ ਵਾਲਾ ਹੈ। ਉਨਾਂ ਨੇ ਮੁਲਕ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਅਗਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਪੰਜਾਬ ਲਈ ਆਪਣੀ ਸਰਕਾਰ ਦੇ ਵਿਕਾਸ ਏਜੰਡੇ ਦਾ ਜ਼ਿਕਰ ਕਰਦਿਆਂ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਪ੍ਰਾਈਵੇਟ ਸੈਕਟਰ ਵੱਡੇ ਪੱਧਰ ‘ਤੇ ਸਹਿਯੋਗ ਕਰ ਰਿਹਾ ਹੈ। ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ ਦੱਸਿਆ।ਇਸ ਮੌਕੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਯੂਥ ਵਿੰਗ ਭਵਿੱਖ ਦੇ ਲੀਡਰ ਤਿਆਰ ਕਰਨ ਦੀ ਨਰਸਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।