ਮਾਲੇਰਕੋਟਲਾ ਰਿਹਾ ਮੁਕੰਮਲ ਬੰਦ, ਘਰਾਂ ਦੁਕਾਨਾਂ ‘ਤੇ ਲੱਗੀਆਂ ਕਾਲੀਆਂ ਝੰਡੀਆਂ
ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ: ਉਮਰ ਖਾਲਿਦ
ਗੁਰਤੇਜ ਜੋਸ਼ੀ/ਮਾਲੇਰਕੋਟਲਾ। ਮੋਦੀ ਸਰਕਾਰ ਵੱਲੋਂ ਸੀ.ਏ.ਏ\ਐਨ.ਆਰ.ਸੀ ਐਕਟ ਲਾਗੂ ਕਰਨ ‘ਤੇ ਜਿੱਥੇ ਅੱਜ ਪੂਰੇ ਪੰਜਾਬ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਮਾਲੇਰਕੋਟਲਾ ਵਿਖੇ ਵੀ ਸਥਾਨਕ ਕਮਲ ਸਿਨੇਮਾ ਰੋਡ ‘ਤੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਕਿਹਾ ਕਿ ਮਾਲੇਰਕੋਟਲਾ ਉਹ ਇਤਿਹਾਸਕ ਧਰਤੀ ਹੈ, ਜਿੱਥੇ ਦੇਸ਼ ਦੀ ਵੰਡ ਸਮੇਂ ਜਦੋਂ ਥਾਂ-ਥਾਂ ‘ਤੇ ਦੰਗੇ ਹੋ ਰਹੇ ਸਨ, ਜੇਕਰ ਕਿਤੇ ਅਮਨ ਸ਼ਾਂਤੀ ਸੀ ਤਾਂ ਸਿਰਫ ਤੇ ਸਿਰਫ ਮਾਲੇਰਕੋਟਲਾ ‘ਚ ਸੀ। ਉਨ੍ਹਾਂ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਇਨ੍ਹਾਂ ਦੇ ਸਾਥੀ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਅਸੀਂ ਜਦੋਂ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਸੁੱਟਿਆ ਤਾਂ ਤੁਸੀਂ ਤਾਂ ਕੀ ਚੀਜ਼ ਹੋ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਸੰਸਦ ‘ਚ ਕਿਹਾ ਕਿ ਮੁਸਲਮਾਨਾਂ ਨੂੰ ਇਸ ਕਾਨੂੰਨ ਤੋਂ ਡਰਨ ਦੀ ਲੋੜ ਨਹੀਂ ਮੈਂ ਉਨ੍ਹਾਂ ਨੂੰ ਦੱੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਪੰਜਾਬ ‘ਚ ਸਾਡੇ ਸਿੱਖ ਭਾਈ ਨਾਲ ਖੜ੍ਹੇ ਹਨ ਸਾਨੂੰ ਕੋਈ ਖਤਰਾ ਨਹੀਂ ਹੈ। 2024 ਤੱਕ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਇੱਕ ਇੱਕ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਆਸਾਮ ਦੇ 19 ਲੱਖ ਲੋਕ ਜੋ ਐਨਆਰਸੀ ਤੋਂ ਬਾਹਰ ਰਹਿ ਗਏ ਹਨ, ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੈ।
ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ
ਅਸੀਂ ਐਨਆਰਸੀ ਦੇ ਸਮੇਂ ਆਪਣੇ ਦਸਤਾਵੇਜ਼ ਤਾਂ ਹੀ ਦਿਖਾਵਾਂਗੇ ਜੇਕਰ ਮੋਦੀ ਆਪਣੀ ਡਿਗਰੀ ਦਿਖਾਵੇਗਾ। ਆਪਣੇ ਸੰਬੋਧਨ ਦੌਰਾਨ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਆਜ਼ਮ ਪੰਜਾਬ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਅਸੀਂ ਵੱਡੀ ਗਿਣਤੀ ‘ਚ ਇਕੱਠੇ ਹੋਏ ਹਾਂ ਉਸ ਦੇ ਲਈ ਮਾਲੇਰਕੋਟਲਾ ਵਾਸੀ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ ਅਤੇ ਪੂਰੇ ਸ਼ਹਿਰ ਦੇ ਘਰਾਂ, ਦੁਕਾਨਾਂ ਤੇ ਮਸਜਿਦਾਂ ‘ਤੇ ਲੋਕਾਂ ਨੇ ਕਾਲੇ ਝੰਡੇ ਲਹਿਰਾ ਕੇ ਆਪਣੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਹਾਲਾਤ ‘ਤੇ ਕਾਬੂ ਰੱਖਣ ਲਈ ਪੀਸ ਕਮੇਟੀ ਦੀ ਮੀਟਿੰਗ ਸੱਦੀ, ਜਿੱਥੇ ਸਾਰੇ ਸ਼ਹਿਰਵਾਸੀਆਂ ਨੂੰ ਮਾਹੌਲ ਨੂੰ ਅਮਨ ਸ਼ਾਂਤੀ ਵਾਲਾ ਬਣਾਈ ਰੱਖਣ ‘ਚ ਸਹਿਯੋਗ ਦੀ ਮੰਗ ਕੀਤੀ ਅਤੇ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਫਲੈਗ ਮਾਰਚ ਵੀ ਕੱਢਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।