ਅਸਤੀਫੇ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਫੋਨ ਬੰਦ, ਹਮਾਇਤੀ ਦੁਵਿਧਾ ‘ਚ
ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ
ਗੁਰਪ੍ਰੀਤ ਸਿੰਘ/ਸੰਗਰੂਰ।ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਵਿਧਾਨਕਾਰੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ ਤੇ ਉਹਨਾਂ ਦੇ ਹਮਾਇਤੀ ਉਹਨਾਂ ਦੇ ਵਾਪਸ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰਮਿੰਦਰ ਦੇ ਅਸਤੀਫ਼ੇ ਦੀ ਖ਼ਬਰ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਫੋਨ ਕੀਤੇ ਜਾ ਰਹੇ ਹਨ ਕਿ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ ਢੀਂਡਸਾ ਦੀ ਸੰਗਰੂਰ ਰਿਹਾਇਸ਼ ‘ਤੇ ਵੀ ਉਨ੍ਹਾਂ ਦੇ ਸਮਰਥਕਾਂ ਨੇ ਆਉਣਾ ਆਰੰਭ ਕਰ ਦਿੱਤਾ ਹੈ ਪਰ ਪਤਾ ਲੱਗਿਆ ਹੈ ਕਿ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ਹਲਕੇ ਤੋਂ ਬਾਹਰ ਹਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਸੰਗਰੂਰ ਪਰਤਣ ਦੀ ਸੰਭਾਵਨਾ ਹੈ ।
ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਲਹਿਰਾਗਾਗਾ ਦੇ ਆਗੂ ਵੀ ਆਪਣੇ ਆਗੂ ਦੇ ਇਸ ਫੈਸਲੇ ਕਾਰਨ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇ ਰਹੇ ਹਨ ਪਾਰਟੀ ਦਾ ਡਰ ਮੰਨਣ ਵਾਲੇ ਆਗੂ ਇਸ ‘ਤੇ ਕੋਈ ਜਵਾਬ ਨਹੀਂ ਦੇ ਰਹੇ ਹਨ ਪਰ ਇਸ ਦੇ ਉਲਟ ਢੀਂਡਸਾ ਨਾਲ ਨਿੱਜੀ ਤੌਰ ‘ਤੇ ਜੁੜੇ ਆਗੂ ਇਸ ਫੈਸਲੇ ਨੂੰ ਸਹੀ ਫੈਸਲਾ ਆਖ ਰਹੇ ਹਨ ਹਲਕੇ ਅਕਾਲੀ ਆਗੂ ਮਹੀਂਪਾਲ ਸਿੰਘ ਭੂਲਣ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਮਿੰਦਰ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁਲ ਦਰੁੱਸਤ ਹੈ ਉਨ੍ਹਾਂ ਕਿਹਾ ਕਿ ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਿੰਦਰ ਇਸ ਸਬੰਧੀ ਸਾਰਾ ਕੁਝ ਸਪੱਸ਼ਟ ਕਰ ਦੇਣਗੇ।
ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ
ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕੁਝ ਚਿਰ ਠੱਲ੍ਹੀ ਸਿਆਸੀ ਚਰਚਾ ਨੂੰ ਇੱਕ ਵਾਰ ਫਿਰ ਜ਼ੋਰ ਦਿੱਤਾ ਹੈ ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ ਹੈ ਜਦੋਂ ਕਿ ਸਿਆਸੀ ਮਾਹਿਰਾਂ ਨੂੰ ਇਸ ਦੀ ਕਾਫ਼ੀ ਪਹਿਲਾਂ ਤੋਂ ਉਮੀਦ ਸੀ ਪਰਮਿੰਦਰ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਿੱਚ ਇੱਕ ਵਾਰ ਫੇਰ ਘੁਸਰ-ਮੁਸਰ ਹੋਣ ਲੱਗੀ ਹੈ ਇਹ ਵੀ ਚਰਚਾ ਹੈ ਕਿ ਛੋਟਾ ਢੀਂਡਸਾ ਇਸ ਕਦਮ ਨੂੰ ਫਿਲਹਾਲ ਰਾਜ਼ੀ ਨਹੀਂ ਸੀ ਪਰ ਉਨ੍ਹਾਂ ਨੂੰ ਆਪਣੇ ਪਿਤਾ ਦੇ ਫੈਸਲਾ ਨਾਲ ਸਹਿਮਤੀ ਪ੍ਰਗਟਾਉਣੀ ਪਈ ਹੈ।
ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ ਸਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੀ ਚੋਣ ਸਮੇਂ ਉਹ ਨਾ ਤਾਂ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਆਪਣੇ ਟਕਸਾਲੀਆਂ ਦੇ ਸਮਾਗਮ ਵਿੱਚ ਗਏ ਸਨ ਇਸ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਰਿਹਾਇਸ਼ ‘ਤੇ ਸਮਰਥਕਾਂ ਦੇ ਕੀਤੇ ਗਏ ਇਕੱਠ ਵਿੱਚ ਵੀ ਉਨ੍ਹਾਂ ਨੇ ਹਾਜ਼ਰੀ ਨਹੀਂ ਸੀ ਲਗਵਾਈ, ਜਿਸ ਕਾਰਨ ਸਿਆਸੀ ਪੜਚੋਲ ਕਰਨ ਵਾਲੇ ਮੰਨ ਰਹੇ ਸਨ।
ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਪਾਰਟੀ ਵਿੱਚ ਹੀ ਰਹਿ ਕੇ ਸਿਆਸਤ ਕਰਨੀ ਚਾਹੁੰਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨੂੰ ਮਿਲਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਸਵੀਕਾਰ ਕਰ ਲਿਆ ਗਿਆ ਹੈ ਇਸ ਸਬੰਧੀ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।