ਦੋ ਬੱਚਿਆਂ ਦੀ ਮੌਤ ਤੇ ਬਾਕੀ ਮੈਂਬਰ ਬੇਹੋਸ਼ ਪਾਏ ਗਏ
ਜੇਐੱਨਐੱਨ, ਲੁਧਿਆਣਾ : ਠੰਢ ਤੋਂ ਬਚਣ ਲਈ ਬਾਲ਼ੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਪਰਿਵਾਰ ਦੇ ਬਾਕੀ ਲੋਕ ਵੀ ਬੇਹੋਸ਼ ਹੋ ਗਏ ਜਿਨ੍ਹਾਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਥਾਣਾ ਟਿੱਬਾ ਅਧੀਨ ਬਸਤੀ ਜੋਧੇਵਾਲ ਸਥਿਤ ਚੰਦਰਲੋਕ ਕਾਲੋਨੀ ਦੇ ਗਲ਼ੀ ਨੰਬਰ 10 ‘ਚ ਰਹਿਣ ਵਾਲੇ ਪਰਿਵਾਰ ਨੇ ਸੋਮਵਾਰ ਰਾਤ ਸੌਣ ਤੋਂ ਪਹਿਲਾਂ ਠੰਢ ਤੋਂ ਬਚਣ ਲਈ ਕਮਰੇ ‘ਚ ਅੰਗੀਠੀ ਬਾਲ਼ੀ ਸੀ। ਅੰਗੀਠੀ ਬਿਨਾਂ ਬੁਝਾਏ ਹੀ ਪਰਿਵਾਰ ਸੌਂ ਗਿਆ। ਮੰਗਲਵਾਰ ਸਵੇਰੇ ਜਦੋਂ ਗੁਆਂਢੀਆਂ ਨੇ ਦੇਖਿਆ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਘਰੋਂ ਬਾਹਰ ਨਹੀਂ ਨਿਕਲਿਆ ਹੈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਉਨ੍ਹਾਂ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ।
ਇਸ ਤੋਂ ਬਾਅਦ ਗੁਆਂਢੀਆਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ। ਅੰਦਰ ਪਰਿਵਾਰ ਦੇ ਸਾਰੇ ਮੈਂਬਰ ਬੇਹੋਸ਼ ਸਨ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਗੌਰਵ (12) ਤੇ ਦਸ ਸਾਲ ਦੇ ਸੌਰਵ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਬੱਚਿਆਂ ਦੇ ਪਿਤਾ ਪ੍ਰਮੋਦ ਕੁਮਾਰ ਤੇ ਉਸ ਦੀ ਮਾਤਾ ਨਿਸ਼ਾ, ਭੈਣ ਸੁਨੀਤਾ ਤੇ ਜੀਜਾ ਸੁਸ਼ੀਲ ਕੁਮਾਰ ਕਮਰੇ ‘ਚ ਬੇਹੋਸ਼ ਮਿਲੇ, ਜਿਨ੍ਹਾਂ ਨੂੰ ਗੁਆਂਢੀਆਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।