Punjab Mandi Board | ਹੋ ਰਹੀ ਹੈ ਲੱਖਾਂ ਰੁਪਏ ਮਾਰਕੀਟ ਫ਼ੀਸ ਦੀ ਚੋਰੀ
ਇਸ ਨੂੰ ਚੈੱਕ ਕਰਨ ਦੀ ਜਿੰਮੇਵਾਰੀ ਪੰਜਾਬ ਮੰਡੀ ਬੋਰਡ ਦੀ: ਡੀਐਫਐਸਸੀ
ਅਮਲੋਹ (ਅਨਿਲ ਲੁਟਾਵਾ)। ਅਮਲੋਹ ਅਤੇ ਆਸ ਪਾਸ ਇਲਾਕੇ ਵਿੱਚ ਸ਼ੈਲਰ ਮਾਲਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੋਂ ਬਾਹਰੋਂ ਹੋਰ ਸੂਬਿਆਂ ਤੋਂ ਦੋ ਨੰਬਰ ਵਿੱਚ ਝੋਨੇ ਦੀ ਖ਼ਰੀਦ ਕਰਕੇ ਜਿੱਥੇ ਲੱਖਾਂ ਰੁਪਏ ਦੀ ਮਾਰਕੀਟ ਫ਼ੀਸ ਦੀ ਚੋਰੀ ਕੀਤੀ ਜਾ ਰਹੀ ਹੈ ਉਥੇ ਹੀ ਇਸ ਤੋਂ ਤਿਆਰ ਕੀਤਾ ਚਾਵਲ ਐਫ ਸੀ ਆਈ ਦੇ ਡਿਪੂਆਂ ਵਿੱਚ ਲਗਾ ਕੇ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ । ਸੂਤਰਾਂ ਅਨੁਸਾਰ ਕੁੱਝ ਸ਼ੈਲਰ ਮਾਲਕਾਂ ਵੱਲੋਂ ਇਹ ਕੰਮ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮਿਲ ਕੇ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਜਿਸ ਨਾਲ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਰਗੜਾ ਲੱਗ ਰਿਹਾ ਹੈ ਉਥੇ ਹੀ ਇਨ੍ਹਾਂ ਸ਼ੈਲਰ ਮਾਲਕਾਂ ਵੱਲੋਂ ਲੱਖਾਂ ਰੁਪਏ ਕਮਾਇਆ ਜਾ ਰਿਹਾ ਹੈ।
ਝੋਨਾ ਕਿਸ ਮੰਡੀ ਵਿੱਚੋਂ ਆ ਕੇ ਸ਼ੈਲਰ ਵਿੱਚ ਲੱਗ ਰਿਹਾ ਹੈ, ਦੀ ਜਿੰਮੇਵਾਰੀ ਪੰਜਾਬ ਮੰਡੀ ਬੋਰਡ ਦੀ
ਸੂਤਰਾਂ ਅਨੁਸਾਰ ਅਮਲੋਹ ਦੇ 2-3 ਸ਼ੈਲਰ ਮਾਲਕਾਂ ਵੱਲੋਂ ਹਰ ਸਾਲ ਸਸਤੇ ਮੁੱਲ ਵਿੱਚ ਬਾਜ਼ਾਰ ਵਿੱਚੋਂ ਘਟੀਆ ਕਿਸਮ ਦਾ ਚਾਵਲ ਬਾਹਰਲੇ ਸੂਬਿਆਂ ਤੋਂ ਖ਼ਰੀਦ ਕੇ ਐਫ ਸੀ ਆਈ ਦੇ ਡਿਪੂਆਂ ਵਿੱਚ ਲਗਾਇਆ ਜਾ ਰਿਹਾ ਹੈ । ਕਿਉਂਕਿ ਬਾਜ਼ਾਰ ਵਿੱਚ ਚਾਵਲ ਦੀ ਕੀਮਤ ਬਹੁਤ ਘੱਟ ਹੈ ਜਦੋਂ ਕਿ ਐਫ ਸੀ ਆਈ ਦੇ ਚਾਵਲ ਦਾ ਰੇਟ ਵੱਧ ਹੈ। ਇਸ ਕਾਲੇ ਧੰਦੇ ਵਿੱਚ ਜਿੱਥੇ ਫੂਡ ਸਪਲਾਈ, ਐਫ ਸੀ ਆਈ ਅਤੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੈ ਉਥੇ ਹੀ ਇਸ ਕੰਮ ਲਈ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਵੀ ਘੱਟ ਜਿੰਮੇਵਾਰ ਨਹੀਂ ਹਨ।
ਕਿਉਂਕਿ ਜਦੋਂ ਕਿਸੇ ਵੀ ਸ਼ੈਲਰ ਵਿੱਚ ਝੋਨਾ ਲੱਗਦਾ ਹੈ ਤਾਂ ਉਸ ਦੀ ਦੇਖ ਰੇਖ ਦੀ ਜਿੰਮੇਵਾਰੀ ਵੀ ਸੰਬੰਧਤ ਏਜੰਸੀ ਦੀ ਹੁੰਦੀ ਹੈ । ਜਦੋਂ ਕਿ ਝੋਨਾ ਕਿਸ ਮੰਡੀ ਵਿੱਚੋਂ ਆ ਕੇ ਸੰਬਧਤ ਸ਼ੈਲਰ ਵਿੱਚ ਲੱਗ ਰਿਹਾ ਹੈ, ਦੀ ਜਿੰਮੇਵਾਰੀ ਪੰਜਾਬ ਮੰਡੀ ਬੋਰਡ ਦੀ ਹੈ। ਲੇਕਿਨ ਇਸ ਲਾਪਰਵਾਹੀ ਲਈ ਹਰ ਇਕ ਮਹਿਕਮਾ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ ਅਤੇ ਇਸ ਸੰਬੰਧੀ ਦੂਸਰੇ ਨੂੰ ਕਸੂਰਵਾਰ ਦਸ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹੇ ਦੇ ਡੀ ਐਫ ਐਸ ਸੀ ਡਾਕਟਰ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਗਰ ਕੋਈ ਸ਼ੈਲਰ ਵਾਲਾ ਬਾਹਰਲੇ ਸੂਬੇ ਤੋਂ ਝੋਨਾ ਜਾਂ ਚਾਵਲ ਲਿਆ ਰਿਹਾ ਹੈ ਤਾਂ ਇਸ ਦੀ ਜਿੰਮੇਵਾਰੀ ਪੰਜਾਬ ਮੰਡੀ ਬੋਰਡ ਦੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।