ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰਨਗੇ ਆਰਜ਼ੀ ਉਦਘਾਟਨ
ਚਾਲੂ ਹੋਣਗੀਆਂ 12 ਵਿਚੋਂ 9 ਓਪੀਡੀ , ਜੂਨ 2020 ‘ਚ ਹੋਵੇਗਾ ਰਸਮੀ ਉਦਘਾਟਨ
ਸੁਖਜੀਤ ਮਾਨ/ਬਠਿੰਡਾ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ 23 ਦਸੰਬਰ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਇੰਸਟੀਚਿਊਟ ਦੇ 12 ਓਪੀਡੀਜ਼ ਵਿਚੋਂ 9 ਓਪੀਡੀਜ਼ ਕੰਮ ਕਰਨਾ ਸ਼ੁਰੂ ਕਰ ਦੇਣਗੇ ਕੇਂਦਰੀ ਮੰਤਰੀ ਨੇ ਦੱਸਿਆ ਕਿ 9 ਵਿਭਾਗਾਂ ਅੰਦਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ 23 ਦਸੰਬਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਵੱਲੋਂ ਇੰਸਟੀਚਿਊਟ ਦਾ ਆਰਜ਼ੀ ਉਦਘਾਟਨ ਕੀਤੇ ਜਾਣ ਮਗਰੋਂ ਇਹ ਸਾਰੇ ਵਿਭਾਗ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਕਿਹਾ ਕਿ ਇਸ ਇੰਸਟੀਚਿਊਟ ਦਾ ਰਸਮੀ ਉਦਘਾਟਨ ਸਾਰੀਆਂ ਓਪੀਡੀਜ਼ ਚਾਲੂ ਹੋਣ ਮਗਰੋਂ ਜੂਨ 2020 ਵਿਚ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਅਗਲੇ ਸਾਲ ਇਸ ਇੰਸਟੀਚਿਊਟ ਦਾ ਉੁਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਬੀਬਾ ਬਾਦਲ ਨੇ ਸੂਬਾ ਸਰਕਾਰ ਨੂੰ ਵੀ ਆਖਿਆ ਕਿ ਇਸ ਵੱਕਾਰੀ ਸੰਸਥਾਨ ਦੇ ਵੇਲੇ ਸਿਰ ਉਦਘਾਟਨ ਲਈ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏ।
ਪੰਜਾਬ ਸਰਕਾਰ ਦੀ ਲੇਟ-ਲਤੀਫੀ ‘ਤੇ ਜਤਾਇਆ ਅਫਸੋਸ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਵੇਂ ਏਮਜ਼ ਬਠਿੰਡਾ 100ਫੀਸਦੀ ਕੇਂਦਰ ਸਰਕਾਰ ਦੇ ਫੰਡਾਂ ਨਾਲ ਹੋਂਦ ਵਿਚ ਆਇਆ ਪ੍ਰੋਜੈਕਟ ਹੈ ਪਰ ਜ਼ਮੀਨੀ ਪੱਧਰ ‘ਤੇ ਕੁਝ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਵੀ ਹੈ, ਜਿਹਨਾਂ ਵਿਚ ਸੰਸਥਾਨ ਤਕ ਪਹੁੰਚਣ ਲਈ ਸੜਕਾਂ, ਬੱਸ ਸਟਾਪ ਅਤੇ ਅਰਾਮ ਘਰ ਬਣਾਉਣਾ ਆਦਿ ਸ਼ਾਮਲ ਹਨ ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਇਹ ਸਾਰੇ ਪ੍ਰਬੰਧ ਕੀਤੇ ਨਹੀਂ ਗਏ ਹਨ ਜਦ ਕਿ ਏਮਜ਼ ਲਗਭਗ ਮੁਕੰਮਲ ਹੋਣ ਵਾਲਾ ਹੈ ਉਹਨਾਂ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਇਹ ਸਾਰੇ ਪ੍ਰਬੰਧ ਜਲਦੀ ਮੁਕੰਮਲ ਕਰਨ ਲਈ ਕਹਿਣਗੇ ਪਰੰਤੂ ਜੇਕਰ ਸਰਕਾਰ ਦਾ ਰਵੱਈਆ ਢਿੱਲਾ ਹੀ ਰਿਹਾ ਤਾਂ ਉਹ ਆਪਣੇ ਸੰਸਦ ਮੈਂਬਰ ਵਾਲੇ ਕੋਟੇ ਵਿਚਲੇ ਫੰਡਾਂ ਦੀ ਵਰਤੋਂ ਕਰਕੇ ਇਹਨਾਂ ਸਹੂਲਤਾਂ ਦਾ ਪ੍ਰਬੰਧ ਕਰ ਦੇਣਗੇ।
ਅੜਿੱਕਿਆਂ ਦੇ ਬਾਵਜ਼ੂਦ ਏਮਜ਼ ਸਮੇਂ ਸਿਰ ਮੁਕੰਮਲ : ਬਾਦਲ
ਉਨ੍ਹਾਂ ਲੋੜੀਂਦੀਆਂ ਪ੍ਰਵਾਨਗੀਆਂ ਨਾ ਦੇ ਕੇ ਇਸ ਪ੍ਰੋਜੈਕਟ ਦੇ ਰਸਤੇ ਵਿਚ ਕਾਂਗਰਸ ਸਰਕਾਰ ਵੱਲੋਂ ਪਾਏ ਅੜਿੱਕਿਆਂ ਦੇ ਬਾਵਜੂਦ ਏਮਜ਼ ਬਠਿੰਡਾ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਤਹਿਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਦੇ ਸ਼ੁਰੂ ਹੋਣ ਨਾਲ ਇੱਥੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਇਲਾਜ ਦੀ ਸਹੂਲਤ ਮਿਲ ਜਾਵੇਗੀ ਅਤੇ ਲੋਕਾਂ ਨੂੰ ਇਲਾਜ ਵਾਸਤੇ ਪੀਜੀਆਈ, ਚੰਡੀਗੜ੍ਹ ਅਤੇ ਦੂਸਰੀਆਂ ਥਾਵਾਂ ਉਤੇ ਨਹੀਂ ਜਾਣਾ ਪਵੇਗਾ ਉਹਨਾਂ ਕਿਹਾ ਕਿ ਇਹ ਸੰਸਥਾਨ ਪੰਜਾਬੀਆਂ ਖਾਸ ਕਰਕੇ ਮਾਲਵੇ ਦੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।