amrinder singh | ਕੈਂਸਰ ਪੀੜਤਾਂ ਨੂੰ 2 ਸਾਲਾਂ ਤੋਂ ਨਹੀਂ ਜਾਰੀ ਹੋ ਰਹੀ ਰਾਹਤ ਰਾਸ਼ੀ, ‘ਆਪ’ ਵਿਧਾਇਕਾਂ ਨੇ ਦਿੱਤੀ ਚੇਤਾਵਨੀ
ਚੰਡੀਗੜ, (ਅਸ਼ਵਨੀ ਚਾਵਲਾ) । ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਰੀਬ 2 ਸਾਲ ਪਹਿਲਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਅਧੀਨ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਵਿੱਤੀ ਮਦਦ ਉੱਤੇ ਅਣਐਲਾਨੀ ਰੋਕ ਲਾਉਣ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਰਕਾਰ ਕੈਂਸਰ ਪੀੜਤਾਂ ਲਈ ਐਨੀ ਬੇਕਿਰਕ ਨਾ ਹੋਵੇ ਅਤੇ ਪਹਿਲ ਦੇ ਆਧਾਰ ‘ਤੇ ਕੈਂਸਰ ਰਾਹਤ ਫ਼ੰਡ ਜਾਰੀ ਕਰੇ, ਤਾਂ ਕਿ ਜ਼ਿੰਦਗੀ ਲਈ ਜੱਦੋਜਹਿਦ ਦੌਰਾਨ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਰਹੇ ਇਨਾਂ ਪੀੜਤ ਪਰਿਵਾਰਾਂ ਨੂੰ ਥੋੜੀ ਬਹੁਤ ਰਾਹਤ ਮਿਲ ਸਕੇ। amrinder singh
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਨਾ ਸ਼ੱਕ ਕਿ ਪੰਜਾਬ ‘ਮਾਫ਼ੀਆ ਰਾਜ’ ਕਾਰਨ ਘੋਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਇਸ ਵਿੱਤੀ ਸੰਕਟ ਦਾ ਅਸਰ ਜੇਕਰ ਸੱਤਾਧਾਰੀ ਸਿਆਸੀ ਆਗੂਆਂ, ਮੰਤਰੀਆਂ ਅਤੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਫ਼ੌਜ ਦੇ ਸੁੱਖ ਸਹੂਲਤਾਂ ਅਤੇ ਲਾਮ-ਲਸ਼ਕਰ ‘ਤੇ ਨਹੀਂ ਪੈ ਰਿਹਾ ਤਾਂ ਕੈਂਸਰ ਪੀੜਤ ਮਰੀਜ਼ਾਂ, ਅਪਾਹਜ, ਵਿਧਵਾ ਤੇ ਬੁਢਾਪਾ ਪੈਨਸ਼ਨ, ਸਿਹਤ ਅਤੇ ਸਰਕਾਰੀ ਸਿੱਖਿਆ ਸੰਸਥਾਵਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਸਮੇਤ ਆਮ ਲੋਕਾਂ ਨਾਲ ਜੁੜੀਆਂ ਸਾਰੀਆਂ ਲੋਕ ਭਲਾਈ ਸਕੀਮਾਂ ‘ਤੇ ਹੀ ਕਿਉਂ ਪੈਂਦਾ ਹੈ?
ਬਲਜਿੰਦਰ ਕੌਰ, ਰੂਬੀ, ਮੀਤ ਹੇਅਰ, ਬਿਲਾਸਪੁਰ, ਪੰਡੋਰੀ ਤੇ ਮਾਸਟਰ ਜੈਤੋ ਨੇ ਜਮ ਕੇ ਕੋਸੀ ਸਰਕਾਰ
ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਮੁੱਖ ਮੰਤਰੀ ਫ਼ੰਡ ‘ਚੋਂ ਨਿਰਧਾਰਿਤ ਰਾਸ਼ੀ ਨਾ ਸਿਰਫ਼ ਤਰਜੀਹੀ ਤੌਰ ‘ਤੇ ਤੁਰੰਤ ਜਾਰੀ ਕੀਤੀ ਜਾਵੇ, ਸਗੋਂ ਇਸ ਰਾਹਤ ਫ਼ੰਡ ਨੂੰ ਪ੍ਰਤੀ ਮਰੀਜ਼ 1.50 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇ। ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਵਿੱਤ ਵਿਭਾਗਾਂ ਵੱਲੋਂ ਫ਼ੰਡ ਲਈ ਸਾਲਾਨਾ ਸਿਰਫ਼ 10 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਜਦਕਿ ਸਾਰੇ ਮਰੀਜ਼ਾਂ ਨੂੰ ਡੇਢ ਲੱਖ ਰੁਪਏ ਤੁਰੰਤ ਯਕੀਨੀ ਬਣਾਉਣ ਲਈ ਇਹ ਫ਼ੰਡ 60 ਕਰੋੜ ਰੁਪਏ ਸਾਲਾਨਾ ਬਣਦਾ ਹੈ।
ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਦਫ਼ਤਰ ਦੀ ਕਾਰਗੁਜ਼ਾਰੀ ‘ਤੇ ਉਗਲ ਚੁੱਕਦਿਆਂ ਕਿਹਾ ਕਿ 2 ਹਜ਼ਾਰ ਤੋਂ ਵੱਧ ਕੈਂਸਰ ਪੀੜਤਾਂ ਦੀਆਂ ਅਰਜ਼ੀਆਂ ਲੰਬਿਤ ਪਈਆਂ ਹਨ, ਜਿੰਨਾ ਦੀ ਪੁਸ਼ਟੀ ਸਿਹਤ ਵਿਭਾਗ ਵੀ ਕਰ ਰਿਹਾ ਹੈ, ਪਰੰਤੂ ਮੁੱਖ ਮੰਤਰੀ ਦਫ਼ਤਰ ਦਾਅਵਾ ਕਰ ਰਿਹਾ ਹੈ ਕਿ ਕਿਸੇ ਮਰੀਜ਼ ਦਾ ਕੋਈ ਬਕਾਇਆ ਬਾਕੀ ਨਹੀਂ ਹੈ। ‘ਆਪ’ ਵਿਧਾਇਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੈਂਸਰ ਪੀੜਤ ਮਰੀਜ਼ਾਂ ਦੀ ਬਕਾਇਆ ਰਾਹਤ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਜਾਂ ਉਹ ਪੀੜਤ ਮਰੀਜ਼ਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ‘ਚ ਦਸਤਕ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।