sarkaria | ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਤਿੰਨ-ਰੋਜ਼ਾ ‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ ਦਾ ਉਦਘਾਟਨ
ਚੰਡੀਗੜ (ਅਸ਼ਵਨੀ ਚਾਵਲਾ) ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਦੀ ਪਹੁੰਚ ਵਾਲੇ ਰਿਹਾਇਸ਼ੀ ਪ੍ਰਾਜੈਕਟ ਸਮੇਂ ਦੀ ਲੋੜ ਹਨ ਕਿਉਂਕਿ ਇਸ ਸ਼੍ਰੇਣੀ ਵਿੱਚ ਪ੍ਰਾਜੈਕਟਾਂ ਦੀ ਵੱਡੀ ਲੋੜ ਹੈ। ਹਾਲਾਂਕਿ ਕਈ ਬਿਲਡਰਾਂ ਵੱਲੋਂ ਮਹਿੰਗੀ ਸ਼੍ਰੇਣੀ ਦੇ ਪ੍ਰਾਜੈਕਟਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਪਰ ਸਸਤੇ ਮਕਾਨਾਂ ਦੀ ਵੱਡੀ ਮੰਗ ਹੈ। ਸਰਕਾਰੀਆ ਨੇ ਇਹ ਵਿਚਾਰ ਇਥੇ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ ਤਿੰਨ-ਰੋਜ਼ਾ ‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ ਦਾ ਉਦਘਾਟਨ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ। ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਆਰ.ਈ.ਡੀ.ਏ.ਆਈ) ਦੀ ਪੰਜਾਬ ਇਕਾਈ ਵੱਲੋਂ ਇਹ ਸ਼ਾਨਦਾਰ ਸਮਾਗਮ ਕਰਾਇਆ ਜਾ ਰਿਹਾ ਹੈ।
ਪ੍ਰਾਈਵੇਟ ਡਿਵੈੱਲਪਰਾਂ ਨੂੰ ਸਸਤੇ ਰਿਹਾਇਸ਼ੀ ਪ੍ਰਾਜੈਕਟ ਲਿਆਉਣ ਦੀ ਅਪੀਲ ਕਰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਛੱਤ ਮੁਹੱਈਆ ਕਰਾਉਣ ਲਈ ਪਹਿਲਾਂ ਹੀ ਇਕ ਨੀਤੀ ਲਿਆਂਦੀ ਗਈ ਹੈ, ਜਿਸ ਤਹਿਤ ਅਨੁਸੂਚਿਤ ਸ਼੍ਰੇਣੀ ਦੇ ਬਿਨੈਕਾਰਾਂ ਲਈ ਸਾਰੀਆਂ ਅਲਾਟਮੈਂਟ ਸਕੀਮਾਂ ਵਿੱਚ ਰਾਖਵਾਂਕਰਨ 15 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾਈ ਸਰਕਾਰ ਵੱਲੋਂ 60 ਸਾਲ ਤੋਂ ਵੱਧ ਉਮਰ ਵਾਲੇ ਨਾਗਰਿਕਾਂ ਤੇ ਔਰਤਾਂ ਲਈ ਸਾਰੀਆਂ ਅਲਾਟਮੈਂਟ ਸਕੀਮਾਂ ਵਿੱਚ ਤਰਜੀਹੀ ਅਲਾਟਮੈਂਟ ਨੀਤੀ ਲਿਆਂਦੀ ਗਈ ਹੈ ਪਰ ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਕੋਲ ਦੇਸ਼ ਵਿੱਚ ਕਿਤੇ ਵੀ ਜ਼ਮੀਨ ਜਾਂ ਮਕਾਨ ਨਹੀਂ ਹੋਣਾ ਚਾਹੀਦਾ।
ਡਿਵੈੱਲਪਰਾਂ ਨੂੰ ਗ਼ੈਰਕਾਨੂੰਨੀ ਕਲੋਨੀਆਂ ਦੇ ਮਸਲੇ ਦੇ ਹੱਲ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ
ਸੀ.ਆਰ.ਈ.ਡੀ.ਏ.ਆਈ. ਪੰਜਾਬ ਨੂੰ ਇਸ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਲਈ ਵਧਾਈ ਦਿੰਦਿਆਂ ਸ੍ਰੀ ਸਰਕਾਰੀਆ ਨੇ ਆਸ ਪ੍ਰਗਟਾਈ ਕਿ ਇਹ ਐਕਸਪੋ ਸੂਬੇ ਦੇ ਰਿਐਲਟੀ ਸੈਕਟਰ ਨੂੰ ਵੱਡਾ ਹੁਲਾਰਾ ਦੇਵੇਗੀ ਅਤੇ ਖਰੀਦਦਾਰਾਂ ਨੂੰ ਇਸ ਖਿੱਤੇ ਦੇ ਮੋਹਰੀ ਡਿਵੈੱਲਪਰਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਮੰਚ ਪ੍ਰਦਾਨ ਕਰੇਗੀ ਕਿਉਂਕਿ ਇਸ ਐਕਸਪੋ ਵਿੱਚ ਉੱਤਰੀ ਖੇਤਰ ਦੀ ਪ੍ਰਸਿੱਧ ਰਿਐਲਿਟੀ ਫਰਮਾਂ ਹਿੱਸਾ ਲੈ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।