ਜੇਕਰ ਹੋ ਰਹੀ ਐ ਗੈਰ-ਕਾਨੂੰਨੀ ਮਾਈਨਿੰਗ ਤਾਂ 10 ਗੁਣਾ ਜਿਆਦਾ ਕਿਵੇਂ ਆਇਆ ਟੈਕਸ

illegal mining

ਕੈਬਨਿਟ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਨਕਾਰੇ ਸੁਖਬੀਰ ਬਾਦਲ ਦੇ ਸਾਰੇ ਦੋਸ਼

ਚੰਡੀਗੜ(ਅਸ਼ਵਨੀ ਚਾਵਲਾ)। ਜੇਕਰ ਇਸ ਕਾਂਗਰਸ ਦੀ ਸਰਕਾਰ ਦੌਰਾਨ ਰੇਤ-ਬਜ਼ਰੀ ਦਾ ਕਾਰੋਬਾਰ ਗੈਰ ਕਾਨੂੰਨੀ ਢੰਗ ਨਾਲ ਹੋ ਰਿਹਾ ਹੈ ਤਾਂ ਖਜਾਨੇ ਵਿੱਚ 10 ਗੁਣਾ ਜਿਆਦਾ ਟੈਕਸ ਕਿਵੇਂ ਆ ਰਿਹਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਿਸੇ ਵੀ ਸਾਲ ਖੱਡਾ ਦੀ ਬੋਲੀ 30-35 ਕਰੋੜ ਰੁਪਏ ਤੋਂ ਜਿਆਦਾ ਨਹੀਂ ਗਈ ਸੀ ਪਰ ਇਸ ਸਰਕਾਰ ਦੌਰਾਨ ਹਰ ਵਾਰ ਬੋਲੀ 330 ਕਰੋੜ ਤੋਂ ਜਿਆਦਾ ਜਾ ਰਹੀਂ ਹੈ, ਜਦੋਂ ਕਿ ਕੁਝ ਖੱਡਾਂ ਦੀ ਬੋਲੀ ਕੇਂਦਰ ਸਰਕਾਰ ਵਲੋਂ ਇਜਾਜ਼ਤ ਮਿਲਣ ਤੋਂ ਬਾਅਦ ਹੋਣੀ ਬਾਕੀ ਹੈ, ਜਿਸ ਨਾਲ ਸਰਕਾਰ ਕੋਲ ਟੈਕਸ ਰਾਹੀਂ ਹੀ 400 ਕਰੋੜ ਰੁਪਏ ਤੋਂ ਜਿਆਦਾ ਆ ਜਾਏਗਾ। ਅਸਲ ਵਿੱਚ ਸੁਖਬੀਰ ਬਾਦਲ ਖ਼ੁਦ ਗੈਰ-ਕਾਨੂੰਨੀ ਮਾਈਨਿੰਗ ਦਾ ਮਾਫੀਆ ਰਾਜ ਚਲਾਉਣ ਵਿੱਚ ਲਗੇ ਹੋਏ ਸਨ ਪਰ ਹੁਣ ਉਨਾਂ ਦਾ ਕਾਰੋਬਾਰ ਠੱਪ ਹੋ ਗਿਆ ਤਾਂ ਉਹ ਮੁਹਾਲੀ ਵਿਖੇ ਧਰਨਾ ਦੇਣ ‘ਚ ਲੱਗੇ ਹੋਏ ਹਨ।

ਸੁਖਬੀਰ ਬਾਦਲ ‘ਤੇ ਇਹ ਹਮਲਾ ਰੇਤਾਬਜਰੀ ਅਤੇ ਹਾਊਸਿੰਗ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਚੰਡੀਗੜ ਵਿਖੇ ਕੀਤਾ ਹੈ। ਸੁਖਬਿੰਦਰ ਸਰਕਾਰੀਆ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਤਰਾਂ ਰੋਸ ਮੁਜਾਹਰਾ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਆ ਕੇ ਉਨਾਂ ਦੇ ਸੁਆਲਾਂ ਦੇ ਜੁਆਬ ਦੇ ਕੇ ਜਾਣ, ਉਸ ਤੋਂ ਬਾਅਦ ਹੀ ਉਹ ਸੁਖਬੀਰ ਬਾਦਲ ਦੀ ਗੱਲ ਮੰਨ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕ੍ਰੈਸ਼ਰ ਮਾਲਕਾ ਦੇ ਹੱਕ ਵਿੱਚ ਇਹ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਕੱਚਾ ਮਾਲ ਤਾਂ ਕਿਸੇ ਪਾਸਿਓਂ ਇਨਾਂ ਕ੍ਰੈਸ਼ਰ ਮਾਲਕਾ ਕੋਲ ਆਉਂਦਾ ਹੀ ਹੋਏਗਾ। ਇਹ ਕੱਚਾ ਮਾਲ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਗਏ ਖੱਡਿਆਂ ਤੋਂ ਕ੍ਰੈਸ਼ਰ ਮਾਲਕਾ ਨੂੰ ਮਿਲ ਰਿਹਾ ਹੈ ਅਤੇ ਕਿੱਤੇ ਵੀ ਕ੍ਰੈਸ਼ਰ ਮਾਲਕ ਨਾਜਾਇਜ਼ ਮਾਈਨਿੰਗ ਹੋਣ ਦੀ ਸ਼ਿਕਾਇਤ ਜਾਂ ਫਿਰ ਜਿਆਦਾ ਪੈਸਾ ਲੈਣ ਦੀ ਸ਼ਿਕਾਇਤ ਨਹੀਂ ਕਰ ਰਹੇ ਹਨ। ਜਿੱਥੇ ਤੱਕ ਗੁੰਡਾ ਟੈਕਸ ਦਾ ਦੋਸ਼ ਹੈ, ਇਹੋ ਜਿਹਾ ਕੋਈ ਵੀ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।