ਸੁਖਮਨ ਦੀ ਮੌਤ ਮਗਰੋਂ ਭਰਾ ਅਰਸ਼ ਨੇ ਛਾਤੀ ‘ਤੇ ਬਣਵਾਇਆ ਉਸਦਾ ਟੈਟੂ
ਸੁਖਜੀਤ ਮਾਨ/ਬਠਿੰਡਾ। ਕਬੱਡੀ ਦੇ ਮੈਦਾਨਾਂ ‘ਚ ਧੁੰਮਾਂ ਪਾਉਣ ਵਾਲਾ ਪਿੰਡ ਚੋਹਲਾ ਸਾਹਿਬ ਦਾ ਕੌਮਾਂਤਰੀ ਖਿਡਾਰੀ ਸੁਖਮਨ ਭਾਵੇਂ ਦੁਨੀਆਂ ‘ਚ ਨਹੀਂ ਰਿਹਾ ਪਰ ਖੇਡ ਮੈਦਾਨ ‘ਚ ਉਸਦੀ ਮੌਜੂਦਗੀ ਹਾਲੇ ਵੀ ਕਾਇਮ ਹੈ। ਇਸ ਖਿਡਾਰੀ ਦੀ ਮੌਤ ਮਗਰੋਂ ਉਸਦੇ ਭਰਾ ਅਰਸ਼ ਨੇ ਉਸਦਾ ਟੈਟੂ ਛਾਤੀ ‘ਤੇ ਬਣਵਾ ਲਿਆ।
ਅੱਜ ਕੌਮਾਂਤਰੀ ਕਬੱਡੀ ਕੱਪ ਦੇ ਬਠਿੰਡਾ ‘ਚ ਹੋਏ ਮੈਚਾਂ ਦੌਰਾਨ ਭਾਰਤੀ ਟੀਮ ‘ਚ ਸ਼ਾਮਿਲ ਅਰਸ਼ ਨੇ ਦੱਸਿਆ ਕਿ ਸੁਖਮਨ ਉਸ ਤੋਂ ਪਹਿਲਾਂ ਕਬੱਡੀ ਖੇਡਣ ਲੱਗਾ ਸੀ। ਉਸ ਤੋਂ ਦੋ ਸਾਲ ਬਾਅਦ ਉਹ ਵੀ ਉਸਨੂੰ ਵੇਖ ਕੇ ਖੇਡ ਮੈਦਾਨ ‘ਚ ਆ ਗਿਆ। ਅਰਸ਼ ਕਬੱਡੀ ‘ਚ ਬਿਹਤਰ ਜਾਫੀ ਵਜੋਂ ਖੇਡਦਾ ਹੈ ਜਦੋਂਕਿ ਉਸਦਾ ਭਰਾ ਸੁਖਮਨ ਰੇਡਰ ਸੀ। ਸਾਲ 2018 ‘ਚ ਸੁਖਮਨ ਦੀ ਮੌਤ ਹੋ ਗਈ ਸੀ। ਗੱਭਰੂ ਪੁੱਤ ਦੀ ਮੌਤ ਮਗਰੋਂ ਪੂਰਾ ਪਰਿਵਾਰ ਸਦਮੇ ‘ਚ ਡੁੱਬ ਗਿਆ।
ਇਸਦੇ ਬਾਵਜੂਦ ਆਪਣੇ ਭਰਾ ਦੀ ਖੇਡ ਮੈਦਾਨਾਂ ‘ਚ ਮੌਜੂਦਗੀ ਕਾਇਮ ਰੱਖਣ ਲਈ ਅਰਸ਼ ਨੇ ਉਸਦਾ ਟੈਟੂ ਆਪਣੀ ਛਾਤੀ ‘ਤੇ ਬਣਵਾ ਲਿਆ। ਇਹੋ ਨਹੀਂ ਅਰਸ਼ ਦੇ ਖੱਬੇ ਡੌਲੇ ‘ਤੇ ਉਸਦੇ ਦਾਦਾ ਕਪੂਰ ਸਿੰਘ ਦਾ ਵੀ ਟੈਟੂ ਬਣਿਆ ਹੋਇਆ ਹੈ। ਅਰਸ਼ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ਖੇਡ ਮੈਦਾਨ ‘ਚ ਹੈ। ਉਸਦਾ ਦਾਦਾ ਵੀ ਕਬੱਡੀ ਖਿਡਾਰੀ ਰਿਹਾ ਤੇ ਮਗਰੋਂ ਪਿਤਾ ਕੁਲਵੰਤ ਸਿੰਘ ਨੇ ਵੀ ਕਬੱਡੀ ਖੇਡੀ। ਸੁਖਮਨ ਦੀ ਮੌਤ ਮਗਰੋਂ ਅਰਸ਼ ਦੇ ਕਬੱਡੀ ਖੇਡਣ ‘ਤੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਲਾਏ ਜਾਣ ਸਬੰਧੀ ਪੁੱਛਣ ‘ਤੇ ਉਸਨੇ ਦੱਸਿਆ ਕਿ ਅਜਿਹਾ ਕੁੱਝ ਨਹੀਂ ਹੋਇਆ ਸਗੋਂ ਹੁਣ ਉਹ ਤਾਂ ਉਸਦੀ ਖੇਡ ਖੇਤਰ ‘ਚ ਯਾਦ ਬਣਾਈ ਰੱਖਣ ਲਈ ਮੈਦਾਨ ‘ਚ ਡਟਿਆ ਹੋਇਆ ਹੈ।
ਬਿੱਟੂ ਦੁਗਾਲ ਨੇ ਵੀ ਬਣਵਾਇਆ ਸੀ ਸਰੋਵਰ ਦੁਗਾਲ ਦਾ ਟੈਟੂ
ਜ਼ਿਲ੍ਹਾ ਸੰਗਰੂਰ ਦੇ ਪਿੰਡ ਦੁਗਾਲ ਦੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਤੇ ਸਰੋਵਰ ਦੁਗਾਲ ਵੀ ਕੌਮਾਂਤਰੀ ਖਿਡਾਰੀ ਰਹੇ। ਇਹ ਦੋਵੇਂ ਖਿਡਾਰੀ ਇਕੱਠੇ ਵੀ ਲੰਮਾ ਸਮਾਂ ਮੈਦਾਨ ‘ਚ ਖੇਡੇ। ਇਨ੍ਹਾਂ ‘ਚੋਂ ਜਦੋਂ ਸਰੋਵਰ ਦੀ ਮੌਤ ਹੋ ਗਈ ਤਾਂ ਬਿੱਟੂ ਨੇ ਉਸਦਾ ਟੈਟੂ ਡੌਲੇ ‘ਤੇ ਬਣਵਾ ਲਿਆ ਸੀ। ਬਿੱਟੂ ਵੀ ਅਰਸ਼ ਵਾਂਗ ਉਸਦੀ ਯਾਦ ਨੂੰ ਹਮੇਸ਼ਾ ਨਾਲ ਰੱਖਦਾ ਸੀ। ਕੁੱਝ ਸਮਾਂ ਪਹਿਲਾਂ ਬਿੱਟੂ ਦੁਗਾਲ ਦੀ ਵੀ ਮੌਤ ਹੋ ਗਈ। ਦੁਗਾਲ ਪਿੰਡ ਦੇ ਇਨ੍ਹਾਂ ਖਿਡਾਰੀਆਂ ਦਾ ਜ਼ਿਕਰ ਦੁਨੀਆਂ ਭਰ ‘ਚ ਹੁੰਦੇ ਕਬੱਡੀ ਮੁਕਾਬਲਿਆਂ ਦਰਮਿਆਨ ਹਾਲੇ ਵੀ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।