ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੋਰੀਡੋਰ ਦੀ ਸੰਭਾਵਨਾ ਤਲਾਸ਼ੀ ਜਾਵੇਗੀ
–ਪੰਜਾਬ ਸਰਕਾਰ ਤੇ ਹਾਈਪਰਲੂਪ ਕੰਪਨੀ ਵਿਚਾਲੇ ਹੋਇਆ ਸਮਝੌਤਾ
ਅਸ਼ਵਨੀ ਚਾਵਲਾ/ਚੰਡੀਗੜ੍ਹ। ਹੁਣ ਸਿਰਫ਼ ਦਿੱਲੀ ਹੀ ਦੂਰ ਨਹੀਂ ਹੈ, ਸਗੋਂ ਅੰਮ੍ਰਿਤਸਰ ਵੀ ਦੂਰ ਨਹੀਂ ਰਹੇਗਾ। ਪੰਜਾਬ ਦੀ ਰਾਜਧਾਨੀ ਤੋਂ ਦਿੱਲੀ ਅਤੇ ਅੰਮ੍ਰਿਤਸਰ ਦਾ ਸਫ਼ਰ ਤੈਅ ਕਰਨ ਲਈ 5 ਘੰਟੇ ਨਹੀਂ ਸਗੋਂ ਸਿਰਫ਼ 30 ਮਿੰਟ ਹੀ ਲੱਗਣਗੇ। ਇਹ ਸਫ਼ਰ ਹਾਈਪਰਲੂਪ ਰਾਹੀਂ ਘੱਟ ਕੀਤਾ ਜਾ ਰਿਹਾ ਹੈ। Delhi
ਹਾਈਪਰਲੂਪ ਆਉਣ ਵਾਲੇ 10 ਸਾਲਾਂ ਦੌਰਾਨ ਪੰਜਾਬ ਦੀਆਂ ਸੜਕਾਂ ਤੋਂ 20 ਫੁੱਟ ਉੱਚਾਈ ‘ਤੇ ਦੌੜਦੀ ਨਜ਼ਰ ਆਏਗੀ। ਦੇਸ਼ ਵਿੱਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦੂਜਾ ਇਹੋ ਜਿਹਾ ਸੂਬਾ ਬਣ ਗਿਆ ਹੈ, ਜਿੱਥੇ ਕਿ ਹਾਈਪਰਲੂਪ ਚਲਾਉਣ ਸਬੰਧੀ ਪ੍ਰੋਜੈਕਟ ਦਾ ਸਮਝੌਤਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ-ਕੌਮੀ ਰਾਜਧਾਨੀ ਖੇਤਰ ਕੋਰੀਡੋਰ ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫੈਸਲਾ ਕੀਤਾ ਹੈ ਤਾਂ ਕਿ ਖੇਤਰ ਵਿੱਚ ਅੰਤਰ-ਸ਼ਹਿਰੀ ਆਵਾਜਾਈ ਨੂੰ ਸੁਧਾਰਨ ਦੇ ਨਾਲ-ਨਾਲ ਸੁਚਾਰੂ ਬਣਾਇਆ ਜਾ ਸਕੇ। Delhi
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਪੀ. ਵਰਲਡ ਸਬ-ਕੌਂਟੀਨੈਂਟ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਰਿਜ਼ਵਾਨ ਸੂਮਰ ਦੀ ਮੌਜੂਦਗੀ ਵਿੱਚ ਇਸ ਐਮ.ਓ.ਯੂ. ‘ਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਵਰਜਿਨ ਹਾਈਪਰਲੂਪ ਵਨ ਕੰਪਨੀ ਦੇ ਮੱਧ ਪੂਰਬੀ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਹਰਜ ਧਾਲੀਵਾਲ ਨੇ ਦਸਤਖ਼ਤ ਕੀਤੇ।
ਵਰਜਿਨ ਹਾਈਪਰਲੂਪ ਕੰਪਨੀ ਵੱਲੋਂ ਹਰਿਆਣਾ ਸਰਕਾਰ ਨਾਲ ਵੀ ਵੱਖਰਾ ਐਮ.ਓ.ਯੂ. ਕੀਤੇ ਜਾਣਾ ਵਿਚਾਰ ਅਧੀਨ ਹੈ ਤਾਂ ਕਿ ਇਸ ਪ੍ਰਣਾਲੀ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਤੋਂ ਇਸ ਦਾ ਰੂਟ ਕੌਮੀ ਰਾਜਧਾਨੀ ਖੇਤਰ ਤੱਕ ਵਧਾਇਆ ਜਾ ਸਕਦਾ ਹੈ।
ਪੰਜ ਘੰਟਿਆਂ ਦਾ ਸਮਾਂ ਘਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ
ਇਸ ਕੰਪਨੀ ਦੇ ਅਨੁਮਾਨ ਮੁਤਾਬਕ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੋਰੀਡੋਰ ਨਾਲ ਹਾਈਪਰਲੂਪ ਆਵਾਜਾਈ ਪ੍ਰੋਜੈਕਟ ਨਾਲ ਸੜਕ ਰਸਤੇ ਲੱਗਦਾ ਪੰਜ ਘੰਟਿਆਂ ਦਾ ਸਮਾਂ ਘਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਈਪਰਲੂਪ ਸਿਸਟਮ ਦੇ ਨਿਰਮਾਣ ਲਈ ਪੰਜਾਬ, ਮਹਾਂਰਾਸ਼ਟਰ ਤੋਂ ਬਾਅਦ ਮੁਲਕ ਦਾ ਦੂਜਾ ਸੂਬਾ ਬਣਨ ਵਿੱਚ ਡੂੰਘੀ ਦਿਲਚਸਪੀ ਰੱਖਦਾ ਹੈ। ਅਸੀਂ ਵਿਸ਼ੇਸ਼ ਤੌਰ ‘ਤੇ ਸੂਬੇ ਵਿੱਚ ਹਾਈਪਰਲੂਪ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦੀ ਇੱਛਾ ਰੱਖਦੇ ਹਾਂ ਜਿਸ ਨਾਲ ਮੁਲਕ ਵਿੱਚ ਹੋਰ ਵੱਡੇ ਕੇਂਦਰਾਂ ਨਾਲ ਜੁੜਿਆ ਜਾ ਸਕਦਾ ਹੈ। ਨਿਵੇਸ਼ ਪੰਜਾਬ ਦੇ ਸਲਾਹਕਾਰ ਮੋਸ਼ੇ ਕੋਹਲੀ ਮੁਤਾਬਕ ਹਾਈਪਰਲੂਪ ਪ੍ਰੋਜੈਕਟ ਦਾ ਪੂਰਵ ਸੰਭਾਵਿਤ ਅਧਿਐਨ ਛੇ ਹਫ਼ਤਿਆਂ ਵਿੱਚ ਮੁਕੰਮਲ ਹੋ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।