ਮਨਪ੍ਰੀਤ ਸਿੰਘ ਮੰਨਾ
ਦੇਸ਼ ਭਰ ਵਿੱਚ ਆਏ ਦਿਨ ਜ਼ਬਰ-ਜਿਨਾਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜ਼ਬਰ-ਜਿਨਾਹ ਤੋਂ ਬਾਅਦ ਪੀੜਤ ਲੜਕੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਾਂ ਵਹਿਸ਼ੀਆਨਾ ਤਰੀਕੇ ਨਾਲ ਉਨ੍ਹਾਂ ਨੂੰ ਮਾਰਿਆ ਜਾਂਦਾ ਹੈ। ਇਨ੍ਹਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣਾ ਇਸ ਸਮੇਂ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਜੇਕਰ ਇਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਹੋਰ ਵਹਿਸ਼ੀ-ਦਰਿੰਦਿਆਂ ਦੇ ਹੌਂਸਲੇ ਬੁਲੰਦ ਹੁੰਦੇ ਰਹਿਣਗੇ। ਗਲਤ ਰਸਤੇ ‘ਤੇ ਜਾਣ ਵਾਲੇ ਇਨ੍ਹਾਂ ਕਦਮਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਉÎਨ੍ਹਾਂ ਨੂੰ?ਪੂਰੀ ਇੱਛਾ-ਸ਼ਕਤੀ ਨਾਲ ਲਾਗੂ ਕਰਨਾ ਸਮੇਂ ਦੀ ਮੁੱਖ ਮੰਗ ਹੈ।
-ਘਿਨੌਣੇ ਅਪਰਾਧੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਕੇਵਲ ਸ਼ੈਤਾਨ ਹੁੰਦੇ ਹਨ:
ਪਿਛਲੇ ਦਿਨੀਂ ਪ੍ਰਿਅੰਕਾ ਰੇੱਡੀ ਦੇ ਨਾਲ ਜੋ ਹੋਇਆ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜੋ ਕਿ ਆਪਣੀ ਡਿਊਟੀ ਤੋਂ ਘਰ ਨੂੰ ਵਾਪਸ ਜਾ ਰਹੀ ਨੂੰ ਕੁਝ ਸ਼ੈਤਾਨੀ ਸੋਚ ਵਾਲੇ ਲੋਕਾਂ ਨੇ ਘੇਰ ਕੇ ਉਸ ਨਾਲ ਜ਼ਬਰ-ਜਿਨਾਹ ਕੀਤਾ ਤੇ ਫਿਰ ਉਸਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਨਸਾਨੀਅਤ ਦੇ ਨਾਂਅ ‘ਤੇ ਇੱਕ ਕਲੰਕ ਤਾਂ ਹਨ ਹੀ ਉਹ ਆਪਣੇ ਘਰ-ਪਰਿਵਾਰ ਵਿੱਚ ਵੀ ਰਹਿੰਦੀਆਂ ਲੜਕੀਆਂ ਲਈ ਸਰਾਪ ਹਨ। ਇਨ੍ਹਾਂ ਸ਼ੈਤਾਨਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਸ਼ੈਤਾਨੀ ਸੋਚ ਨੂੰ ਰੋਕਣ ਲਈ ਇਨ੍ਹਾਂ ਦੇ ਖਿਲਾਫ ਇਹੋ-ਜਿਹੇ ਕਦਮ ਉਠਾਉਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਲਈ ਇੱਕ ਪ੍ਰੇਰਣਾ ਬਣ ਜਾਵੇ ਤਾਂ ਕਿ ਅੱਗੇ ਤੋਂ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਕੋਈ ਵੀ ਸੌ ਵਾਰ ਸੋਚੇ ਕਿ ਜੇਕਰ ਇਹੋ-ਜਿਹਾ ਕੋਈ ਕੰਮ ਕੀਤਾ ਤਾਂ ਇਸਦੀ ਸਜ਼ਾ ਬਹੁਤ ਹੀ ਖ਼ਤਰਨਾਕ ਹੋਵੇਗੀ।
-ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਗੰਭੀਰ ਮੁੱਦੇ ‘ਤੇ ਇੱਕਜੁੱਟ ਹੋਣ:
ਇਸ ਵੇਲੇ ਸਮਾਜ ਵਿਚ ਜ਼ਬਰ ਜਿਨਾਹ ਦੀਆਂ ਘਟਨਾ ਇੱਕ ਬਹੁਤ ਹੀ ਗੰਭੀਰ ਮੁੱਦਾ ਬਣ ਚੁੱਕਾ ਹੈ ਜੋ ਇਸ ਵੇਲੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਲਈ ਦੇਸ਼ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਸਖਤ ਕਦਮ ਉਠਾਉਂਦੇ ਹੋਏ ਕਾਨੂੰਨ ਨੂੰ ਐਨੇ ਸਖ਼ਤ ਤਰੀਕੇ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਜ਼ਬਰ ਜਿਨਾਹ ਦਾ ਖ਼ਿਆਲ ਦਿਮਾਗ ਵਿਚ ਲਿਆਉਣ ਵਾਲਿਆਂ ਦੀ ਰੂਹ ਕੰਬ ਜਾਵੇ। ਜੇਕਰ ਕੋਈ ਪਾਰਟੀ ਵਰਕਰ ਜਾਂ ਕੋਈ ਨਜ਼ਦੀਕੀ ਇਹੋ-ਜਿਹਾ ਕੰਮ ਕਰਦਾ ਹੈ ਤਾਂ ਉਸਦੀ ਮੱਦਦ ਕਰਨ ਦੀ ਬਜਾਏ ਰਾਜਨੀਤਿਕ ਪਾਰਟੀਆਂ ਇੱਕ ਮਿਸਾਲ ਕਾਇਮ ਕਰਦੇ ਹੋਏ ਪੁਲਿਸ ਦੇ ਹਵਾਲੇ ਕਰਕੇ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਅੱਗੇ ਆਉਣ।
-ਕੁੜੀਆਂ ਨੂੰ ਆਤਮ-ਰੱਖਿਆ ਜਾਂ ਇਹੋ-ਜਿਹੀ ਸਥਿਤੀ ਨਾਲ ਨਜਿੱਠਣ ਲਈ ਟ੍ਰੇਨਿੰਗ ਦਾ ਪ੍ਰਬੰਧ ਕਰਨਾ ਸਰਕਾਰਾਂ ਤੇ ਸਮਾਜਿਕ ਸੰਸਥਾਵਾਂ ਦੀ ਜ਼ਿੰਮੇਵਾਰੀ:
ਜ਼ਬਰ ਜਿਨਾਹ ਦੀਆਂ ਘਟਨਾਵਾਂ, ਜੋ ਕਿ ਦਿਨ-ਪ੍ਰਤੀਦਿਨ ਵਧ ਰਹੀਆਂ ਹਨ, ਇਨ੍ਹਾਂ ਨਾਲ ਨਜਿੱਠਣ ਲਈ ਕਦਮ ਚੁੱਕਣੇ ਚਾਹੀਦੇ ਹਨ। ਕੁੜੀਆਂ ਨੂੰ ਕਰਾਟੇ ਜਾਂ ਇਹੋ-ਜਿਹੀ ਤਕਨੀਕ ਨਾਲ ਬੁਰੇ ਸਮੇਂ ਵਿਚ ਨਜਿੱਠਣ ਲਈ ਟ੍ਰੇਨਿੰਗ ਦਾ ਪ੍ਰਬੰਧ ਕਰਨ ਲਈ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਟ੍ਰੇਨਿੰਗਾਂ ਦੇ ਨਾਲ ਜਿੱਥੇ ਕੁੜੀਆਂ ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਗੀਆਂ ਤੇ ਹੋਰ ਵਿਸ਼ਵਾਸ ਦੇ ਨਾਲ ਸਮਾਜ ਦੇ ਵਿਚ ਵਿਚਰਣ ਕਰ ਸਕਣਗੀਆਂ। ਸਕੂਲਾਂ, ਕਾਲਜਾਂ ਵਿਚ ਕੁੜੀਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਲਾਜ਼ਮੀ ਕਰਨੀ ਚਾਹੀਦੀ ਹੈ। ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ?ਕਿ ਉਹ ਆਪਣੀਆਂ ਕੁੜੀਆਂ ਨਿੱਡਰ ਅਤੇ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ, ਕਿਉਂਕਿ ਅੱਜ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ਨਾਲ ਨਜਿੱਠਣਾ ਕਮਜ਼ੋਰ ਦਿਲ ਦਾ ਕੰਮ ਨਹੀਂ ਹੈ
ਵਾਰਡ ਨੰਬਰ 5, ਗੜਦੀਵਾਲਾ।