ਬਿੰਦਰ ਸਿੰਘ ਖੁੱਡੀ ਕਲਾਂ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਮੁਕਾਬਲੇ ਦਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਵਿੱਚੋਂ ਇੱਕ ਹੈ ‘ਬਿਲਡਿੰਗ ਐਜ਼ ਲਰਨਿੰਗ ਏਡ’। ਸਕੂਲ ਇਮਾਰਤ ਦੀ ਸਿੱਖਣ-ਸਿਖਾਉਣ ਸਮੱਗਰੀ ਵਜੋਂ ਵਰਤੋਂ ਦੀ ਇਸ ਨਿਵੇਕਲੀ ਕੋਸ਼ਿਸ਼ ਨੂੰ ਸੰਖੇਪ ਵਿੱਚ ‘ਬਾਲਾ ਵਰਕ’ ਕਿਹਾ ਜਾ ਰਿਹਾ ਹੈ। ਬਾਲਾ ਵਰਕ ਅਧੀਨ ਸਕੂਲਾਂ ਦੀ ਇਮਾਰਤ ਨੂੰ ਸਿੱਖਣ ਸਹਾਇਕ ਸਮੱਗਰੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਬਾਲਾ ਵਰਕ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਉਸਾਰਨ ਦਾ ਸਭ ਤੋਂ ਕਾਰਗਰ ਜਰੀਆ ਸਿੱਧ ਹੋ ਰਿਹਾ ਹੈ। ਸਕੂਲ ਇਮਾਰਤ ਜਿਸ ਵਿੱਚ ਵਿਦਿਆਰਥੀਆਂ ਨੇ ਸਾਰਾ ਦਿਨ ਵਿਚਰਨਾ ਹੁੰਦਾ ਹੈ, ਵਿੱਚ ਲਿਖਿਆ ਹਰ ਅੱਖਰ ਵਿਦਿਆਰਥੀਆਂ ਲਈ ਗਿਆਨ ਦਾ ਸੋਮਾ ਹੁੰਦਾ ਹੈ।
ਵਿਦਿਆਰਥੀਆਂ ਨੂੰ ਚਮਕਦੇ ਰੰਗਾਂ ਨਾਲ ਖਾਸ ਲਗਾਅ ਹੁੰਦਾ ਹੈ। ਵਿਦਿਆਰਥੀਆਂ ਦੀ ਇਸੇ ਰੁਚੀ ਨੂੰ ਧਿਆਨ ‘ਚ ਰੱਖਦਿਆਂ ਮਨੋਵਿਗਿਆਨਕ ਨਜ਼ਰੀਏ ਅਨੁਸਾਰ ਬੱਚਿਆਂ ਦੀਆਂ ਪੁਸਤਕਾਂ ਨੂੰ ਰੰਗਾਂ ਨਾਲ ਸਜਾਇਆ ਜਾਂਦਾ ਹੈ। ਪਰ ਫਿਰ ਵੀ ਵਿਦਿਆਰਥੀ ਅਕਸਰ ਹੀ ਪੁਸਤਕਾਂ ਪੜ੍ਹਨ ਤੋਂ ਜੀ ਚੁਰਾਉਂਦੇ ਹਨ। ਵਿਦਿਆਰਥੀਆਂ ਨੂੰ ਕਿਤਾਬਾਂ ਦੀ ਬਜਾਏ ਦੀਵਾਰਾਂ ਨਾਲ ਪੜ੍ਹਾਉਣਾ ਪਹਿਲੀ ਨਜ਼ਰੇ ਤਾਂ ਬੜਾ ਅਜੀਬ ਜਿਹਾ ਲੱਗਦਾ ਹੈ। ਪਰ ਜਦੋਂ ਇਸ ਨੂੰ ਸਰਕਾਰੀ ਸਕੂਲਾਂ ‘ਚ ਹਕੀਕਤ ਵਿੱਚ ਬਦਲਦੇ ਵੇਖਦੇ ਹਾਂ ਤਾਂ ਯਕੀਨ ਬੱਝਣ ਲੱਗਦਾ ਹੈ।
ਬਾਲਾ ਵਰਕ ਦਾ ਬਹੁਤਾ ਕੰੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਅਧਿਆਪਕਾਂ ਵੱਲੋਂ ਕੋਲੋਂ ਪੈਸੇ ਖਰਚ ਕੇ ਕੀਤਾ ਜਾ ਰਿਹਾ ਹੈ। ਪਰ ਸਿੱਖਿਆ ਵਿਭਾਗ ਵੱਲੋਂ ਬਾਲਾ ਵਰਕ ਨੂੰ ਵਿਸ਼ੇਸ਼ ਅਹਿਮੀਅਤ ਦਿੰਦਿਆਂ ਇਸ ਕਾਰਜ ਲਈ ਸਕੂਲਾਂ ਨੂੰ ਰਾਸ਼ੀ ਵੀ ਭੇਜੀ ਜਾ ਰਹੀ ਹੈ। ਬਾਲਾ ਵਰਕ ਅਧੀਨ ਸਕੂਲ ਇਮਾਰਤ ਦੀਆਂ ਸਾਰੀਆਂ ਦੀਵਾਰਾਂ ਅਤੇ ਪਿੱਲਰਾਂ, ਇੱਥੋਂ ਤੱਕ ਕਿ ਅੰਦਰਲੀ ਛੱਤ ਅਤੇ ਪਾਣੀ ਵਾਲੀਆਂ ਟੈਂਕੀਆਂ ਦੀ ਵੀ ਸਿੱਖਣ ਸਹਾਇਕ ਸਮੱਗਰੀ ਵਜੋਂ ਵਰਤੋਂ ਕੀਤੀ ਜਾ ਰਹੀ ਹੈ।
ਸਕੂਲ ਦੀ ਗੋਲ ਟੈਂਕੀ ਪ੍ਰਿਥਵੀ ਦਾ ਸਭ ਤੋਂ ਵਧੀਆ ਮਾਡਲ ਬਣ ਸਕਦੀ ਹੈ। ਕਈ ਸਕੂਲਾਂ ਵੱਲੋਂ ਪਾਣੀ ਵਾਲੀ ਟੈਂਕੀ ‘ਤੇ ਸੰਸਾਰ ਦਾ ਨਕਸ਼ਾ ਬਣਾਇਆ ਗਿਆ ਹੈ। ਸਕੂਲ਼ ਬਰਾਂਡਿਆਂ ਦੀਆਂ ਛੱਤਾਂ ਗ੍ਰਹਿਆਂ ਬਾਰੇ ਸਮਝਾਉਣ ਲਈ ਬੇਹੱਦ ਕਾਰਗਰ ਹੋ ਰਹੀਆਂ ਹਨ। ਕਈ ਸਕੂਲਾਂ ਵੱਲੋਂ ਛੱਤਾਂ ਦੇ ਅੰਦਰਲੇ ਪਾਸੇ ਸੂਰਜੀ ਪਰਿਵਾਰ ਦੀਆਂ ਵੱਡ ਆਕਾਰੀ ਤਸਵੀਰਾਂ ਬਣਾਕੇ ਵਿਦਿਆਰਥੀਆਂ ਨੂੰ ਪ੍ਰਿਥਵੀ ਤੋਂ ਗ੍ਰਹਿਆਂ ਦੀ ਦੂਰੀ ਬਾਰੇ ਬੜੀ ਸਹਿਜ਼ਤਾ ਨਾਲ ਸਮਝਾਇਆ ਜਾ ਸਕਦਾ ਹੈ। ਕਈ ਸਕੂਲਾਂ ਵੱਲੋਂ ਤਾਂ ਪੌੜੀਆਂ ‘ਤੇ ਵੀ ਸਿੱਖਣ ਸਮੱਗਰੀ ਇਸ ਤਰ੍ਹਾਂ ਲਿਖੀ ਹੋਈ ਹੈ ਕਿ ਵਿਦਿਆਰਥੀਆਂ ਦਾ ਧਿਆਨ ਆਪਣੇ-ਆਪ ਖਿੱਚਿਆ ਜਾਂਦਾ ਹੈ। ਸਕੂਲਾਂ ਦੀਆਂ ਪੌੜੀਆਂ ‘ਤੇ ਲਿਖੇ ਗਣਿਤ ਦੇ ਫਾਰਮੂਲੇ ਹਰ ਵੇਖਣ ਵਾਲੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
ਸਕੂਲ਼ ਬਰਾਂਡਿਆਂ ਦੇ ਥਮਲਿਆਂ ਦੀ ਵਿਸ਼ਾਵਾਰ ਬਾਲਾ ਵਰਕ ਲਈ ਇੰਨੀ ਸੁਚੱਜੀ ਵਰਤੋਂ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਤੁਰਦੇ-ਫਿਰਦੇ ਹੀ ਕਾਫੀ ਕੁੱਝ ਗ੍ਰਹਿਣ ਕਰਦੇ ਰਹਿੰਦੇ ਹਨ। ਅਧਿਆਪਕਾਂ ਵੱਲੋਂ ਬਾਲਾ ਵਰਕ ਲਈ ਸਕੂਲ ਇਮਾਰਤ ਦੀ ਹਰ ਦੀਵਾਰ, ਛੱਤ ਅਤੇ ਥਮਲਿਆਂ ਦਾ ਇਸਤੇਮਾਲ ਇਸ ਪ੍ਰਕਾਰ ਕੀਤਾ ਜਾ ਰਿਹਾ ਹੈ ਕਿ ਹਰ ਵਿਸ਼ੇ ਨਾਲ ਸਬੰਧਿਤ ਵਿਸ਼ਾ ਵਸਤੂ ਨੂੰ ਸਥਾਨ ਮਿਲ ਸਕੇ। ਸਕੂਲਾਂ ਦੇ ਬਰਾਂਡਿਆਂ ਵਿੱਚ ਰੰਗਾਂ ਨਾਲ ਉੱਕਰੀ ਸਿੱਖਣ ਸਮੱਗਰੀ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਜ਼ਬੂਰ ਕਰਦੀ ਹੈ। ਪੁਸਤਕਾਂ ਖੋਲ੍ਹਣ ਤੋਂ ਕੰਨੀ ਕਤਰਾਉਣ ਵਾਲੇ ਵਿਦਿਆਰਥੀ ਵੀ ਬਾਲਾ ਵਰਕ ਨੂੰ ਪੜ੍ਹਦੇ ਆਮ ਵੇਖੇ ਜਾ ਸਕਦੇ ਹਨ।
ਸਕੂਲਾਂ ਦਾ ਸਾਰਾ ਬਾਲਾ ਵਰਕ ਵਿਦਿਆਰਥੀਆਂ ਦੇ ਪਾਠਕ੍ਰਮ ਅਨੁਸਾਰ ਕੀਤਾ ਜਾਂਦਾ ਹੈ। ਪ੍ਰਾਇਮਰੀ, ਅਪਰ ਪ੍ਰਾਇਮਰੀ ਅਤੇ ਹਾਈ ਜਾਂ ਸੀਨੀਅਰ ਸੈਕੰਡਰੀ ਪੱਧਰ ਦੇ ਸਕੂਲਾਂ ਦੇ ਬਾਲਾ ਵਰਕ ਵਿਚਲੀ ਭਿੰਨਤਾ ਪਾਠਕ੍ਰਮ ਦੇ ਆਧਾਰ ‘ਤੇ ਹੀ ਹੁੰਦੀ ਹੈ। ਆਮ ਗਿਆਨ ਨੂੰ ਵੀ ਬਾਲਾ ਵਰਕ ‘ਚ ਵਿਸ਼ੇਸ਼ ਸਥਾਨ ਦਿੱਤਾ ਜਾ ਰਿਹਾ ਹੈ। ਦਿਲਕਸ਼ ਤਰੀਕੇ ਨਾਲ ਸਜਾਏ ਬੋਰਡਾਂ ‘ਤੇ ਲਿਖੀ ਆਮ ਗਿਆਨ ਸਮੱਗਰੀ ਵਿਦਿਆਰਥੀਆਂ ਦੇ ਮਨਾਂ ‘ਚ ਸੁੱਤੇ ਸਿੱਧ ਹੀ ਘਰ ਕਰ ਜਾਂਦੀ ਹੈ।
ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਬਾਲਾ ਵਰਕ ਦੇ ਨਾਲ-ਨਾਲ ਸਿੱਖਣ-ਸਿਖਾਉਣ ਪ੍ਰਕਿਰਿਆ ‘ਚ ਉਪਯੋਗੀ ਬਣਾਉਣ ਉਪਰੰਤ ਸਕੂਲਾਂ ਦੇ ਮੇਨ ਗੇਟ ਅਤੇ ਬਾਹਰੀ ਚਾਰ ਦੀਵਾਰੀਆਂ ਨੂੰ ਵਿੱਦਿਅਕ ਤੌਰ ‘ਤੇ ਸ਼ਿੰਗਾਰਨ ਦਾ ਕਾਰਜ਼ ਵੀ ਨਾਲੋ-ਨਾਲ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਇਸ ਕਦਰ ਸ਼ਿੰਗਾਰਿਆ ਜਾ ਰਿਹਾ ਹੈ ਕਿ ਕੋਲੋਂ ਲੰਘਣ ਵਾਲਾ ਹਰ ਇਨਸਾਨ ਖੜ੍ਹ ਕੇ ਵੇਖਣ ਲਈ ਮਜਬੂਰ ਹੋ ਜਾਂਦਾ ਹੈ। ਸਕੂਲਾਂ ਦੀਆਂ ਚਾਰ ਦੀਵਾਰੀਆਂ ਨੂੰ ਬਾਹਰੋਂ ਵੀ ਵਿਸ਼ੇਸ਼ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਮਨੋਵਿਗਿਆਨਕ ਨਜ਼ਰੀਏ ਤੋਂ ਕੀਤੇ ਬਾਲਾ ਵਰਕ, ਵਿੱਦਿਅਕ ਸਮੱਗਰੀ ਨਾਲ ਸ਼ਿੰਗਾਰੇ ਮੇਨ ਗੇਟ ਅਤੇ ਚਾਰ ਦੀਵਾਰੀਆਂ ਨੇ ਸਮਾਜ ਨੂੰ ਸਰਕਾਰੀ ਸਕੂਲਾਂ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਕਿਸੇ ਸਮੇਂ ਸਰਕਾਰੀ ਸਕੂਲਾਂ ਵੱਲੋਂ ਮੁੱਖ ਘੁੰਮਾ ਕੇ ਲੰਘਣ ਵਾਲੇ ਸਮਾਜ ਦੇ ਲੋਕ ਹੁਣ ਸਰਕਾਰੀ ਸਕੂਲਾਂ ਨੂੰ ਅੰਦਰੋਂ ਆ ਕੇ ਵੇਖਣਾ ਪਸੰਦ ਕਰਨ ਲੱਗੇ ਹਨ। ਸਰਕਾਰੀ ਸਕੂਲਾਂ ਪ੍ਰਤੀ ਸਮਾਜ ਦੇ ਵਿਸ਼ਵਾਸ ਵਿੱਚ ਇਜ਼ਾਫਾ ਹੋਣ ਲੱਗਾ ਹੈ।
ਸਰਕਾਰੀ ਸਕੂਲਾਂ ਦੀਆਂ ਡਿਗੂੰ-ਡਿਗੂੰ ਕਰਦੀਆਂ ਅਤੇ ਖਸਤਾ ਹਾਲ ਇਮਾਰਤਾਂ ਦੇ ਦਿਲਕਸ਼ ਬਣਨ ਪਿੱਛੇ ਬਾਲਾ ਵਰਕ ਦਾ ਬਹੁਤ ਵੱਡਾ ਹੱਥ ਹੈ। ਬਾਲਾ ਵਰਕ ਨੇ ਤਾਂ ਇੱਕ ਤਰ੍ਹਾਂ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ। ਸਰਕਾਰੀ ਸਕੂਲਾਂ ਦੀਆਂ ਰੰਗ-ਬਰੰਗੀਆਂ ਇਮਾਰਤਾਂ ਜਿਵੇਂ ਬੱਚਿਆਂ ਨੂੰ ਸੈਨਤਾਂ ਮਾਰ-ਮਾਰ ਕੇ ਬੁਲਾਉਣ ਲੱਗੀਆਂ ਹਨ। ਸਕੂਲਾਂ ‘ਚ ਬਣੇ ਗਣਿਤ ਪਾਰਕ ਗਣਿਤ ਵਰਗੇ ਰੁੱਖੇ ਵਿਸ਼ੇ ਦੀ ਖੁਸ਼ਕੀ ਚੁੱਕਣ ਵਿੱਚ ਕਾਰਗਰ ਸਾਬਤ ਹੋ ਰਹੇ ਹਨ। ਬਾਲਾ ਵਰਕ ਨੇ ਸਿਰਫ ਸਰਕਾਰੀ ਸਕੂਲਾਂ ਦੀ ਦਿੱਖ ਹੀ ਤਬਦੀਲ਼ ਨਹੀਂ ਕੀਤੀ, ਸਗੋਂ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਵੀ ਸੁਖਾਲਾ ਬਣਾਇਆ ਹੈ।
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।