ਕੌਮੀ ਐਸ. ਸੀ. ਕਮਿਸ਼ਨ ਸਾਹਮਣੇ ਚੰਗਾਲੀਵਾਲਾ ਵਾਸੀਆਂ ਖੋਲ੍ਹੀਆਂ ‘ਜਗੀਰੂ’ ਪ੍ਰਬੰਧ ਦੀਆਂ ਪਰਤਾਂ

National ,'Feudal' , Arrangements  Commission

ਪਿੰਡ ‘ਚ ਬਣਿਆ ਹੋਇਆ ਹੈ ਡਰ ਤੇ ਖੌਫ ਦਾ ਮਾਹੌਲ

ਗੁਰਪ੍ਰੀਤ ਸਿੰਘ/ਸੰਗਰੂਰ। ਪਿੰਡ ਚੰਗਾਲੀਵਾਲਾ ਵਿਖੇ ਅੱਜ ਕੌਮੀ ਐਸ. ਸੀ. ਕਮਿਸ਼ਨ ਦੇ ਸਾਹਮਣੇ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਚੱਲ ਰਹੇ ਕਥਿਤ ਜਗੀਰੂ ਪ੍ਰਬੰਧ ਦੀਆਂ ਪਰਤਾਂ ਖੋਲ੍ਹੀਆਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਰ ਤੇ ਖੌਫ਼ ਦਾ ਮਾਹੌਲ ਬਣਿਆ ਹੋਇਆ ਜਿਸ ਕਾਰਨ ਦਲਿਤ ਦਮ ਘੁੱਟ ਕੇ ਜ਼ਿੰਦਗੀ ਲੰਘਾ ਰਹੇ ਹਨਕਮਿਸ਼ਨ ਦੇ ਸਾਹਮਣੇ ਪਿੰਡ ਦੇ ਤਰਸੇਮ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਅਜਿਹੇ ਜਗੀਰੂ ਪ੍ਰਬੰਧ ਦੀ ਹੀ ਭੇਂਟ ਚੜ੍ਹਿਆ ਹੈ ਜਗਮੇਲ ਸਿੰਘ ਦੀ ਸਿਹਤ ਮਹਿਕਮੇ ਜਾਂ ਪੁਲਿਸ ਨੇ ਕੋਈ ਸਾਰ ਨਹੀਂ ਲਈ ਉਸ ਨੇ ਦੱਸਿਆ ਕਿ ਪਿੰਡ ਵਿੱਚ ਜਗੀਰੂ ਸੋਚ ਰੱਖਣ ਵਾਲੇ ਵਿਅਕਤੀਆਂ ਨੇ ਜਗਮੇਲ ਸਿੰਘ ਦੀ ਛੋਟੀ ਜਿਹੀ ਗੱਲ ਪਿੱਛੇ ਅਣਮਨੁੱਖੀ ਤਰੀਕੇ ਨਾਲ ਮਾਰਕੁੱਟ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉਸ ਨੇ ਦੱਸਿਆ ਕਿ ਮਾਰਕੁੱਟ ਕਰਨ ਤੋਂ ਬਾਅਦ ਜਗਮੇਲ ਨੂੰ ਉਨ੍ਹਾਂ ਨੇ ਆਪਣੇ ਘਰ ਦੋ ਦਿਨ ਤੱਕ ਬੰਨ੍ਹ ਕੇ ਰੱਖਿਆ, ਪਾਣੀ ਮੰਗਣ ‘ਤੇ ਉਸ ਨੂੰ ਪਿਸ਼ਾਬ ਤੱਕ ਪਿਲਾਇਆ ਗਿਆ ਇਸ ਸਾਰੀ ਘਟਨਾ ਨੂੰ ਦੱਸਣ ਦੇ ਬਾਵਜ਼ੂਦ ਪੁਲਿਸ ਨੇ  ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ, ਉਲਟਾ ਉਨ੍ਹਾਂ ਨੂੰ ਥਾਣੇ ਵਿੱਚੋਂ ਵਾਪਿਸ ਭੇਜ ਦਿੱਤਾ ਉਨ੍ਹਾਂ ਆਪਣੇ ਪੱਧਰ ‘ਤੇ ਜਗਮੇਲ ਨੂੰ ਲਹਿਰਾਗਾਗਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਉਸ ਨੂੰ ਸੰਗਰੂਰ, ਪਟਿਆਲਾ ਤੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਪਰ ਇਸ ਅਣਮਨੁੱਖੀ ਕਾਰੇ ਦਾ ਸ਼ਿਕਾਰ ਜਗਮੇਲ ਅੰਤ ਦਮ ਤੋੜ ਗਿਆ। ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਕਮਿਸ਼ਨ ਦੇ ਸਾਹਮਣੇ ਜਿਉਂ ਹੀ ਇਹ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਆਰੰਭ ਵਿੱਚ ਜਾਣਕਾਰੀ ਨਹੀਂ ਸੀ, ਇਸ ‘ਤੇ ਉੱਥੇ ਖੜ੍ਹੇ ਕੁਝ ਪਿੰਡ ਵਾਸੀਆਂ ਨੇ ਸਰਪੰਚ ਦਾ ਵਿਰੋਧ ਵੀ ਕੀਤਾ ਪੁਲਿਸ ਨੂੰ ਮਾਮਲੇ ਨੂੰ ਸ਼ਾਂਤ ਕਰਵਾਉਣਾ ਪਿਆ ।

ਸਰਪੰਚ ਨੇ ਦੱਸਿਆ ਕਿ ਉਸ ਨੂੰ ਘਟਨਾ ਵਾਲੇ ਦਿਨ ਦਾ ਕੁਝ ਨਹੀਂ ਪਤਾ ਅਤੇ ਬਾਕੀ ਉਨ੍ਹਾਂ ਨੇ ਆਪਣੇ ਪੱਧਰ ‘ਤੇ ਪੀਜੀਆਈ ਵਿੱਚ ਦਾਖ਼ਲ ਜਗਮੇਲ ਦੀ ਮਿਜ਼ਾਜ਼ਪੁਰਸ਼ੀ ਕਰਨ ਦੇ ਨਾਲ-ਨਾਲ ਉਸ ਦੀ ਵਿੱਤੀ ਮੱਦਦ ਵੀ ਕੀਤੀ ਸੀ ਉਨ੍ਹਾਂ ਕਿਹਾ ਕਿ ਘਟਨਾ ਬਹੁਤ ਹੀ ਮਾੜੀ ਹੋਈ ਹੈ ਜਿਸ ਕਾਰਨ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ  ਪਿੰਡ ਦੇ ਵਸਨੀਕ ਅਵਤਾਰ ਸਿੰਘ ਨੇ ਕਮਿਸ਼ਨ ਕੋਲ ਦੱਸਿਆ ਕਿ ਇਹ ਮਾਮਲਾ ਦੀਵਾਲੀ ਤੋਂ ਪਹਿਲਾਂ ਦਾ ਹੈ ਜਗਮੇਲ ਸਿੰਘ ਦਾ ਕਥਿਤ ਦੋਸ਼ੀਆਂ ਨਾਲ ਕਿਸੇ ਗੱਲ ਕਾਰਨ ਝਗੜਾ ਹੋ ਗਿਆ ਸੀ ਜਿਸ ਦਾ ਪੰਚਾਇਤ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ ਇਸ ਰਾਜ਼ੀਨਾਮੇ ਵਿੱਚ ਪਿੰਡ ਦਾ ਸਰਪੰਚ ਤੇ ਹੋਰ ਪੰਚਾਇਤ ਮੈਂਬਰ ਵੀ ਮੌਜ਼ੂਦ ਸਨ ਇਸ ਤੋਂ ਬਾਅਦ ਜਿਹੜੀ ਘਟਨਾ ਵਾਪਰੀ ਉਹ ਸਾਰਿਆਂ ਦੇ ਸਾਹਮਣੇ ਹੈ  ਜਗਮੇਲ ਸਿੰਘ ਦੇ ਸਕੇ ਭਰਾ ਗੁਰਤੇਜ ਸਿੰਘ ਨੇ ਕਮਿਸ਼ਨ ਦੇ ਮੈਂਬਰਾਂ ਸਾਹਮਣੇ ਦੱਸਿਆ ਕਿ ਸਾਡੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ।

ਉਸ ਨੇ ਦੱਸਿਆ ਕਿ ਜਿਹੜੇ ਕਾਤਲਾਂ ਨੇ ਉਸ ਦੇ ਭਰਾ ਜਗਮੇਲ ਸਿੰਘ ਨੂੰ ਮਾਰਿਆ ਹੈ, ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਉਸ ਦੀ ਬਾਂਹ ਤੋੜ ਦਿੱਤੀ ਸੀ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਆਪਣੇ ਘਰ ਅੰਦਰ ਪਰਿਵਾਰਕ ਝਗੜੇ ਵਿੱਚ ਬੋਲ ਰਿਹਾ ਸੀ ਪਰ ਜਗੀਰਦਾਰਾਂ ਨੇ ਇਸ ਗੱਲ ਨੂੰ ਹੀ ਆਧਾਰ ਬਣਾ ਕੇ  ਉਸ ਨੂੰ ਖੇਤ ਵਿੱਚ ਬੰਨ੍ਹ ਕੇ ਉਸ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕਰਕੇ ਉਸ ਨੂੰ ਗਰਕਣੀ ਵਿੱਚ ਸੁੱਟ ਦਿੱਤਾ ਸੀ। ਜਿਸ ਕਾਰਨ ਉਸਦੀ ਬਾਂਹ ਟੁੱਟ ਗਈ ਸੀ ਜਿਹੜੀ ਅੱਜ ਤੱਕ ਵੀ ਨਹੀਂ ਜੁੜੀ ਉਸ ਨੇ ਆਪਣੀ ਬਾਂਹ ਕਮਿਸ਼ਨ ਦੇ ਮੈਂਬਰਾਂ ਨੂੰ ਦਿਖਾਈ ਕਮਿਸ਼ਨ ਦੇ ਮੈਂਬਰਾਂ ਨੇ  ਗੁਰਤੇਜ ਸਿੰਘ ਦੇ ਬਿਆਨਾਂ ‘ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਇਸ ਤੋਂ ਇਲਾਵਾ ਜਗਮੇਲ ਸਿੰਘ ਦੀ ਪਤਨੀ ਨੇ ਕਮਿਸ਼ਨ ਦੇ ਮੈਂਬਰਾਂ ਮੂਹਰੇ ਆਪਣੇ ਦੁੱਖੜੇ ਰੋਂਦਿਆਂ ਕਿਹਾ ਕਿ ਹੁਣ ਵੀ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਕੋਈ ਵੀ ਮੈਂਬਰ ਹੁਣ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਇਸ ‘ਤੇ ਕਮਿਸ਼ਨ ਨੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਤੁਰੰਤ ਪੁਲਿਸ ਨੂੰ ਹੁਕਮ ਕੀਤੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।