ਸਿਹਤ ਦੇ ਮਾਮਲੇ ‘ਚ ਪੱਛੜਦਾ ਭਾਰਤ

India, Terms, Health

ਦੇਵੇਂਦਰਰਾਜ ਸੁਥਾਰ

ਚੰਗੀ ਸਿਹਤ ਹੀ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ। ਅੱਜ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਆਪਣੀ ਸਿਹਤ ਨੂੰ ਮੈਂਟੇਨ ਰੱਖਣਾ ਇੱਕ ਚੁਣੌਤੀ ਭਰਿਆ ਕੰਮ ਹੈ। ਅਜਿਹੇ ਕਿੰਨੇ ਹੀ ਲੋਕ ਹਨ ਜੋ ਸਿਹਤ ‘ਤੇ ਠੀਕ ਤਰ੍ਹਾਂ ਧਿਆਨ ਨਾ ਦੇਣ ਕਾਰਨ ਘੱਟ ਉਮਰ ਵਿੱਚ ਹੀ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਹਨ। ਕਿਸੇ ਵੀ ਦੇਸ਼ ਦੇ ਵਿਕਾਸ ਲਈ ਸਿਹਤਮੰਦ ਅਬਾਦੀ ਲਾਜ਼ਮੀ ਹੈ। ਅੱਜ ਖੁਰਾਕੀ ਪਦਾਰਥਾਂ ਵਿੱਚ ਵਧਦੀ ਮਿਲਾਵਟ ਅਤੇ ਪੂਰੇ ਪੈਸੇ ਦੇਣ ਦੇ ਬਾਅਦ ਵੀ ਗੁਣਵੱਤਾ ਭਰਪੂਰ ਪਦਾਰਥ ਮਿਲਣਾ ਮੁਸ਼ਕਲ ਹੈ। ਇਸ ਲਈ ਅਜਿਹੇ ਹਾਲਾਤਾਂ ਵਿੱਚ ਖਾਣ-ਪੀਣ ਦੇ ਸੰਤੁਲਨ ਅਤੇ ਪੌਸ਼ਟਿਕਤਾ ਦਾ ਸਵਾਲ ਖੜ੍ਹਾ ਹੋਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਇੱਕ ਮਹੱਤਵਪੂਰਨ ਯੋਜਨਾ ‘ਫਿੱਟ ਇੰਡੀਆ ਮੂਵਮੈਂਟ’ ਸ਼ੁਰੂ ਕੀਤੀ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਮੌਕੇ ਦੇਸ਼ਭਰ ਵਿੱਚ ਸਿਹਤ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਦੇਸ਼ਵਾਸੀ ਕਿੰਨੇ ਫਿੱਟ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਉਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਫਿੱਟ ਇੰਡੀਆ ਵਰਗੀ ਮੂਵਮੈਂਟ ਦੀ ਲੋੜ ਕਿਉਂ ਹੈ? ਅਤੇ ਸਿਹਤ ਦੇ ਮਾਮਲੇ ‘ਚ ਭਾਰਤੀਆਂ ਦੀ ਤਾਜ਼ਾ ਸਥਿਤੀ ਕੀ ਹੈ? ਦਰਅਸਲ ਕੰਮ ਕਰਨ ਦੇ ਮਾਮਲੇ ਵਿੱਚ ਬੇਸ਼ੱਕ ਹੀ ਭਾਰਤੀ ਸਭ ਤੋਂ ਅੱਗੇ ਹੋਣ ਪਰ ਫਿਟਨਸ ਅਤੇ ਐਕਟਿਵ ਰਹਿਣ ਦੇ ਮਾਮਲੇ ਵਿੱਚ ਭਾਰਤੀ ਸਭ ਤੋਂ ਪਿੱਛੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਦੇ ਲੋਕ ਸਭ ਤੋਂ ਘੱਟ ਫਰਤੀਲੇ ਹੁੰਦੇ ਹਨ ਅਤੇ ਰੋਜ਼ਾਨਾ ਔਸਤਨ ਭਾਰਤੀ ਸਿਰਫ 6 ਹਜਾਰ 553 ਕਦਮ ਹੀ ਚਲਦੇ ਹਨ, ਜੋ ਇਸ ਸਟੱਡੀ ਵਿੱਚ ਸ਼ਾਮਲ ਸਾਰੇ ਦੇਸ਼ਾਂ ਦੇ ਲੋਕਾਂ ਦੀ ਤੁਲਨਾ ਵਿੱਚ ਸਭ ਤੋਂ ਘੱਟ ਹੈ। ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਸਿੰਗਾਪੁਰ ਸਮੇਤ 18 ਦੇਸ਼ਾਂ ਦੇ ਲੋਕਾਂ ਦੇ ਡੇਟਾ ਦੇ ਅਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਨੀਂਦ ਲੈਣ ਦੇ ਮਾਮਲੇ ਵਿੱਚ ਵੀ ਬਹੁਤ ਪਿੱਛੇ ਹਨ। ਜਾਪਾਨ ਤੋਂ ਬਾਅਦ ਭਾਰਤੀ ਦੂਜੇ ਨੰਬਰ ‘ਤੇ ਹਨ, ਜੋ ਸਭ ਤੋਂ ਘੱਟ ਨੀਂਦ ਲੈਂਦੇ ਹਨ। ਭਾਰਤੀ ਔਸਤਨ ਰਾਤ ਨੂੰ 7 ਘੰਟੇ 1 ਮਿੰਟ ਹੀ ਸੌਂਦੇ ਹਨ। ਆਇਰਲੈਂਡ ਵਿੱਚ ਲੋਕ ਸਭ ਤੋਂ ਜ਼ਿਆਦਾ ਔਸਤਨ 7 ਘੰਟੇ 57 ਮਿੰਟ ਭਾਵ ਕਰੀਬ 8 ਘੰਟੇ ਸੌਂਦੇ ਹਨ। 18 ਦੇਸ਼ਾਂ ਤੋਂ ਜੁਟਾਏ ਗਏ ਡੇਟਾ ਦੇ ਆਧਾਰ ‘ਤੇ ਕਿਹਾ ਗਿਆ ਹੈ ਕਿ ਭਾਰਤੀ ਦਿਨ ਵਿੱਚ ਔਸਤਨ 32 ਮਿੰਟ ਹੀ ਫੁਰਤੀਲੇ ਰਹਿੰਦੇ ਹਨ। ਇੰਨਾ ਹੀ ਨਹੀਂ, ਹਾਂਗਕਾਂਗ ਦੇ ਲੋਕਾਂ ਦੀ ਤੁਲਨਾ ਵਿੱਚ ਭਾਰਤੀ ਰੋਜ਼ਾਨਾ 3600 ਕਦਮ ਘੱਟ ਚੱਲਦੇ ਹਨ। ਆਮ ਤੌਰ ‘ਤੇ ਭਾਰਤ ਵਿੱਚ ਅਜਿਹਾ ਮੰਨਿਆ ਜਾਂਦਾ ਹੈ ਕਿ ਬੱਚਾ ਜਿੰਨਾ ਜ਼ਿਆਦਾ ਖਾਣਾ ਖਾਂਦਾ ਹੈ ਉਹ ਵੱਡਾ ਹੋ ਕੇ ਓਨਾ ਹੀ ਮਜ਼ਬੂਤ ਬਣਦਾ ਹੈ। ਇਹ ਗੱਲ ਠੀਕ ਵੀ ਹੈ। ਇਹੀ ਵਜ੍ਹਾ ਹੈ ਕਿ ਬੱਚਿਆਂ ਨੂੰ ਦੁੱਧ-ਦਹੀਂ ਖਾਣ ਦੀ ਹਿਦਾਇਤ ਹਮੇਸ਼ਾ ਹੀ ਦਿੱਤੀ ਜਾਂਦੀ ਹੈ। ਲੋਕ ਕੁੱਝ ਮਹੀਨੇ ਦੇ ਬੱਚੇ ਨੂੰ ਤੱਦ ਤੱਕ ਖੁਆਉਂਦੇ ਰਹਿੰਦੇ ਹੈ ਜਦੋਂ ਤੱਕ ਉਹ ਰੋ ਕੇ ਇਸ ਲਈ ਮਨ੍ਹਾ ਨਾ ਕਰ ਦੇਵੇ। ਪਰ ਇਸਦੇ ਬਾਵਜ਼ੂਦ ਭਾਰਤੀ ਬੱਚਿਆਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਤਮਗਾ ਹਾਸਲ ਨਹੀਂ ਹੁੰਦਾ।

ਅਸਲ ਵਿੱਚ ਹੁੰਦਾ ਇਹ ਹੈ ਕਿ ਹੱਦ ਤੋਂ ਜ਼ਿਆਦਾ ਖਾਣ ਦੀ ਆਦਤ ਬੱਚਿਆਂ ਨੂੰ ਮੋਟਾਪੇ ਵੱਲ ਲੈ ਜਾਂਦੀ ਹੈ। ਭਾਰਤ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿੱਚ ਤਾਂ ਹਾਲਾਤ ਹੋਰ ਵੀ ਜ਼ਿਆਦਾ ਖ਼ਰਾਬ ਹਨ। ਇੱਥੇ ਫਾਸਟ ਫੂਡ ਖਾਣ ਦੀ ਵਜ੍ਹਾ ਨਾਲ ਬਹੁਤ ਸਾਰੇ ਬੱਚੇ ਇੰਨੇ ਮੋਟੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਲਾਜ ਕਰਵਾਉਣਾ ਪੈਂਦਾ ਹੈ। ਲੋਕ ਸਮੇਂ ਤੋਂ ਪਹਿਲਾਂ ਹੀ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ। ਸੁਣ ਕੇ ਹੈਰਾਨੀ ਜਰੂਰ ਹੁੰਦੀ ਹੈ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ 14-15 ਸਾਲ ਦੇ ਬੱਚੇ ਵੀ ਹਾਰਟ ਅਟੈਕ ਨਾਲ ਮਰ ਰਹੇ ਹਨ। ਦ ਲੈਨਸੇਟ ਵਿੱਚ ਛਪੇ ਇੱਕ ਰਿਸਰਚ ਮੁਤਾਬਕ, ਜਾਪਾਨ ਵਿੱਚ ਜੰਮੇ ਬੱਚੇ ਲੰਬੇ ਸਮੇਂ ਤੱਕ ਇੱਕ ਤੰਦਰੁਸਤ ਜੀਵਨ ਜਿਉਂਦੇ ਹਨ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਹੈ ਉਨ੍ਹਾਂ ਦੇ ਖਾਣ-ਪੀਣ ਦੀ ਆਦਤ। ਇਸਦਾ ਮਤਲਬ ਇਹ ਕਿ ਜਪਾਨੀ ਇੰਨਾ ਪੌਸ਼ਟਿਕ ਖਾਣਾ ਖਾਂਦੇ ਹਨ ਕਿ ਬਿਮਾਰੀਆਂ ਉਨ੍ਹਾਂ ਨੂੰ ਦੂਰ ਹੀ ਰਹਿੰਦੀਆਂ ਹਨ ।

ਦੁਨੀਆ ਭਰ ਦੇ ਵਿਕਸਿਤ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਮੋਟਾਪੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਪਰ ਉੱਥੇ ਹੀ ਦੂਜੇ ਪਾਸੇ ਜਾਪਾਨ ਵਿੱਚ ਲੋਕਾਂ ਵਿੱਚ ਮੋਟਾਪੇ ਦੀ ਦਰ ਬਹੁਤ ਘੱਟ ਹੋ ਗਈ ਹੈ। ਇਸਦੀ ਵਜ੍ਹਾ ਜੈਨੇਟਿਕ ਬਦਲਾਅ ਨਹੀਂ ਹੈ ਸਗੋਂ ਖਾਣ-ਪੀਣ ਅਤੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿੱਚ ਬਦਲਾਅ ਹੈ। ਪੂਰੀ ਦੁਨੀਆ ਜਾਪਾਨ ਤੋਂ ਖਾਣ-ਪੀਣ ਦੀਆਂ ਕੁੱਝ ਚੰਗੀਆਂ ਆਦਤਾਂ ਸਿੱਖ ਸਕਦੀ ਹੈ। ਮੋਟਾਪੇ ਤੋਂ ਦੂਰ ਰਹਿਣ ਦਾ ਇਹ ਮਤਲਬ ਨਹੀਂ ਹੈ ਕਿ ਖਾਣਾ ਹੀ ਛੱਡ ਦਿਓ ਸਗੋਂ ਲੋਕਾਂ ਨੂੰ ਖਾਣ ਵਿੱਚ ਅਜਿਹੀਆਂ ਚੀਜਾਂ ਜੋੜਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਜਿਆਦਾ ਕਲੋਰੀ ਨਾ ਹੋ। ਜਿਵੇਂ ਇੱਕ ਜਾਪਾਨੀ ਮੀਲ ਵਿੱਚ ਚੌਲ, ਫਲ-ਸਬਜ਼ੀਆਂ ਅਤੇ ਸਲਾਦ ਦਾ ਇੱਕ ਹਿੱਸਾ, ਤੇ ਕਈ ਸਾਰੀਆਂ ਸਬਜੀਆਂ ਸ਼ਾਮਿਲ ਹੁੰਦੀਆਂ ਹਨ। ਜਾਪਾਨੀ ਖਾਣਾ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਹ ਇੱਕ ਚੰਗੀ ਮੀਲ ਵਿੱਚ ਸਭ ਕੁਝ ਸ਼ਾਮਿਲ ਕਰ ਲੈਣ। ਭਾਰਤ ਵਿੱਚ ਹਰ ਤੀਜਾ ਬੱਚਾ ਕੁਰਕੁਰੇ ਖਾਣ ਦੀ ਜਿੱਦ ਕਰਦਾ ਹੈ। ਅਸਲ ਵਿੱਚ ਛੋਟੇ ਬੱਚਿਆਂ ਨੂੰ ਜੋ ਆਦਤ ਪਾਈ ਜਾਵੇ ਉਹ ਉਹੀ ਖਾਣਾ ਪਸੰਦ ਕਰਦੇ ਹਨ। ਸ਼ੁਰੂ-ਸ਼ੁਰੂ ਵਿੱਚ ਤਾਂ ਲੋਕ ਬੱਚਿਆਂ ਦੀ ਗੱਲ ਮੰਨਦੇ ਹਨ ਪਰ ਇਸ ਵਜ੍ਹਾ ਨਾਲ ਉਨ੍ਹਾਂ ਦੀ ਆਦਤ ਖ਼ਰਾਬ ਹੋ ਜਾਂਦੀ ਹੈ ਅਤੇ ਵੱਡੇ ਹੋ ਕੇ ਉਹ ਜਿੱਦ ਕਰਨ ਲੱਗਦੇ ਹਨ। ਉੱਥੇ ਹੀ ਜਾਪਾਨ ਦੇ ਲੋਕ ਘੱਟ ਖਾਣਾ ਪਸੰਦ ਕਰਦੇ ਹਨ।

ਇਸ ਤੋਂ ਇਲਾਵਾ ਜਦੋਂ ਵੀ ਉਹ ਕੋਈ ਸਨੈਕ ਖਾਂਦੇ ਹਨ ਜਿਸ ਵਿੱਚ ਜ਼ਿਆਦਾ ਕਲੋਰੀ ਹੋਵੇ ਤਾਂ ਉਸ ਤੋਂ ਬਾਅਦ ਤੁਰੰਤ ਹੀ ਕਸਰਤ ਵੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਜਦੋਂ ਵੀ ਕਿਸੇ ਨੇ ਭਾਰ ਘੱਟ ਕਰਨਾ ਹੁੰਦਾ ਹੈ ਉਸਨੂੰ ਲੋਕ ਹਿਦਾਇਤ ਦਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਚੌਲ ਖਾਣਾ ਛੱਡ ਦਿਓ। ਲੋਕ ਇਹ ਕੰਮ ਕਰਦੇ ਵੀ ਹਨ। ਪਰ ਸੱਚ ਗੱਲ ਤਾਂ ਇਹ ਹੈ ਕਿ ਜਾਪਾਨ ਦੇ ਖਾਣੇ ਵਿੱਚ ਚੌਲ ਜਰੂਰ ਹੁੰਦਾ ਹੈ ਅਤੇ ਉਹ ਉਸਦੇ ਨਾਲ ਵੱਖ-ਵੱਖ ਸਬਜ਼ੀਆਂ ਖਾਂਦੇ ਹਨ। ਇਸ ਨਾਲ ਚੌਲ ਖਾਣ ਤੋਂ ਬਾਅਦ ਜੋ ਭਰੇ ਢਿੱਡ ਵਰਗਾ ਮਹਿਸੂਸ ਹੁੰਦਾ ਹੈ ਉਹ ਮੁਸ਼ਕਲ ਨਹੀਂ ਆਉਂਦੀ। ਉਮੀਦ ਹੈ ਕਿ ਦੁਨੀਆ ਭਰ ਦੇ ਦੇਸ਼ ਜਾਪਾਨ ਤੋਂ ਜਰੂਰ ਸਿੱਖਣਗੇ। ਭਾਰਤ ਵਿੱਚ ਇੱਕ ਪਾਸੇ ਕੁੱਝ ਲੋਕ ਅਕਸਰ ਭੁੱਖੇ ਸੌਂਦੇ ਹਨ ਤਾਂ ਕੁੱਝ ਹੱਦ ਤੋਂ ਜ਼ਿਆਦਾ ਖਾ ਕੇ ਆਪਣਾ ਭਾਰ ਵਧਾ ਰਹੇ ਹਨ। ਅਜਿਹੇ ਵਿੱਚ ਇਸ ਗੱਲ ‘ਤੇ ਧਿਆਨ ਦੇਣਾ ਬਹੁਤ ਜਰੂਰੀ ਹੈ ਕਿ ਸਾਡੇ ਦੇਸ਼ ਦੇ ਯੁਵਾ ਮੋਟਾਪੇ ਦਾ ਸ਼ਿਕਾਰ ਨਾ ਹੋਣ। ਖਾਣ ਦਾ ਉਹ ਹਿੱਸਾ ਜੇਕਰ ਗਰੀਬਾਂ ਨੂੰ ਦੇ ਦਿੱਤਾ ਜਾਵੇ ਤਾਂ ਸ਼ਾਇਦ ਸਮਾਜ ਵਿੱਚ ਇੱਕ ਸੰਤੁਲਨ ਬਣਿਆ ਰਹੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।