ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਹੋਰ ਵਧਾਉਣੀ ਚਾਹੀਦੀ ਹੈ: ਸੋਢੀ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਨਿਊ ਮੋਤੀ ਬਾਗ ਗਨ ਕਲੱਬ ਵਿੱਚ ਕਰਵਾਏ ਗਏ ਤੀਜ਼ੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਦੂਜੀ ਸ਼ਾਟਗਨ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸ਼੍ਰੀ ਸੋਢੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਤੁਸੀਂ ਖੇਡਦੇ ਹੋ ਤਾਂ ਤੁਸੀਂ ਤੰਦਰੁਸਤ ਰਹਿੰਦੇ ਹੋ ਅਤੇ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਾਂ। ਸ਼੍ਰੀ ਸੋਢੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਹੋਰ ਵਧਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਯਤਨ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜੇ। ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਜੇਕਰ ਸ਼ੂਟਿੰਗ ਵਰਗੀ ਖੇਡ ਨੂੰ ਤਰਜ਼ੀਹ ਦਿੰਦਾ ਹੈ ਤਾਂ ਇਹ ਖੇਡ ਉਸ ਦਾ ਧਿਆਨ ਲਾਉਣ ਵਿੱਚ ਵੀ ਮਦਦਗਾਰ ਹੋਵੇਗੀ ਅਤੇ ਇਸ ਨਾਲ ਉਸ ਆਤਮ ਵਿਸ਼ਵਾਸ ਵੀ ਵਧੇਗਾ।
ਰਾਣਾ ਸੋਢੀ ਨੇ ਪਟਿਆਲਾ ਸ਼ੂਟਿੰਗ ਰੇਂਜ ਨੂੰ ਸ਼ਾਨਦਾਰ ਦੱਸਦੇ ਹੋਏ ਕਿਹਾ ਕਿ ਸ਼ੂਟਿੰਗ ਲਗਾਤਾਰ ਬਦਲ ਰਹੀ ਹੈ, ਇਸ ਦੇ ਨਿਯਮ ਵੀ ਬਦਲ ਰਹੇ ਹਨ। ਉਹਨਾਂ ਕਿਹਾ ਕਿ ਉਹ ਸੌਭਾਗਿਆ ਸ਼ਾਲੀ ਰਹੇ ਹਨ ਕਿ ਉਹਨਾਂ ਨੂੰ ਰਾਜਾ ਰਣਧੀਰ ਸਿੰਘ, ਮਹਾਰਾਜਾ ਕਰਣੀ ਸਿੰਘ ਨਾਲ ਸ਼ੂਟਿੰਗ ਕਰਨ ਦਾ ਅਵਸਰ ਮਿਲਿਆ ਹੈ। ਉਹਨਾਂ ਕਿਹਾ ਕਿ ਸ਼ੂਟਿੰਗ ਲਈ ਸੁਵਿਧਾਵਾਂ ਬਹੁਤ ਘੱਟ ਹਨ। ਉਹਨਾਂ ਨੌਜਵਾਨ ਸ਼ੂਟਰਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਕਈ ਸ਼ੂਟਰ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨਗੇ। ਉਹਨਾਂ ਕਿਹਾ ਕਿ ਉੁਹ ਅੱਜ ਕੋਈ ਐਲਾਨ ਨਹੀਂ ਕਰ ਰਹੇ ਪਰੰਤੂ ਇਸ ਖੇਡ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਨ ਲਈ ਤਿਆਰ ਹਨ।
ਮਿਲਟਰੀ ਫੈਸਟੀਵਲ ਲਈ ਗਠਿਤ ਕੀਤੀ ਕਮੇਟੀ ਦੇ ਮੈਂਬਰ ਕਰਨਲ (ਰਿਟਾ:) ਪੀ. ਐੱਸ. ਗਰੇਵਾਲ ਨੇ ਨਿਸ਼ਾਨੇਬਾਜੀ ਦੇ ਟਰੈਪ ਮੁਕਾਬਲਿਆਂ ਬਾਰੇ ਦੱਸਿਆ ਕਿ ਪਹਿਲਾ ਸਥਾਨ ਅਰਵ ਸਿੰਘ ਡਾਗਰ, ਦੂਸਰਾ ਸਥਾਨ ਜੰਗਸ਼ੇਰ ਸਿੰਘ ਵਿਰਕ, ਤੀਸਰਾ ਸਥਾਨ ਨਮਨਵੀਰ ਸਿੰਘ ਬਰਾੜ, ਚੌਥਾ ਸਥਾਨ ਸ਼੍ਰੀ ਅਫ਼ਜਲ ਅਹਿਮਦ, ਪੰਜਵਾਂ ਸਥਾਨ ਜੁਬੇਰ ਸਿੰਘ ਸੀਰਾ,ਅਤੇ ਛੇਵਾਂ ਸਥਾਨ ਅਭਿਮੰਨਿਊ ਚੌਹਾਨ ਨੇ ਪ੍ਰਾਪਤ ਕੀਤਾ। ਜਦ ਕਿ ਸ਼ਾਟਪੁੱਟ ਦੀ ਸਕਿੱਟ ਵਿੱਚ ਮੇਜਰ ਸਿੰਘ ਗਿੱਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਪੀ.ਪੀ.ਐਸ. ਗੁਰਨ ਨੇ ਦੂਸਰਾ, ਮਨਕੀਤ ਸਿੰਘ ਗੁਰਨ ਨੇ ਤੀਸਰਾ, ਗੁਰੋਜਤ ਸਿੰਘ ਨੇ ਚੌਥਾ, ਜਸਮੀਨ ਕੌਰ ਨੇ ਪੰਜਵਾਂ ਅਤੇ ਗੁਰਮੇਰ ਸਿੰਘ ਲਾਲੀ ਨੇ ਛੇਵਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਹੁੰਦਲ, ਲਗਭੱਗ 60 ਸ਼ੂਟਰ, ਪ੍ਰਬੰਧਕ, ਖੇਡ ਪ੍ਰੇਮੀ, ਵਾਈ.ਪੀ.ਐੱਸ. ਪਟਿਆਲਾ ਅਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।