ਬਸਪਾ ਆਗੂ ਰਵਿੰਦਰ ਜੈਨ ਜ਼ੀਰਕਪੁਰ ਨੇ ਸਾਥੀਆਂ ਸਮੇਤ ‘ਆਪ’ ਦਾ ਪੱਲਾ ਫੜਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਸਾਬਕਾ ਮੰਤਰੀ ਸਵਰਗੀ ਹਮੀਰ ਸਿੰਘ ਘੱਗਾ ਦੇ ਪੁੱਤਰ ਹਰਸਮੀਪ ਸਿੰਘ ਲਾਡੀ ਘੱਗਾ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਅਤੇ ਜ਼ਿਲ੍ਹਾ ਪੱਧਰ ਦੀ ਹੋਰ ਲੀਡਰਸ਼ਿਪ ਦੀ ਹਾਜ਼ਰੀ ‘ਚ ਲਾਡੀ ਘੱਗਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਆਗੂ ਰਵਿੰਦਰ ਜੈਨ ਜ਼ੀਰਕਪੁਰ, ਉਪੇਰਾ ਗਾਰਡਨ ਪ੍ਰੋਜੈਕਟ ਜ਼ੀਰਕਪੁਰ ਦੇ ਜੀਐਮ ਅਸ਼ਵਿਨ ਜੈਨ, ਜ਼ੀਰਕਪੁਰ ਨਾਲ ਸੰਬੰਧਿਤ ਵਪਾਰੀ ਕਾਰੋਬਾਰੀ ਤੇਜਿੰਦਰ ਠਾਕੁਰ, ਆਕਾਸ਼, ਪੰਕਜ ਸੂਰਨਾ, ਅਜੀਤ ਕੁਮਾਰ, ਡਾ. ਬਲਵਿੰਦਰ ਸਿੰਘ, ਅੰਕੁਸ਼ ਸੂਦ, ਗੁਰਦਿਆਲ ਸਿੰਘ, ਵਿਜੈ ਕੁਮਾਰ ਅਤੇ ਸੁਭਾਸ਼ ਚੰਦ ਰਾਣਾ ਨੇ ਵੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ। AAP
ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਦਾ ਪਾਰਟੀ ‘ਚ ਨਿੱਘਾ ਸਵਾਗਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾ ਕਿਸੇ ਸ਼ਰਤ ਜਾਂ ਸਵਾਰਥ ਤੋਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨਾਲ ਪਾਰਟੀ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਚੀਮਾ ਨੇ ਕਿਹਾ ਕਿ ਚੰਗੇ ਅਕਸ ਵਾਲੇ ਆਗੂਆਂ ਅਤੇ ਹਸਤੀਆਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਸ ਮੌਕੇ ਹਰਸਮੀਪ ਸਿੰਘ ਲਾਡੀ ਘੱਗਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਆਪਣੇ ਹਲਕੇ ‘ਚ ਕਰਵਾਏ ਵਿਕਾਸ ਕਾਰਜਾਂ ਅਤੇ ਸੰਸਦ ‘ਚ ਪੰਜਾਬ ਅਤੇ ਪੰਜਾਬੀਆਂ ਦੇ ਮੁੱਦੇ ਬੁਲੰਦ-ਅਵਾਜ ਨਾਲ ਉਠਾਉਣ ਤੋਂ ਪ੍ਰਭਾਵਿਤ ਸਨ।
ਇਸ ਮੌਕੇ ਰਵਿੰਦਰ ਜੈਨ ਨੇ ਕਿਹਾ ਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪੂਰੇ ਦੇਸ਼ ਨੂੰ ਦਿਖਾ ਦਿੱਤਾ ਹੈ ਕਿ ਜੇਕਰ ਇਰਾਦੇ ਇਮਾਨਦਾਰ ਅਤੇ ਦ੍ਰਿੜ ਹੋਣ ਤਾਂ ਲੋਕ ਹਿੱਤਾਂ ਲਈ ਸਰਕਾਰ ਨਾ ਮੁਮਕਿਨ ਨੂੰ ਮੁਮਕਿਨ ਕਰ ਦਿਖਾਉਂਦੀਆਂ ਹਨ। ਇਨ੍ਹਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ‘ਆਪ’ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ।
ਇਸ ਮੌਕੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸੁਖਵਿੰਦਰ ਪਾਲ ਸਿੰਘ ਸੁੱਖੀ, ਗੈਰੀ ਵੜਿੰਗ, ਚੇਅਰਮੈਨ ਪੋਲੀਟਿਕਲ ਰਿਵਿਊ ਕਮੇਟੀ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਡਾ. ਬਲਬੀਰ ਸਿੰਘ, ਅਬਜ਼ਰਵਰ ਗੁਰਦੀਪ ਸਿੰਘ ਫਗੂਵਾਲਾ, ਗੁਰਪ੍ਰੀਤ ਸਿੰਘ ਆਲੋਅਰਖ ਅਬਜ਼ਰਵਰ, ਸਤਵੀਰ ਸਿੰਘ ਬਖਸ਼ੀਵਾਲਾ ਅਬਜ਼ਰਵਰ, ਜ਼ਿਲ੍ਹਾ ਇੰਚਾਰਜ ਪਟਿਆਲਾ ਚੇਤਨ ਸਿੰਘ ਜੋੜੇ ਮਾਜਰਾ, ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।