ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ
ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ ਕੈਦ ਵਿੱਚ ਕੈਦ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਜਦੋਂ ਸੂਬੇ ਦੀ ਜ਼ੇਲ੍ਹ ਵਿੱਚ ਵਿਆਹ ਦੀਆਂ ਸ਼ਹਿਨਾਈਆ ਵੱਜੀਆਂ ਹੋਣ।
ਜ਼ਿਕਰਯੋਗ ਹੈ ਕਿ ਮੋਗਾ ਦਾ ਵਾਸੀ ਮਨਦੀਪ ਸਿੰਘ ਦੋਹਰੇ ਕਤਲ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ ਜਿਸ ‘ਤੇ ਸਰਪੰਚ ਅਤੇ ਉਸ ਦੇ ਗੰਨਮੈਨ ਦੇ ਕਤਲ ਦੇ ਗੰਭੀਰ ਦੋਸ਼ਾਂ ਤੋਂ ਇਲਾਵਾ 08 ਹੋਰ ਮੁਕੱਦਮੇ ਵੀ ਦਰਜ ਹਨ। ਦੋਹਰੇ ਕਤਲ ਕਾਂਢ ਦੀ ਸਜਾ ਭੁਗਤ ਰਹੇ ਮਨਦੀਪ ਸਿੰਘ ਨਾਮੀ ਗੈਂਗਸਟਰ ਨੇ ਆਪਣੀ ਸ਼ਾਦੀ ਲਈ ਮਾਣਯੋਗ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਜਿਸ ‘ਤੇ ਮਾਣਯੋਗ ਅਦਾਲਤ ਨੇ ਜੇਲ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਉਸ ਦੇ ਵਿਆਹ ਦੇ ਕਾਰਜ ਨੂੰ ਸੰਪੰਨ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਜੇਲ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਨੂੰ ਸੀਲ ਕਰਕੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਵਰਿੰਦਰਜੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਤਾਇਨਾਤ ਕਰਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਜਾ ਲਾਲ ਸਜੀ ਧਜੀ ਕਾਰ ਵਿੱਚ ਸਜ ਧੱਜ ਕੇ ਕੈਦੀ ਦੀ ਲਾੜੀ ਆਪਣੇ ਮਾਪਿਆਂ ਸਣੇ ਜੇਲ ਅੰਦਰ ਮੌਜ਼ੂਦ ਧਾਰਮਿਕ ਸਥਾਨ ‘ਤੇ ਪੁੱਜੀ ਅਤੇ ਜ਼ੇਲ੍ਹ ਵਿੱਚੋਂ ਲਾੜੇ ਮਨਦੀਪ ਸਿੰਘ ਨੂੰ ਧਾਰਮਿਕ ਸਥਾਨ ‘ਤੇ ਲਿਆਂਦਾ ਗਿਆ।
ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਸਮੇਤ ਪੁਲਿਸ ਜਵਾਨਾਂ ਦੀ ਹਾਜ਼ਰੀ ਵਿੱਚ ਦੋਨਾਂ ਦਾ ਵਿਆਹ ਸੰਪੰਨ ਕਰਵਾਇਆ ਗਿਆ। ਜ਼ੇਲ੍ਹ ਅੰਦਰ ਸੰਪੰਨ ਹੋਏ ਵਿਆਹ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਪਰੋਕਤ ਵਿਆਹ ਨੂੰ ਦੇਖਣ ਲਈ ਭਾਵੇਂ ਪ੍ਰੈਸ ਨੂੰ ਇਜਾਜਤ ਨਹੀਂ ਦਿੱਤੀ ਗਈ ਪਰੰਤੂ ਜੇਲ ਅੰਦਰ ਹੋਏ ਵਿਆਹ ਦੀ ਵੀਡੀਉਜ਼ ਪਲਾਂ ਵਿੱਚ ਹੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਹਦਾਇਤਾਂ ਅਨੁਸਾਰ ਅੱਜ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਕਿਉਂਕਿ ਅੱਜ ਜੇਲ੍ਹ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਗੈਂਗਸਟਰ ਦਾ ਵਿਆਹ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।