ਨਿੱਜੀ ਹਸਪਤਾਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਜਗਤਾਰ ਜੱਗਾ/ਗੋਨਿਆਣਾ। ਗੋਨਿਆਣਾ ਮੰਡੀ ‘ਚ ਅੱਜ ਸਵੇਰੇ ਸਥਾਨਕ ਮਾਲ ਰੋਡ ‘ਤੇ ਸਥਿਤ ਸਿਟੀ ਡੈਂਟਲ ਕੇਅਰ ਹਸਪਤਾਲ ਵਿੱਚ ਅੱਗ ਲੱਗਣ ਕਰਕੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਦਰਮਿਆਨੀ ਰਾਤ ਕਰੀਬ ਢਾਈ ਵਜੇ ਦੇ ਕਰੀਬ ਹਸਪਤਾਲ ਵਿੱਚੋਂ ਕੁਝ ਖੜਕਾ ਹੋਣ ਦੀ ਆਵਾਜ਼ ਆਈ ਤਾਂ ਮੌਕੇ ‘ਤੇ ਮੌਜੂਦ ਚੌਕੀਦਾਰ ਵੱਲੋਂ ਹਸਪਤਾਲ ਦੇ ਅੰਦਰ ਚੋਰ ਹੋਣ ਦੇ ਸ਼ੱਕ ਕਾਰਨ ਜਦੋਂ ਹਸਪਤਾਲ ਦੇ ਡਾਕਟਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸ਼ਟਰ ਚੁੱਕਣ ‘ਤੇ ਪਤਾ ਲੱਗਿਆ ਕਿ ਅੰਦਰ ਅੱਗ ਫੈਲ ਚੁੱਕੀ ਸੀ ਅਤੇ ਖਿੜਕੀਆਂ ਟੁੱਟ ਕੇ ਥੱਲੇ ਡਿੱਗਣ ਨਾਲ ਅੰਦਰੋਂ ਅਵਾਜ਼ ਆ ਰਹੀ ਸੀ।
ਇਕੱਤਰ ਹੋਏ ਲੋਕਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪ੍ਰੰਤੂ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਹਸਪਤਾਲ ਦੇ ਮਾਲਕ ਡਾ. ਜਸ਼ਨ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਗ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਹਸਪਤਾਲ ਵਿੱਚ ਲੱਗੇ ਸਾਰੇ ਏ.ਸੀ, ਪੱਖੇ ਅਤੇ ਛੱਤ ‘ਤੇ ਹੋਈ ਪੀਓਪੀ, ਖਿੜਕੀਆਂ ਆਦਿ ਸੜ ਕੇ ਸੁਆਹ ਹੋ ਗਈਆਂ ਹਨ, ਜਿਸ ਦਾ ਅੰਦਾਜਾ ਬਿਜਲੀ ਮੈਕਨਿਕ ਦੇ ਆਉਣ ‘ਤੇ ਹੀ ਲੱਗੇਗਾ ਪਰ ਫਿਰ ਵੀ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਉਨ੍ਹਾਂ ਬਿਜਲੀ ਬੋਰਡ ਪ੍ਰਤੀ ਆਪਣਾ ਸ਼ਿਕਵਾ ਿਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਥਾਨਕ ਹੈਲਪਲਾਈਨ ਨੰਬਰ ‘ਤੇ ਕਾਲ ਕਰਕੇ ਬਿਜਲੀ ਬੰਦ ਕਰਨ ਬਾਰੇ ਕਿਹਾ ਸੀ ਪਰ ਬਿਜਲੀ ਬੰਦ ਨਹੀਂ ਕੀਤੀ ਗਈ ਅਤੇ ਲੋਕਾਂ ਨੇ ਜਾਨ ਜੋਖਮ ਵਿੱਚ ਪਾ ਕੇ ਚਲਦੀ ਬਿਜਲੀ ਵਿੱਚ ਹੀ ਅੱਗ ਬੁਝਾਈ ਦੱਸਣਾ ਬਣਦਾ ਹੈ ਕਿ ਜੇਕਰ ਮੌਕੇ ‘ਤੇ ਚੌਂਕੀਦਾਰ ਨਾ ਹੁੰਦਾ ਤਾਂ ਇਸ ਹਸਪਤਾਲ ਦੇ ਬਿਲਕੁਲ ਨਾਲ ਹੀ ਐੱਚ. ਡੀ.ਐੱਫ.ਸੀ. ਬੈਂਕ ਦੀ ਬ੍ਰਾਂਚ ਹੈ ਅਤੇ ਕਿਸੇ ਵੀ ਵੱਡੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।