ਅਬੋਹਰ। ਲਾਈਨਪਾਰ ਖੇਤਰ ਨਵੀਂ ਆਬਾਦੀ ‘ਚ ਵੀਰਵਾਰ ਸ਼ਾਮ ਨੂੰ ਗਲੀ ਵਿਚ ਖੇਡ ਰਿਹਾ ਇਕ 12 ਸਾਲਾ ਬੱਚਾ ਅਚਾਨਕ ਲਾਪਤਾ ਹੋ ਗਿਆ। ਪੁਲਿਸ ਵੱਲੋਂ ਸ਼ੁੱਕਰਵਾਰ ਦੁਪਹਿਰ ਤੱਕ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਅਤੇ ਬੱਚੇ ਨੂੰ ਬਰਾਮਦ ਨਾ ਕਰਨ ਕਾਰਨ ਭੜਕੇ ਪਰਿਵਾਰ ਨੇ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਧਰਨਾ ਦੇ ਦਿੱਤਾ।
ਪਰਿਵਾਰ ਨੇ ਬੱਚੇ ਦੀ ਕਿਡਨੈਪਿੰਗ ਦੇ ਦੋਸ਼ ਲਗਾਏ ਹਨ। ਪਰਿਵਾਰ ਦੇ ਰੋਸ ਨੂੰ ਵੇਖਦੇ ਹੋਏ ਨਗਰ ਥਾਣਾ ਨੰਬਰ 2 ਦੀ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕਰਕੇ ਬੱਚੇ ਨੂੰ ਛੇਤੀ ਬਰਾਮਦ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਾਈਨਪਾਰ ਖੇਤਰ ਨਵੀਂ ਆਬਾਦੀ ਵਾਸੀ ਫਾਈਨਾਂਸਰ ਬਲਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਗਾਏ ਕਿ ਵੀਰਵਾਰ ਸ਼ਾਮ ਨੂੰ ਉਸਦਾ 12 ਸਾਲਾ ਪੁੱਤਰ ਅਰਮਾਨ ਗਲੀ ਵਿਚ ਖੇਡ ਰਿਹਾ ਸੀ।
ਉਸਨੂੰ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਆਪਣੇ ਨਾਲ ਬਿਠਾ ਕੇ ਲੈ ਗਿਆ। ਪਰਿਵਾਰ ਨੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਅਤੇ ਬੱਚੇ ਨੂੰ ਬਰਾਮਦ ਨਾ ਕਰਨ ਦੇ ਇਲਜ਼ਾਮ ਹੇਠ ਅੱਜ ਐਸ.ਡੀ.ਐਮ. ਦਫਤਰ ਮੁਹਰੇ ਧਰਨਾ ਦਿੰਦੇ ਹੋਏ ਰੋਸ ਵਿਖਾਵਾ ਕੀਤਾ। ਬਲਜਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਉਸਦੇ ਖਿਲਾਫ ਕੁੱਝ ਦਿਨ ਪਹਿਲਾਂ 306 ਦਾ ਮਾਮਲਾ ਦਰਜ ਹੋਇਆ ਸੀ। ਜਿਸਦੇ ਤਹਿਤ ਦੂਜੀ ਧਿਰ ਨੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਦੀ ਜ਼ਮਾਨਤ ਹੋ ਗਈ ਤਾਂ ਉਸਦੇ ਬੇਟੇ ਨੂੰ ਚੁੱਕ ਲਿਆ ਜਾਵੇਗਾ।
ਇਸ ਬਾਰੇ ਜਦ ਡੀ.ਐਸ.ਪੀ. ਰਾਹੁਲ ਭਾਰਦਵਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਕਿਡਨੈਪਰ ਦੀ ਪਛਾਣ ਕਰਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।