ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਮਾਮਲੇ ‘ਚ ਤੁਰਕੀ ਦੇ ਰਾਸ਼ਟਰਪਤੀ ਖਿਲਾਫ਼ ਜਿਸ ਤਰ੍ਹਾਂ ਦੀ ਬੇਹੁਦਾ ਸ਼ਬਦਾਵਲੀ ਵਰਤੀ ਹੈ ਉਸ ਤੋਂ ਲੱਗਦਾ ਹੈ ਕਿ ਉਹ ਰਾਜਨੀਤਕ ਵਿਰਾਸਤ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਤੋਂ ਵੀ ਕੋਰੇ ਹਨ ਦੋ ਦੇਸ਼ਾਂ ਦਰਮਿਆਨ ਚਿੱਠੀ ਪੱਤਰ ਸਿੱਧਾ ਰਾਸ਼ਟਰ ਮੁਖੀਆਂ ਦੀ ਬਜਾਇ ਮੰਤਰੀਆਂ ਜਾਂ ਅਧਿਕਾਰੀਆਂ ਦੀ ਪੱਧਰ ‘ਤੇ ਹੀ ਜ਼ਿਆਦਾ ਹੁੰਦਾ ਹੈ ਪਰ ਇੱਥੇ ਟਰੰਪ ਨੇ ਖੁਦ ਤੁਰਕੀ ਦੇ ਰਾਸ਼ਟਰਪਤੀ ਦੇ ਨਾਂਅ ਚਿੱਠੀ ਲਿਖ ਕੇ ਧਮਕੀ ਭਰੇ ਤੇ ਮੂਰਖ ਵਰਗੇ ਅਭੱਦਰ ਸ਼ਬਦ ਲਿਖੇ ਹਨ ਸੀਰੀਆ ‘ਚ ਤੁਰਕੀ ਦਾ ਰੋਲ ਚੰਗਾ-ਮਾੜਾ ਕੁਝ ਵੀ ਹੋਵੇ ਪਰ ਇੱਕ ਰਾਸ਼ਟਰਪਤੀ ਵੱਲੋਂ ਦੂਜੇ ਮੁਲਕ ਦੇ ਰਾਸ਼ਟਰਪਤੀ ਨੂੰ ਧਮਕੀ ਤੇ ਘਟੀਆ ਸ਼ਬਦ ਵਰਤਣੇ ਦੁਨੀਆਂ ਦੇ ਇਤਿਹਾਸ ‘ਚ ਵਿਰਲੀ ਮਿਸਾਲ ਹਨ।
ਬਿਨਾ ਸ਼ੱਕ ਅਮਰੀਕਾ ਕੋਲ ਦੁਨੀਆਂ ਦੀ ਤਾਕਤਵਰ ਫੌਜ ਹੈ ਫਿਰ ਵੀ ਮਰਿਆਦਾ ਤੇ ਨਿਯਮਾਂ ਦਾ ਪੱਲਾ ਕਦੇ ਨਹੀਂ ਛੱਡਿਆ ਜਾ ਸਕਦਾ ਅਮਰੀਕਾ ਦੇ ਹੁਕਮਰਾਨਾਂ ਨੂੰ ਮਿਲਣਾ ਦੁਨੀਆਂ ਦੇ ਹਰ ਛੋਟੇ-ਵੱਡੇ ਮੁਲਕ ਲਈ ਸੁਫਨਾ ਹੁੰਦਾ ਸੀ ਟਰੰਪ ਦੇ ਬੋਲਚਾਲ ਨੇ ਦੇਸ਼ ਦਾ ਅਕਸ ਖਰਾਬ ਕੀਤਾ ਹੈ ਅਜਿਹੀ ਘਟਨਾ ਦਾ ਅਸਰ ਦੇਸ਼ਾਂ ਦੀ ਸੰਸਕ੍ਰਿਤੀ ‘ਚ ਵਿਗਾੜ ਪੈਦਾ ਕਰਦਾ ਹੈ ਟਰੰਪ ਦੀ ਬੋਲੀ ਆਮ ਅਮਰੀਕੀਆਂ ਦੇ ਦਿਲਾਂ ‘ਚ ਦੂਜਿਆਂ ਲਈ ਨਫਰਤ ਤੇ ਛੋਟੇਪਣ ਦਾ ਭਾਵ ਪੈਦਾ ਕਰੇਗੀ ਜੋ ਕੌਮਾਂਤਰੀ ਭਾਈਚਾਰੇ ਦੀ ਮਜ਼ਬੂਤੀ ‘ਚ ਵੱਡੀ ਰੁਕਾਵਟ ਬਣ ਸਕਦੀ ਹੈ ਅਮਰੀਕਾ ‘ਚ ਪਹਿਲਾਂ ਹੀ ਨਸਲੀ ਹਿੰਸਾ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟਰੰਪ ਨੇ ਜਿਹੜੀ ਅਮਰੀਕਾਵਾਦੀ ਲਹਿਰ ਚਲਾ ਕੇ ਦੇਸ਼ ਦੀ ਸੱਤਾ ਹਾਸਲ ਕੀਤੀ ਸੀ ਉਸ ਨੇ ਨਸਲੀ ਹਿੰਸਾ ਨੂੰ ਹੀ ਹਵਾ ਦਿੱਤੀ ਸੀ ਅੱਤਵਾਦ ਜਿਹੇ ਮਾਮਲੇ ‘ਚ ਸਦਭਾਵਨਾ, ਇੱਕਜੁਟਤਾ ਤੇ ਸਹਿਯੋਗ ਜ਼ਰੂਰੀ ਹੁੰਦਾ ਹੈ।
ਅਮਰੀਕਾ ‘ਤੇ ਦੁਨੀਆਂ ਦਾ ਥਾਣੇਦਾਰ ਹੋਣ ਦੇ ਦੋਸ਼ ਲੱਗਦੇ ਆਏ ਹਨ ਟਰੰਪ ਨੇ ਇਹਨਾਂ ਦੋਸ਼ਾਂ ਨੂੰ ਮਜ਼ਬੂਤੀ ਦਿੱਤੀ ਹੈ ਹੁਣ ਅਜਿਹਾ ਲੱਗਦਾ ਹੈ ਕਿ ਟਰੰਪ ਦੇ ਤਾਜਾ ਮਾੜੇ ਬੋਲਾਂ ਨਾਲ ਉਹਨਾਂ ਦਾ ਅਕਸ ਨਾ ਸਿਰਫ ਦੁਨੀਆਂ ਦੀਆਂ ਨਜ਼ਰਾਂ ‘ਚ ਸਗੋਂ ਅਮਰੀਕੀਆਂ ਦੀਆਂ ਨਜ਼ਰਾਂ ਵਿੱਚ ਵੀ ਖਰਾਬ ਹੋਵੇਗਾ ਇਹ ਵੀ ਸੱਚ ਹੈ ਕਿ ਬਹੁਤੇ ਅਮਰੀਕੀ ਟਰੰਪ ਨੂੰ ਰਾਸ਼ਟਰਪਤੀ ਚੁਣਨ ‘ਤੇ ਪਛਤਾਵਾ ਕਰ ਰਹੇ ਹੋਣਗੇ ਅਬਰਾਹਮ ਲਿੰਕਨ ਤੇ ਬਰਾਕ ਓਬਾਮਾ ਵਰਗੇ ਆਗੂਆਂ ਵੱਲੋਂ ਜਿਸ ਤਰ੍ਹਾਂ ਦੇ ਅਮਰੀਕਾ ਦੀ ਗੱਲ ਕੀਤੀ ਗਈ ਸੀ ਉਹ ਅਮਰੀਕਾ ਟਰੰਪ ਦੇ ਰਾਜਨੀਤਕ ਮਾਡਲ ‘ਚ ਗਾਇਬ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।