ਬਲਜਿੰਦਰ ਭੱਲਾ/ਬਾਘਾ ਪੁਰਾਣਾ ।ਪਿੰਡ ਉਗੋਕੇ ਵਿਖੇ ਕੁਲਦੀਪ ਕੌਰ ਪਤਨੀ ਬਸੰਤ ਸਿੰਘ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ, ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਇਕੱਤਰ ਹੋ ਕੇ ਭੈਣ ਕੁਲਦੀਪ ਕੌਰ ਨੂੰ ਭਾਵਭਿੰਨੀ ਵਿਦਾਇਗੀ ਦਿੱਤੀ। ਇਸ ਮੌਕੇ ਯੂਥ ਵੈਲਫੇਅਰ ਫੈਡਰੇਸ਼ਨ ਦੇ ਆਗੂ ਭਗਵਾਨ ਦਾਸ ਇੰਸਾਂ ਮੋਗਾ, ਤਰਸੇਮ ਲਾਲ ਕਾਕਾ ਰਾਜੇਆਣਾ ਅਤੇ ਸੰਜੀਵ ਕੁਮਾਰ ਮਿੰਟੂ ਬਾਘਾ ਪੁਰਾਣਾ ਨੇ ਦੱਸਿਆ ਕਿ ਭੈਣ ਕੁਲਦੀਪ ਕੌਰ ਦੀ ਉਮਰ 52 ਸਾਲ ਦੇ ਕਰੀਬ ਸੀ।
ਪਤੀ ਬਸੰਤ ਸਿੰਘ ਅਤੇ ਸਹੁਰਾ ਅਮਰ ਸਿੰਘ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਹਨ। ਸਮੁੱਚਾ ਪਰਿਵਾਰ ਹੀ ਮਾਨਵਤਾ ਭਲਾਈ ਕਾਰਜਾਂ ਲਈ ਸਭ ਤੋਂ ਅੱਗੇ ਖੜ੍ਹਦਾ ਹੈ। ਭੈਣ ਕੁਲਦੀਪ ਕੌਰ ਨੇ ਜਿਉਂਦੇ ਜੀਅ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆ ‘ਤੇ ਅਮਲ ਕਰਦੇ ਹੋਏ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਸੀ। ਅੱਜ ਉਨ੍ਹਾਂ ਦੀ ਅੰਤਿਮ ਇੱਛਾ ਉਨ੍ਹਾਂ ਦੇ ਪਤੀ ਬਸੰਤ ਸਿੰਘ ਅਕਾਊਂਟੈਂਟ, ਬੇਟਾ ਕਰਮਜੀਤ ਸਿੰਘ ਅਤੇ ਸਹੁਰਾ ਅਮਰ ਸਿੰਘ ਨੇ ਭੈਣ ਕੁਲਦੀਪ ਕੌਰ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਤਾਂ ਜੋ ਡਾਕਟਰ ਨਵੀਆਂ ਖੋਜਾਂ ਕਰਕੇ ਨਵੀਆਂ-ਨਵੀਆਂ ਬਿਮਾਰੀਆਂ ਦੇ ਇਲਾਜ ਲੱਭ ਸਕਣ।
ਇਸ ਮੌਕੇ ਜਗਸੀਰ ਸਿੰਘ ਫੌਜੀ, ਸਤਪਾਲ ਬੋਬੀ, ਹੈਪੀ ਘੋਲੀਆ ਅਤੇ ਕਾਲਾ ਅਰੋੜਾ ਬੁੱਧ ਸਿੰਘ ਵਾਲਾ ਨੇ ਦੱਸਿਆ ਕਿ ਪਹਿਲਾਂ ਭੈਣ ਦੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਦਾਨ ਕੀਤੀਆਂ ਗਈਆਂ ਅਤੇ ਫਿਰ ਸਰੀਰ ਦਾਨ ਕੀਤਾ ਗਿਆ। ਇਸ ਮੌਕੇ ਹਰ ਇੱਕ ਅੱਖ ਸਵਾਲ ਪੁੱਛ ਰਹੀ ਸੀ ਕਿ ਇਹ ਪ੍ਰੇਮੀ ਕਿਸ ਮਿੱਟੀ ਦੇ ਬਣੇ ਹਨ ਜੋ ਜਿਉਂਦੇ ਜੀਅ ਵੀ ਹਰ ਵੇਲੇ ਮਾਨਵਤਾ ਭਲਾਈ ਕਾਰਜ ਕਰਦੇ ਰਹਿੰਦੇ ਹਨ ਅਤੇ ਮਰਨ ਉਪਰੰਤ ਆਪਣਾ ਸਰੀਰ ਵੀ ਦਾਨ ਕਰ ਦਿੰਦੇ ਹਨ ਅਤੇ ਰੂੜੀਵਾਦੀ ਪਰੰਪਰਾਵਾਂ ਨੂੰ ਨਕਾਰ ਦਿੰਦੇ ਹਨ ਧੰਨ ਹਨ ਪ੍ਰੇਮੀ ਧੰਨ ਹੈ ਇਨ੍ਹਾਂ ਦੀ ਕਮਾਈ। ਇਸ ਵੇਲੇ ਭੈਣ ਕੁਲਦੀਪ ਕੌਰ ਦੀਆਂ ਦੋ ਬੇਟੀਆਂ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਇੱਕ ਨਵੀਂ ਪਿਰਤ ਪਾਈ ਅਤੇ ਆਪਣੀ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।