ਧੀਆਂ ਨੂੰ ਹਰ ਪੱਧਰ ‘ਤੇ ਮਿਲੇ ਪੁੱਤਰਾਂ ਦੇ ਬਰਾਬਰ ਸਨਮਾਨ

Equal, Honor, Sons, Received, Daughters

ਸੰਦੀਪ ਕੰਬੋਜ

ਕੁੜੀਆਂ ਦੇ ਲੇਖਾਂ ਦੀ ਕਹਾਣੀ ਤੇ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ। ਹਰ ਇਸਤਰੀ ਦਾ ਮਾਂ ਬਣਨ ਦਾ ਸੁਫ਼ਨਾ ਹੁੰਦਾ। ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋਂ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖੁਸ਼ ਹੁੰਦੀ? ਭਾਵੇਂ ਇੱਛਾ ਥੋੜ੍ਹੀ ਦੇਰ ਦੀ ਹੁੰਦੀ ਹੈ। ਬੇਟੀ ਦੇ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ? ਇਹ ਇੱਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵਿਸ਼ਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੌਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਜਾਂ ਕੰਮ-ਧੰਦਾ ਹੁੰਦਾ ਹੈ ਉਹ Àੁੱਥੇ ਹੀ ਰਹਿੰਦਾ ਹੈ। ਮਾਂ-ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?

ਧੀ ਅਤੇ ਪੁੱਤਰ ਕੁਦਰਤ ਦੀ ਨੇਮਤ ਹਨ, ਪਰ ਇੱਕ ਮਾਂ ਅਤੇ ਧੀ ਦੀ ਸਾਂਝ ਹੀ ਨਿਰਾਲੀ ਹੁੰਦੀ ਹੈ। ਉਹ ਧੀ ਦੇ ਜ਼ਰੀਏ ਆਪਣਾ-ਆਪ ਦੁਬਾਰਾ ਜਿਉਂਦੀ ਹੈ। ਉਹ ਬਚਪਨ ਦੀਆਂ ਸ਼ਰਾਰਤਾਂ ਅਤੇ ਜਵਾਨੀ ਦੀਆਂ ਉਮੰਗਾਂ ਧੀ ਜ਼ਰੀਏ ਹੀ ਇੱਕ ਵਾਰ ਫਿਰ ਤੋਂ ਮਾਣਦੀ ਹੈ। ਉਸ ਨੂੰ ਧੀ ਵਿੱਚ ਆਪਣਾ ਹੀ ਰੂਪ ਨਜ਼ਰ ਆਉਂਦਾ ਹੈ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਇੱਕ ਮਾਂ ਸਿਰਫ਼ ਆਪਣੀ ਧੀ ਨਾਲ ਹੀ ਕਰ ਸਕਦੀ ਹੈ। ਘਰ ਵਿੱਚ ਅਜਿਹਾ ਕੋਈ ਹੋਰ ਹੁੰਦਾ ਹੀ ਨਹੀਂ ਜਿਸ ਨਾਲ ਉਹ ਬੇਪਰਵਾਹ ਹੋ ਕੇ ਸੁਖ-ਦੁੱਖ ਸਾਂਝਾ ਕਰ ਸਕੇ। ਇਹੀ ਦਿਲੀ ਸਾਂਝ ਇਸ ਰਿਸ਼ਤੇ ਨੂੰ ਹੋਰ ਵੀ ਮਿੱਠਾ ਅਤੇ ਨਿੱਘਾ ਬਣਾ ਦਿੰਦੀ ਹੈ।

ਭਾਵੇਂ ਅੱਜ ਬਹੁਗਿਣਤੀ ਲੋਕ ਧੀਆਂ ਜੰਮਣ ਤੋਂ ਇਨਕਾਰੀ ਹੋ ਗਏ ਹਨ, ਪਰ ਕੁਝ ਘਰ ਅਜਿਹੇ ਵੀ ਹਨ ਜਿੱਥੇ ਧੀਆਂ ਨੂੰ ਪਿਆਰ, ਸਤਿਕਾਰ ਨਾਲ ਨਿਵਾਜਿਆ ਜਾਂਦਾ ਹੈ। ਬਿਨਾਂ ਕਿਸੇ ਵਿਤਕਰੇ ਤੋਂ ਪਾਲਿਆ ਜਾਂਦਾ ਹੈ। ਉਨ੍ਹਾਂ ਘਰਾਂ ਵਿੱਚ ਹਮੇਸ਼ਾ ਬਰਕਤਾਂ ਬਰਕਰਾਰ ਰਹਿੰਦੀਆਂ ਹਨ। ਅੱਜ ਦੇ ਪਦਾਰਥਵਾਦੀ ਅਤੇ ਨਿਰਮੋਹ ਭਰੇ ਜ਼ਮਾਨੇ ਵਿੱਚ ਜਿਸ ਘਰ ਦੀ ਨੂੰਹ, ਧੀ ਅਤੇ ਮਾਂ ਬੈਠ ਕੇ ਠਹਾਕਿਆਂ ਦੀ ਸਾਂਝ ਪਾਉਂਦੀਆਂ ਹਨ। ਉਹ ਭਾਗਾਂ ਭਰਿਆ ਵਿਹੜਾ ਕਿਸੇ ਸਵਰਗ ਤੋਂ ਘੱਟ ਨਹੀਂ। ਔਰਤ ਦੁਨੀਆਂ ਦੀ ਸ਼ਕਤੀਸ਼ਾਲੀ, ਤਾਕਤਵਰ, ਸਹਿਣਸ਼ੀਲਤਾ ਦਾ ਨਾਂਅ ਹੈ। ਹਰ ਇੱਕ ਧੀ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਪੇਟ ‘ਚੋਂ ਜਨਮ ਲੈਂਦੀ ਹੈ। ਜੇ ਧੀਆਂ ਨਾ ਜੰਮਦੀਆਂ ਤਾਂ ਸੰਸਾਰ ਵਿੱਚ ਇਨਸਾਨਾਂ ਦੇ ਬੂਟੇ ਕਿੱਥੋਂ ਲੱਗਦੇ? ਪਤਾ ਨਹੀਂ ਕਿਉਂ ਜਦ ਘਰ ਵਿੱਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਕਿਉ ਮੁਰਝਾ ਜਾਂਦੇ ਹਨ? ਧੀਆਂ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ-ਬਾਪ, ਵੀਰਾਂ ਅਤੇ ਸਿਰ ਦੇ ਸਾਈਂ ਦੀ ਸੁੱਖ ਮਨਾਉਂਦੀਆ ਬੁੱਢੀਆਂ ਹੋ ਜਾਂਦੀਆ ਹਨ। ਪੇਕੇ ਅਤੇ ਸਹੁਰੇ ਦੋਵਾਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਹਨ। ਇਹ ਗੱਲ ਤਾਂ ਮੰਨੀ ਹੋਈ ਹੈ ਕਿ ਧੀਆਂ ਆਪਣੇ ਮਾਪਿਆਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ। ਜੋ ਰੌਣਕ ਘਰ ਵਿੱਚ ਧੀ ਨਾਲ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ। ਧੀਆਂ ਇੱਕ ਕੋਮਲ ਫੁੱਲ ਹਨ ਤੇ ਹਰ ਵੇਲੇ ਆਪਣੇ ਮਾਂ-ਬਾਪ ਦਾ ਸੁਖ ਚਾਹੁਣ ਵਾਲੀਆਂ ਹਨ। ਸਕੂਲੋਂ ਆ ਕੇ ਨਿੱਕੇ-ਨਿੱਕੇ ਕੰਮਾਂ ਵਿੱਚ ਮਾਂ ਦਾ ਹੱਥ ਵੰਡਾਉਣਾ, ਮਾਂ ਨਾਲ ਘਰ ਦਾ ਸਾਰਾ ਕੰਮ ਕਰਵਾਉਣਾ। ਧੀਆਂ ਨਾਲ ਵਿਹੜਾ ਭਰਿਆ ਲੱਗਦਾ ਹੈ, ਇਸ ਦਾ ਅਹਿਸਾਸ ਧੀ ਦੇ ਸਹੁਰੇ ਤੁਰ ਜਾਣ ‘ਤੇ ਹੁੰਦਾ ਹੈ।

ਸਮਾਜ ਵਿੱਚ ਆਮ ਗੱਲ ਹੈ, ਧੀ ਜੰਮੇ ‘ਤੇ ਕਹਿੰਦੇ ਹਨ, ਸਾਡੇ ਘਰ ਪੱਥਰ ਆ ਗਿਆ। ਪਤਾ ਨਹੀਂ ਇਹ ਸੋਚ ਕਿੱਥੋਂ ਸਾਡੇ ਅੰਦਰ ਵੱਸ ਗਈ? ਪਿਛਲੇ ਸਮਿਆਂ ਵਿੱਚ ਜਦੋਂ ਇੱਕ ਮਾਂ ਲੜਕੀ ਨੂੰ ਜਨਮ ਦਿੰਦੀ ਸੀ, ਉਸ ਨੂੰ ਮਨਹੂਸ, ਕੁਲਹਿਣੀ ਜਿਹੇ ਸ਼ਬਦ ਨਾਲ ਭੰਡਿਆ ਜਾਂਦਾ ਸੀ। ਇਹ ਵਰਤਾਰਾ ਅੱਜ ਵੀ ਕਿਤੇ-ਕਿਤੇ ਵੇਖਣ ਨੂੰ ਆਮ ਮਿਲ ਜਾਂਦਾ ਹੈ। ਔਰਤ ਨੂੰ ਧੀ ਜੰਮਣ ਤੋਂ ਬਾਅਦ ਮਿਹਣੇ ਦਿੱਤੇ ਜਾਂਦੇ ਹਨ। ਬੁਰਾ-ਭਲਾ ਕਿਹਾ ਜਾਂਦਾ ਹੈ। ਉਸਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਜਾਂਦਾ ਹੈ। ਸਾਡੇ ਸਮਾਜ ਵਿੱਚ ਤਕਰੀਬਨ ਬਹੁਤ ਪਰਿਵਾਰਾਂ ਦੀ ਇਹ ਸੋਚ ਹੁੰਦੀ ਹੈ ਕਿ ਸਾਡੇ ਪਰਿਵਾਰ ਵਿੱਚ ਕੇਵਲ ਲੜਕਾ ਹੀ ਜਨਮ ਲਵੇ। ਇੱਥੋਂ ਤੱਕ ਕਿ ਔਰਤ ਨੂੰ ਧੀ ਜੰਮਣ ਕਾਰਨ ਛੱਡ ਵੀ ਦਿੱਤਾ ਜਾਂਦਾ ਹੈ, ਭਾਵ ਰਿਸ਼ਤਾ ਤੋੜ ਲਿਆ ਜਾਂਦਾ ਹੈ ਜਾਂ ਨੌਬਤ ਮਾਰਨ ਤੱਕ ਜਾ ਪਹੁੰਚਦੀ ਹੈ। ਸੌੜੀ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੁੰਦਾ ਹੈ, ਜਿਸ ਦੀ ਉਹ ਬੇਕਦਰੀ ਕਰ ਰਹੇ ਹੁੰਦੇ ਹਨ।

ਇਹ ਸੱਚ ਹੈ ਕਿ ਜਿੱਥੇ ਲੜਕੀ ਦੀ ਲੋੜ ਹੈ ਸਮਾਜ ਨੂੰ, ਓਨੀ ਹੀ ਲੜਕੇ ਦੀ ਵੀ, ਪਰ ਲੜਕੀ ਲਈ ਹੀ ਮਾੜੀ ਸੋਚ ਕਿਉਂ? ਲੜਕੇ ਭਾਵੇਂ ਚਾਰ ਜੰਮ ਪੈਣ, ਕੋਈ ਨਹੀਂ ਅਫਸੋਸ ਕਰਦਾ, ਲੜਕੀ ਇੱਕ ਵੀ ਜੰਮੇ ਤੋਂ ਵੀ ਦੁਖੀ ਹੋ ਜਾਂਦੇ ਹਨ। ਲੋਕ ਇਹ ਵੀ ਨਹੀਂ ਸੋਚਦੇ ਕਿ ਲੜਕੀਆਂ ਹੀ ਅੱਗੇ ਜਾ ਕੇ ਸਮਾਜ ਦੀਆਂ ਸਿਰਜਣਹਾਰ ਬਣਦੀਆਂ ਹਨ। ਅਣਗਿਣਤ ਮਾਪੇ ਅਜਿਹੇ ਵੀ ਹਨ ਜਿਹੜੇ ਧੀ ਦੇ ਜਨਮ ‘ਤੇ ਖੁਸ਼ੀ ਮਨਾਉਂਦੇ ਹਨ, ਮਠਿਆਈਆਂ ਵੰਡਦੇ ਹਨ। ਲੜਕੇ-ਲੜਕੀ ਵਿੱਚ ਕੋਈ ਭੇਦ-ਭਾਵ ਨਹੀਂ ਰੱਖਦੇ।

ਅਖਬਾਰਾਂ ਵਿੱਚ ਇਸ ਵਿਸ਼ੇ ਉੱਪਰ ਅਕਸਰ ਲੇਖ ਛਪਦੇ ਰਹਿੰਦੇ ਹਨ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਲੋਕਾਂ ਵਿੱਚ ਬਦਲਾਅ ਆ ਰਿਹਾ ਹੈ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂੰ ਪਿਆਰ ਕਰੋ। ਜੇ ਧੀ ਨਾ ਰਹੀ ਤਾਂ ਸਮਾਜ ਦੀ ਹੋਂਦ ਵੀ ਨਹੀਂ ਰਹੇਗੀ। ਹਰ ਧੀ ਆਪਣੇ ਬਾਬਲ ਦੀ ਪੱਗ ਦਾ ਲੜ ਹੁੰਦੀ ਹੈ।

ਕਈ ਘਰਾਂ ਵਿੱਚ ਤਾਂ ਲੜਕੇ ਤੇ ਲੜਕੀ ਦੇ ਖਾਣ ਪੀਣ ਵਿੱਚ ਵੀ ਵਿਤਕਰਾ ਹੁੰਦਾ ਹੈ। ਜੋ ਕਿ ਨਹੀਂ ਹੋਣਾ ਚਾਹੀਦਾ। ਲੜਕੀਆਂ ਨੂੰ ਸਗੋਂ ਭਰਪੂਰ ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਮਾਵਾਂ ਬਣਨਾ ਹੁੰਦਾ। ਦੋਹਾਂ ਨੂੰ (ਪੁੱਤਰ ਤੇ ਧੀ ਨੂੰ) ਇੱਕ ਬੱਚੇ ਦੇ ਰੂਪ ਵਿੱਚ ਪਾਲਣਾ-ਪੋਸਣਾ ਚਾਹੀਦਾ ਹੈ ਨਾ ਕਿ ਇਹ ਸੋਚਣਾ ਕਿ ਇਹ ਤਾਂ ਪਰਾਇਆ ਧਨ ਹੈ। ਇਸ ਸੋਚ ਨੂੰ ਬਦਲਣ ਵਿੱਚ ਮਾਵਾਂ ਹੀ ਵੱਡਾ ਯੋਗਦਾਨ ਪਾ ਸਕਦੀਆਂ ਹਨ। ਧੀਆਂ ਨੂੰ ਵੀ ਪੁੱਤਰ ਵਾਂਗੂੰ ਹੀ ਵਧੀਆ ਵਿੱਦਿਆ ਦਿਓ ਉਹ ਵੀ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ ਤੇ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕਣ ਭਲੇ ਵੇਲਿਆਂ ‘ਚ ਧੀਆਂ ਨੂੰ ਪੂੰਨ ਕੀਤਾ ਜਾਂਦਾ ਸੀ। ਕਹਿੰਦੇ ਜੋ ਕੰਨਿਆ ਦਾਨ ਕਰਦਾ ਸੀ ਉਹ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਸੀ।

ਧੀਆਂ ਜਦੋਂ ਵਿਆਹ ਕੇ ਅਸੀਂ ਅਗਲੇ ਘਰ ਤੋਰ ਦਿੰਦੇ ਹਾਂ ਤਾਂ ਅਸੀਂ ਤਾਂ ਇਹ ਜੋ ਸੋਚ ਉਸਦੇ ਜਨਮ ਤੋਂ ਹੀ ਪਾਲੀ ਹੁੰਦੀ ਕਿ ਬੇਗਾਨਾ ਧਨ ਹੈ, ਉਹ ਧਨ ਅਗਲੇ ਘਰ ਭੇਜ ਕੇ ਸੁਰਖੁਰੂ ਹੋ ਜਾਂਦੇ ਹਾਂ… ਪਰ ਕੀ ਇਹ ਸਭ ਕੁਝ ਸਹਿਜ਼ ਹੀ ਹੋ ਜਾਂਦਾ ਹੈ? ਨਹੀਂ ਧੀਆਂ ਨੂੰ ਸਹੁਰੇ ਘਰ ਪਰਾਇਆ ਸਮਝਿਆ ਜਾਂਦਾ। ਬੇਗਾਨੀ ਸਮਝਿਆ ਜਾਂਦਾ ਹੈ। ਕਈ ਥਾਵਾਂ ‘ਤੇ ਸੱਸ-ਸਹੁਰਾ ਉਸਨੂੰ ਛੇਤੀ-ਛੇਤੀ ਆਪਣਾ ਨਹੀਂ ਸਮਝਦੇ ਉਸਨੂੰ ਬਹੁਤ ਸਮਾਂ ਲੱਗਦੈ ਆਪਣੀ ਹੋਂਦ ਸਿੱਧ ਕਰਨ ‘ਚ। ਇੱਥੇ ਧੀ ਦੀ ਤਰਾਸਦੀ ਹੈ ਕਿ ਮਾਪੇ ਉਸਨੂੰ ਬਿਗਾਨਾ ਧਨ ਸਮਝਦੇ ਹਨ ਤੇ ਜਦੋਂ ਉਹ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ ਉੱਥੇ ਉਹ ਪਰਾਈ ਧੀ ਹੁੰਦੀ ਹੈ। ਉਸਦੀ ਆਪਣੀ ਕੋਈ ਹੋਂਦ ਨਹੀਂ, ਉਸਦਾ ਕਿਹੜਾ ਘਰ ਹੋਇਆ? ਇਹ ਸਮਾਜ ‘ਤੇ ਸਵਾਲੀਆ ਨਿਸ਼ਾਨ ਹਮੇਸ਼ਾ ਹੀ ਲੱਗਿਆ ਰਹੇਗਾ। ਕਈ ਕੁੜੀਆਂ ਵੀ ਸਹੁਰੇ ਘਰ ਨੂੰ ਆਪਣਾ ਨਹੀਂ ਸਮਝਦੀਆਂ ।ਕੁੜੀਆਂ ਨੂੰ ਆਪਣੀ ਹੋਂਦ ਵਸਾਉਣ ਲਈ ਸਹੁਰੇ ਘਰ ਨੂੰ ਆਪਣਾ ਸਮਝ ਕੇ ਆਪਣੇ ਫ਼ਰਜ ਸਮਝਣੇ ਚਾਹੀਦੇ ਹਨ। ਉਹ ਸਹੁਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਣ ਤਾਂ ਹੀ ਸੁਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਸਾਨੂੰ ਸਾਰਿਆਂ ਨੂੰ ਆਪਣਾ ਫਰਜ ਸਮਝਦੇ ਹੋਏ ਧੀਆਂ ਨੂੰ ਪੁੱਤਰਾਂ ਵਾਂਗ ਮਾਣ-ਸਨਮਾਨ ਅਤੇ ਪੂਰੇ ਹੱਕ ਦੇਣੇ ਚਾਹੀਦੇ ਹਨ।

ਗੋਲੂ ਕਾ ਮੋੜ,
ਗੁਰੂਹਰਸਹਾਏ, ਫਿਰੋਜ਼ਪੁਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।