ਕਿਹਾ, ਸੂਬਾ ਸਰਕਾਰ ਨੇ ਤਾਂ ਸਿਰਫ਼ ਕੇਂਦਰ ਨੂੰ ਕੈਦੀਆਂ ਦੀ ਸੂਚੀ ਭੇਜੀ ਸੀ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਨੇ ਤਾਂ ਸਿਰਫ ਕੇਂਦਰ ਸਰਕਾਰ ਨੂੰ ਟਾਡਾ ਅਧੀਨ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਕੈਦੀਆਂ ਬਾਰੇ ਸੂਚੀ ਭੇਜੀ ਸੀ ਅਤੇ ਬੇਅੰਤ ਸਿੰਘ ਦੇ ਹੱਤਿਆਰੇ ਜਾਂ ਕਿਸੇ ਹੋਰ ਵਿਸ਼ੇਸ਼ ਕੈਦੀ ਨੂੰ ਰਿਹਾਅ ਕਰਨ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਵਿੱਚ ਸੂਬਾ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਮੰਗ ਮੁਤਾਬਕ ਪੰਜਾਬ ਵਿੱਚ ਟਾਡਾ ਅਧੀਨ ਬੰਦ 17 ਕੈਦੀਆਂ ਦੀ ਸੂਚੀ ਭੇਜੀ ਸੀ ਅਤੇ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਹੀ ਆਪਣੇ ਤੌਰ ‘ਤੇ ਲਿਆ। ਉਨਾਂ ਕਿਹਾ ਕਿ ਇੱਥੋਂ ਤੱਕ ਕਿ ਸੂਬਾ ਸਰਕਾਰ ਨੂੰ ਤਾਂ ਅਜੇ ਤੱਕ ਨੌਂ ਕੈਦੀਆਂ ਦੇ ਨਾਵਾਂ ਦੀ ਸੂਚੀ ਵੀ ਹਾਸਲ ਨਹੀਂ ਹੋਈ ਜਿਨਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਮੁਆਫੀ ਦੇਣ ਦਾ ਫੈਸਲਾ ਲਿਆ ਹੈ।
ਮੁੱਖ ਮੰਤਰੀ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਨਵੀ ਆਧਾਰ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੱਤਿਆਰਾ ਰਾਜੋਆਣਾ ਅਤੇ ਅੱਠ ਹੋਰ ਕੈਦੀਆਂ ਬਾਰੇ ਲਏ ਫੈਸਲੇ ਸਬੰਧੀ ਮੀਡੀਆ ਵੱਲੋਂ ਕਾਂਗਰਸ ਪਾਰਟੀ ਦੇ ਸਟੈਂਡ ਬਾਰੇ ਕੀਤੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸੌਂਪੀ 17 ਕੈਦੀਆਂ ਦੀ ਸੂਚੀ ਵਿੱਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਸੀ ਕਿਉਂਕਿ ਉਹ ਵੀ ਟਾਡਾ ਅਧੀਨ ਕੈਦੀ ਹੈ ਜੋ ਬਾਕੀ ਕੈਦੀਆਂ ਵਾਂਗ 14 ਸਾਲ ਤੋਂ ਵੱਧ ਸਮਾਂ ਜੇਲ ਕੱਟ ਚੁੱਕਾ ਹੈ।
ਟਾਡਾ ਕੈਦੀਆਂ ਦੀ ਰਿਹਾਈ ਨਾਲ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਤਰਾ ਖੜਾ ਹੋਣ ਦੀਆਂ ਰਿਪੋਰਟਾਂ ਬਾਰੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਕਿਸੇ ਕੀਮਤ ‘ਤੇ ਭੰਗ ਨਹੀਂ ਹੋਣ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।