ਵੱਖ-ਵੱਖ ਧਰਾਵਾਂ ਤਾਹਿਤ ਮਾਮਲਾ ਦਰਜ਼
ਬਠਿੰਡਾ (ਅਸ਼ੋਕ ਵਰਮਾ) | ਦੋ ਕਿੱਲੋ ਦੇ ਕਰੀਬ ਸੋਨਾ ਹੜੱਪਣ ਤੇ ਧਮਕੀਆਂ ਦੇਣ ਤੋਂ ਇਲਾਵਾ ਨਜਾਇਜ਼ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਬਠਿੰਡਾ ਪੁਲਿਸ ਨੇ ਥਾਣਾ ਮੌੜ ਦੇ ਐੱਸਐੱਚਓ ਖੇਮ ਚੰਦ ਪਰਾਸ਼ਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਐੱਸਐੱਚਓ, ਉਸ ਦੇ ਗੰਨਮੈਨ ਅਵਤਾਰ ਸਿੰਘ ਤੇ ਇੱਕ ਪ੍ਰਾਈਵੇਟ ਵਿਅਕਤੀ ਅਨੂਪ ਗਰੋਵਰ ਖਿਲਾਫ਼ ਧਾਰਾ 365,384,506 ਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ‘ਤੇ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਹੋਣ ਜਾਂ ਤਸਕਰਾਂ ਦੀ ਪੁਸ਼ਤਪਨਾਹੀ ਤੇ ਭ੍ਰਿਸ਼ਟਚਾਰ ਦੇ ਦੋਸ਼ ਲੱਗਦੇ ਰਹੇ ਹਨ ਪਰ ਦਿਨ-ਦਿਹਾੜੇ ਕਥਿਤ ਤੌਰ ‘ਤੇ ਸੋਨਾ ਹੜੱਪਣ ‘ਚ ਇੱਕ ਮੁੱਖ ਥਾਣਾ ਅਫਸਰ ਤੇ ਉਸ ਦੇ ਸੁਰੱਖਿਆ ਗਾਰਡ ਦੀ ਸ਼ਮੂਲੀਅਤ ਹੋਣ ਨਾਲ ਪੁਲਿਸ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਹੈ
ਸ਼ਿਕਾਇਤਕਰਤਾ ਮੁਹੰਮਦ ਰਫੀਕ ਪੁੱਤਰ ਗਨੀਖਾਨ ਵਾਸੀ ਪਿੰਡ ਸ਼ੇਰਾਨੀ ਜ਼ਿਲ੍ਹਾ ਨਗੌਰ ਰਾਜਸਥਾਨ ਨੇ ਥਾਣਾ ਸਦਰ ਪੁਲਿਸ ਨੂੰ ਦੱਸਿਆ ਸੀ ਕਿ ਉਹ 26 ਸਤੰਬਰ ਨੂੰ ਉਹ ਆਪਣੇ ਦੋਸਤਾਂ ਲਿਆਕਤ ਸ਼ੇਰਾਨੀ ਪੁੱਤਰ ਗੁਲਾਬ ਮੁਹੰਮਦ, ਮੁਹੰਮਦ ਯੂਨਸ ਪੁੱਤਰ ਅਹਿਮਦ ਅਲੀ ਨਾਲ ਆਪਣੇ ਦੋਸਤ ਮੁਹੰਮਦ ਇਮਰਾਨ ਜੋ ਦੁਬਈ ਤੋਂ ਆਇਆ ਸੀ ਨੂੰ ਬੋਲੈਰੋ ਗੱਡੀ ‘ਤੇ ਅੰਮ੍ਰਿਤਸਰ ਤੋਂ ਲਿਆ ਕੇ ਵਾਪਸ ਪਰਤ ਰਹੇ ਸਨ ਤਾਂ ਪਿੰਡ ਬਹਿਮਣ ਦਿਵਾਨਾ ਕੋਲ ਚੁਆਇਸ ਢਾਬੇ ਦੇ ਨਜ਼ਦੀਕ ਪੁੱਜੇ ਤਾਂ ਇੱਕ ਕਾਲੇ ਰੰਗ ਦੀ ਇਨੋਵਾ ਖਲੋਤੀ ਸੀ
ਉਸ ਗੱਡੀ ‘ਚੋਂ ਨਿਕਲੇ ਪੁਲਿਸ ਮੁਲਾਜ਼ਮ ਕੇਸੀ ਪਰਾਸ਼ਰ ਨੇ ਉਨ੍ਹਾਂ ਦੀ ਗੱਡੀ ‘ਚ ਸ਼ੱਕੀ ਸਮਾਨ ਹੋਣ ਦੀ ਗੱਲ ਆਖਦਿਆਂ ਤਲਾਸ਼ੀ ਲੈਣ ਬਾਰੇ ਕਿਹਾ। ਇਸੇ ਦੌਰਾਨ ਉਨ੍ਹਾਂ ਦੇ ਪਿੱਛੇ ਆਲਟੋ ਕਾਰ ‘ਚ ਅਵਤਾਰ ਸਿੰਘ ਤੇ ਅਨੂਪ ਗਰੋਵਰ ਵੀ ਆ ਗਏ ਜਿਨ੍ਹਾਂ ਨੇ ਮਿਲ ਕੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਇਹ ਲੋਕ ਉਨ੍ਹਾਂ ਨੂੰ ਥਾਣਾ ਮੌੜ ਲੈ ਆਏ ਜਿੱਥੇ ਚਾਰ ਘੰਟੇ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਦੋਸਤ ਦੁਬਈ ਤੋਂ ਕਰੀਬ ਸਵਾ ਦੋ ਕਿੱਲੋ ਸੋਨਾ ਲਿਆਇਆ ਸੀ, ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ‘ਚੋਂ ਕੱਢ ਕੇ ਕਾਰ ‘ਚ ਰੱਖ ਲਿਆ, ਜਿਸ ਨੂੰ ਅਨੂਪ ਗਰੋਵਰ ਲੈ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਥਾਣਾ ਸਦਰ ਪੁਲਿਸ ਕੋਲ ਆਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Arrested, SHO, Smuggling, Charges