ਮਾਮਲਾ ਖਰੜ ਪੁਲਿਸ ਵੱਲੋਂ ਜੇਲ੍ਹ ਭੇਜੇ ਅਧਿਆਪਕਾਂ ਦਾਖਾਲੀ ਪੋਸਟਾਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰੇ ਸਰਕਾਰ : ਆਗੂ
ਬਰਨਾਲਾ (ਜਸਵੀਰ ਸਿੰਘ)। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਬਰਨਾਲਾ ਨੇ ਜੇਲ੍ਹ ਭੇਜੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੇ ਹੱਕ ‘ਚ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਲਾਗੇ ਜ਼ਬਰਦਸਤ ਰੋਸ-ਮੁਜ਼ਾਹਰਾ ਕਰਦਿਆਂ ਮੁਜ਼ਾਹਰੇ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਤੇ ਖਰੜ ਪੁਲਿਸ ਵੱਲੋਂ ਰੋਪੜ ਜੇਲ੍ਹ ਭੇਜੇ ਅਧਿਆਪਕਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ।
ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਤੇ ਜ਼ਿਲ੍ਹਾ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਖਰੜ ਵਿਖੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਪੂਨਮ ਰਾਣੀ ਸਮੇਤ ਦਰਜ਼ਨ ਦੇ ਕਰੀਬ ਸਾਥੀਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ, ਕੇਸ ਦਰਜ਼ ਕਰਨ ਮਗਰੋ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿਸ ਦੀ ਯੂਨੀਅਨ ਆਗੂਆਂ ਨੇ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦਿਆਂ ਅਧਿਆਪਕਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਸੂਬਾ ਪ੍ਰਧਾਨ ਢਿੱਲਵਾਂ ਨੇ ਕਿਹਾ ਕਿ ਅਜਿਹਾ ਵਰਤਾਰਾ ਪੰਜਾਬ ਸਰਕਾਰ ਲਈ ਸ਼ਰਮਨਾਕ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਵੇਲੇ ‘ਘਰ-ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ, ਸਗੋਂ ਰੁਜ਼ਗਾਰ ਦਾ ਹੱਕ ਮੰਗਦੇ ਨੌਜਵਾਨਾਂ ਨੂੰ ਦਬਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਹੱਕ ਲਈ ਸੰਘਰਸ਼ ਕਰਨਾ ਜਮਹੂਰੀ ਹੱਕ ਹੈ, ਇਸਨੂੰ ਖੋਹਿਆ ਨਹੀਂ ਜਾ ਸਕਦਾ ਜ਼ਿਕਰਯੋਗ ਹੈ ਕਿ 5 ਸਤੰਬਰ ਨੂੰ ਨਵੀਂ ਅਧਿਆਪਕ ਭਰਤੀ ਦੀ ਮੰਗ ਨੂੰ ਲੈ ਕੇ ਕੁਝ ਬੇਰੁਜ਼ਗਾਰ ਅਧਿਆਪਕ ਪੂਨਮ ਰਾਣੀ ਦੀ ਅਗਵਾਈ ‘ਚ ਖਰੜ ਵਿਖੇ ਟੈਂਕੀ ‘ਤੇ ਚੜ੍ਹ ਗਏ ਸਨ। (BED Teachers)
ਜਿਨ੍ਹਾਂ ਨੂੰ ਉਸੇ ਦਿਨ ਸ਼ਾਮ ਨੂੰ ਪੁਲਿਸ ਵੱਲੋਂ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਟੈਂਕੀ ਤੋਂ ਲਾਹ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ 11 ਅਗਸਤ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੌਰਾਨ ਐਲਾਨ ਕਰਦਿਆਂ 7 ਸਤੰਬਰ ਤੱਕ ਸਾਰੀਆਂ ਮੰਗਾਂ ਦਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ ਸੀ। ਪ੍ਰੰਤੂ ਹਾਲੇ ਵੀ ਨਵੀਂ ਭਰਤੀ ਸਬੰਧੀ ਕੋਈ ਕੋਈ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਨਹੀਂ ਮਿਲ ਰਹੀ। (BED Teachers)
ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵਿਚਕਾਰ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮੰਗਾਂ ਪ੍ਰਤੀ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਪੱਕੇ ਮੋਰਚੇ ਨੂੰ ਜਾਰੀ ਰੱਖਦਿਆਂ 15 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਸਦਕਾ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਇਸ ਮੌਕੇ ਨਵਜੀਵਨ ਸਿੰਘ, ਜਸਵੀਰ ਕੌਰ, ਰਮਨ ਕੁਮਾਰ, ਸਿਮਰਜੀਤ ਕੌਰ, ਸਵਰਨ ਭਦੌੜ, ਗੁਰਦੀਪ ਸਿੰਘ ਰਾਮਗੜ੍ਹ, ਸੰਦੀਪ ਗਿੱਲ, ਗੁਰਮੀਤ ਕੌਰ ਖੇੜੀ ਆਦਿ ਹਾਜ਼ਰ ਸਨ।