ਤਿੱਬਤ ’ਚ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕੰਮ ਨਹੀਂ : ਚੀਨ
ਬੀਜਿੰਗ, (ਏਜੰਸੀ)। ਚੀਨ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਤਿੱਬਤ ਅਤੇ ਹੋਰ ਖੇਤਰਾਂ ’ਚ ਬੰਨਾਂ ਨਾਲ ਸਬੰਧਿਤ ਇਸ ਤਰ੍ਹਾਂ ਦਾ ਕੋਈ ਨਿਰਮਾਣ ਕਾਰਜ ਨਹੀਂ ਕਰੇਗਾ ਜਿਸ ਨਾਲ ਭਾਰਤ ’ਚ ਹੜ ਅਤੇ ਹੋਰ ਕੁਦਰਤੀ ਆਫਤਾਵਾਂ ਦੇ ਆਉਣ ਦੀ ਸੰਭਾਵਨਾ ਹੋਵੇ। ਚੀਨ ’ਚ ਅੰਤਰਰਾਸ਼ਟਰੀ ਸਹਿਯੋਗ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧਿਕਾਰੀ ਡਾ. ਵਾਈ ਯੂ ਸ਼ਿੰਗਜੁਨ ਨੇ ਇੱਥੇ ਭਾਰਤੀ ਪੱਤਰਕਾਰਾਂ ਦੇ ਇੱਕ ਦਲ ਨੂੰ ਕਿਹਾ ਕਿ ਸਾਡੇ ਭਾਰਤੀ ਮਿੱਤਰ ਨਿਸ਼ਚਿਤ ਰਹਿਣ… ਤਿੱਬਤ ’ਚ ਜੋ ਵੀ ਹੋ ਰਿਹਾ ਹੈ ਉਹ ਸਮਾਜਿਕ-ਆਰਥਿਕ ਵਿਕਾਸ ਲਈ ਅਤੇ ਲੋਕਾਂ ਦੀ ਭਲਾਈ ਲਈ ਹੋ ਰਿਹਾ ਹੈ।
ਉਹਨਾਂ ਇਹ ਸਪੱਸ਼ਟ ਕੀਤਾ ਕਿ ਤਿੱਬਤ ਖੇਤਰ ’ਚ ਪਾਣੀ ਦੀ ਵਰਤੋਂ ਕਿਸੇ ਹੋਰ ਉਦੇਸ਼ ਤੋਂ ਨਹੀਂ ਸਗੋਂ ਉਹਨਾਂ ਤਿੱਬਤੀ ਲੋਕਾਂ ਦੇ ਜਿਉਂਦੇ ਰਹਿਣ ਲਈ ਹੋ ਰਹੀ ਹੈ ਜੋ ਬਹੁਤ ਹੀ ਮੁਸ਼ਕਲ ਅਤੇ ਬਿਨਾ ਕਿਸੇ ਵਿਕਾਸ ਦੇ ਆਪਣਾ ਜੀਵਨ ਬਿਤਾ ਰਹੇ ਹਨ। ਸ੍ਰੀ ਸ਼ਿੰਗਜੁਨ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਹੀ ਪਣਬਿਜਲੀ ਪ੍ਰਾਜੈਕਟ ਨੂੰ ਲੈ ਕੇ ਜਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਹੈ। ਉਹਨਾ ਕਿਹਾ ਕਿ ਇਹਨਾਂ ਖੇਤਰਾਂ ’ਚ ਪਣ ਬਿਜਲੀ ਪ੍ਰੋਜੈਕਟਾਂ ਨਾਲ ਸਬੰਧਿਤ ਜੋ ਵੀ ਵਿਕਾਸ ਹੋ ਰਿਹਾ ਹੈ ਉਹ ਤਿੱਬਤੀ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਹੈ।