ਦਸਵੀਂ ਅਤੇ ਬਾਰਵੀਂ ਰੀਅਪੀਅਰ ਦਾ ਪੇਪਰ ਦੇਣ ਲਈ ਭਰਨੇ ਪੈਣਗੇ 15 ਹਜ਼ਾਰ ਰੁਪਏ | Chief Minister
- ਆਖ਼ਰੀ ਵਾਰ ਗੋਲਡਨ ਚਾਂਸ ਦਿੰਦੇ ਹੋਏ ਰੱਖੀ ਗਈ ਸੀ ਫੀਸ 5 ਹਜ਼ਾਰ, ਇਸ ਵਾਰ ਰੱਖੀ ਗਈ ਤਿੰਨ ਗੁਣਾ | Chief Minister
- ਬਾਬਾ ਨਾਨਕ ਦੇ ਨਾਂਅ ‘ਤੇ ਬੋਰਡ ਨੂੰ ਆਪਣੀ ਜੇਬ ਨਹੀਂ ਭਰਨੀ ਚਾਹੀਦੀ: ਮੁੱਖ ਮੰਤਰੀ ਦਫ਼ਤਰ | Chief Minister
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਮੌਕੇ ਵਿਦਿਆਰਥੀਆਂ ਨੂੰ ਰੀਅਪੀਅਰ ਦਾ ਗੋਲਡਨ ਚਾਂਸ ਦੇਣ ਦੇ ਨਾਂਅ ‘ਤੇ ਸਿੱਖਿਆ ਬੋਰਡ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਖ਼ਾਸ ਮੌਕੇ ‘ਤੇ ਵਿਦਿਆਰਥੀਆਂ ਨੂੰ ਮੁਫ਼ਤ ਜਾਂ ਫਿਰ ਬਹੁਤ ਹੀ ਜਿਆਦਾ ਘੱਟ ਫੀਸ ‘ਤੇ ਗੋਲਡਨ ਚਾਂਸ ਦੇਣ ਦੀ ਥਾਂ ‘ਤੇ ਇੱਕ ਰੀਅਪੀਅਰ ਦਾ ਪੇਪਰ ਦੇਣ ਲਈ 15 ਹਜ਼ਾਰ ਰੁਪਏ ਫੀਸ ਤੈਅ ਕਰ ਦਿੱਤੀ ਹੈ। ਪਿਛਲੀ ਵਾਰ ਗੋਲਡਨ ਚਾਂਸ ਦੇਣ ਮੌਕੇ ਰੱਖੀ ਗਈ 5 ਹਜ਼ਾਰ ਰੁਪਏ ਫੀਸ ਨੂੰ ਤਿੰਨ ਗੁਣਾ ਵਧਾ ਕੇ ਇਸ ਵਾਰ 15 ਹਜ਼ਾਰ ਰੁਪਏ ਕੀਤਾ ਗਿਆ ਹੈ ਜਿਸ ਨਾਲ ਉਨ੍ਹਾਂ ਵਿਦਿਆਰਥੀਆਂ ਵਿੱਚ ਹਾਹਾਕਾਰ ਮੱਚ ਗਈ ਹੈ।
ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ
ਜਿਹੜੇ ਕਿ ਘਰ ਦੀ ਮਜਬੂਰੀ ਅਤੇ ਗਰੀਬੀ ਹੋਣ ਕਾਰਨ ਫੀਸ ਨਾ ਭਰਨ ਦੇ ਚਲਦੇ ਪਹਿਲਾਂ ਪੇਪਰ ਨਹੀਂ ਦੇ ਸਕੇ ਸਨ, ਜਦੋਂ ਕਿ ਹੁਣ 15 ਹਜ਼ਾਰ ਰੁਪਏ ਫੀਸ ਉਹ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਕਿਵੇਂ ਭਰ ਸਕਦੇ ਹਨ। ਪੰਜਾਬ ਰਾਜ ਸਿੱਖਿਆ ਬੋਰਡ ਵੱਲੋਂ ਰੱਖੀ ਗਈ ਇਸ ਫੀਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਦਫ਼ਤਰ ਵੀ ਸਿੱਖਿਆ ਬੋਰਡ ਤੋਂ ਨਰਾਜ਼ ਹੋ ਗਿਆ ਹੈ, ਕਿਉਂਕਿ ਬਾਬਾ ਨਾਨਕ ਦੇ 550 ਸਾਲਾਂ ਪ੍ਰਕਾਸ਼ ਉਤਸ਼ਵ ਦੀ ਖੁਸ਼ੀ ਵਿੱਚ ਘੱਟ ਖਰਚੇ ‘ਤੇ ਜਿਆਦਾ ਫਾਇਦਾ ਦੇਣਾ ਤਾਂ ਠੀਕ ਸੀ ਪਰ 15000 ਰੁਪਏ ਫੀਸ ਲੈਣ ਵਾਲਾ ਫੈਸਲਾ ਤਾਂ ਖ਼ੁਦ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਨਾਜਾਇਜ਼ ਕਰਾਰ ਦੇ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਰਾਜ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਦੇ ਮੌਕੇ ‘ਤੇ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਮਾਰਚ 2004 ਤੋਂ ਲੈ ਕੇ ਹੁਣ ਤੱਕ ਇਹੋ ਜਿਹੇ ਵਿਦਿਆਰਥੀ ਜਿਨ੍ਹਾਂ ਦਾ ਨਤੀਜਾ ਰੀਅਪੀਅਰ/ਕੰਪਾਰਟਮੈਂਟ ਘੋਸ਼ਿਤ ਹੋਇਆ ਸੀ ਪਰ ਉਹ ਨਿਯਮਾਂ ਅਨੁਸਾਰ ਮਿਲੇ ਮੌਕਿਆਂ ਅਨੁਸਾਰ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਫਿਰ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੀ ਕਾਰਗੁਜ਼ਾਰੀ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਅਜਿਹੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਵਿੱਚ ਅਪੀਅਰ ਹੋਣ ਲਈ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ 15 ਹਜ਼ਾਰ ਰੁਪਏ ਫੀਸ ਰੱਖੀ ਗਈ ਹੈ, ਜਿਹੜੀ ਕਿ ਹਰ ਵਿਦਿਆਰਥੀ ਨੂੰ ਪ੍ਰਤੀ ਪ੍ਰੀਖਿਆ ਦੇਣੀ ਪਏਗੀ।
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ
ਸਿੱਖਿਆ ਬੋਰਡ ਵੱਲੋਂ ਤੈਅ ਕੀਤੀ ਗਈ ਫੀਸ ਨੂੰ ਦੇਖ ਕੇ ਬੋਰਡ ਦੇ ਅਧਿਕਾਰੀ ਖ਼ੁਦ ਹੈਰਾਨ ਹਨ ਕਿ ਇੰਨੀ ਜਿਆਦਾ ਫੀਸ ਬੋਰਡ ਵੱਲੋਂ ਅੱਜ ਤੱਕ ਨਹੀਂ ਰੱਖੀ ਗਈ ਅਤੇ ਹੁਣ ਤਾਂ ਬਾਬਾ ਨਾਨਕ ਦੇ 550 ਸਾਲਾਂ ਪ੍ਰਕਾਸ਼ ਉਤਸ਼ਵ ਮੌਕੇ ਇਹ ਗੋਲਡਨ ਚਾਂਸ ਦਿੱਤਾ ਗਿਆ ਇਸ ਲਈ ਫੀਸ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਸੀ। ਸਿੱਖਿਆ ਬੋਰਡ ਵੱਲੋਂ ਇਸ 15 ਹਜ਼ਾਰ ਫੀਸ ਨੂੰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਵੀ ਕੋਰੀ ਲੁੱਟ ਕਰਾਰ ਦਿੰਦੇ ਹੋਏ ਨਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਬਾਬਾ ਨਾਨਕ ਦਾ ਨਾਂਅ ਜੋੜ ਕੇ ਸਿੱਖਿਆ ਬੋਰਡ ਨੂੰ ਇੰਨੀ ਜਿਆਦਾ ਫੀਸ ਨਹੀਂ ਰੱਖਣੀ ਚਾਹੀਦੀ ਸੀ, ਜੇਕਰ ਉਨ੍ਹਾਂ ਨੇ ਇੰਨੀ ਫੀਸ ਲੈ ਕੇ ਆਪਣੇ ਬੋਰਡ ਦਾ ਖਜਾਨਾ ਹੀ ਭਰਨਾ ਸੀ ਤਾਂ ਬਾਬਾ ਨਾਨਕ ਦੇ 550 ਸਾਲਾਂ ਪ੍ਰਕਾਸ਼ ਉਤਸ਼ਵ ਨੂੰ ਜੋੜਨ ਦੀ ਕੀ ਲੋੜ ਸੀ? ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਂਦੇ ਹੋਏ ਜਲਦ ਹੀ ਕਾਰਵਾਈ ਕਰਵਾਉਣਗੇ। (Chief Minister)
ਨਵੰਬਰ 2011 ‘ਚ ਮਿਲਿਆ ਸੀ ਗੋਲਡਨ ਚਾਂਸ, ਫੀਸ ਸੀ 5 ਹਜ਼ਾਰ
ਸਿੱਖਿਆ ਬੋਰਡ ਵੱਲੋਂ ਇਸ ਤਰ੍ਹਾਂ ਰੀਅਪੀਅਰ ਜਾਂ ਫਿਰ ਕੰਪਾਰਟਮੈਂਟ ਦੇ ਪੇਪਰ ਲੈਣ ਲਈ ਆਖ਼ਰੀ ਵਾਰ ਨਵੰਬਰ 2011 ਵਿੱਚ ਗੋਲਡਨ ਚਾਂਸ ਦਿੱਤਾ ਗਿਆ ਸੀ, ਜਿਸ ਵਿੱਚ ਸਿੱਖਿਆ ਬੋਰਡ ਵੱਲੋਂ ਫੀਸ ਸਿਰਫ਼ 5 ਹਜ਼ਾਰ ਰੁਪਏ ਹੀ ਰੱਖੀ ਗਈ ਸੀ, ਜਦੋਂ ਕਿ ਹੁਣ ਤਿੰਨ ਗੁਣਾ ਕਰਦੇ ਹੋਏ 15 ਹਜ਼ਾਰ ਰੱਖੀ ਗਈ ਹੈ। ਇੱਥੇ ਹੀ ਆਮ ਰੁਟੀਨ ਵਿੱਚ ਰੀਅਪੀਅਰ ਜਾਂ ਫਿਰ ਕੰਪਾਰਟਮੈਂਟ ਦਾ ਪੇਪਰ ਦੇਣ ਲਈ ਦਸਵੀਂ ਦੇ ਵਿਦਿਆਰਥੀਆਂ ਤੋਂ 1050 ਰੁਪਏ ਅਤੇ ਬਾਰਵੀਂ ਦੇ ਵਿਦਿਆਰਥੀਆਂ ਤੋਂ 1350 ਰੁਪਏ ਫੀਸ ਲਈ ਜਾਂਦੀ ਹੈ, ਇਸ ਲਈ ਹੁਣ ਦਿੱਤੇ ਗੋਲਡਨ ਚਾਂਸ ਲਈ ਇਹ ਫੀਸ 15 ਗੁਣਾ ਜਿਆਦਾ ਹੈ ਜਿਹੜੀ ਕਿ ਸਰ੍ਹੇਆਮ ਲੁੱਟ ਹੈ।