ਅਗਲੇ ਦਿਨਾਂ ਵਿੱਚ ਵੀ ਖੁੱਲ੍ਹੇ ਰਹਿਣਗੇ ਫਲੱਡ ਗੇਟ : ਡੀ. ਕੇ. ਸ਼ਰਮਾ | Flood Gate
- ਬੀਬੀਐਮਬੀ ਦੇ ਚੇਅਰਮੈਨ ਡੀ.ਕੇ. ਸ਼ਰਮਾ ਨੇ ਕੀਤਾ ਖ਼ੁਲਾਸਾ, ਪਾਣੀ ਦਾ ਪੱਥਰ ਪਹੁੰਚਾ ਰਿਹਾ ਸੀ ਡੈਮ ਨੂੰ ਖ਼ਤਰਾ | Flood Gate
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਏ ਹੜ੍ਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਤੇਜ਼ ਬਰਸਾਤ ਕਾਰਨ ਸਥਿਤੀ ਹੀ ਇਹੋ ਜਿਹੀ ਕਸੂਤੀ ਪੈਦਾ ਹੋ ਗਈ ਸੀ ਕਿ ਨਾ ਚਾਹੁਣ ਦੇ ਬਾਵਜੂਦ ਅਚਾਨਕ ਹੀ ਫਲੱਡ ਗੇਟ ਖੋਲ੍ਹਣੇ ਪਏ ਸਨ, ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲ ਵੀ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਹੈ।
ਪਰ ਜਿਹੜੀ ਬਰਸਾਤ 24 ਘੰਟਿਆਂ ਵਿੱਚ ਹੋਣੀ ਸੀ, ਉਹ ਪਹਿਲੇ 4 ਘੰਟੇ ਵਿੱਚ ਹੀ ਹੋਣ ਕਾਰਨ ਫਲੱਡ ਗੇਟ ਖੋਲ੍ਹਣ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਰਹਿ ਗਿਆ ਸੀ। ਹੁਣ ਸਥਿਤੀ ਕੁਝ ਹੱਦ ਤੱਕ ਕਾਬੂ ਵਿੱਚ ਹੈ, ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਪਾਣੀ ਨੂੰ ਹੌਲੀ ਹੌਲੀ ਫਲੱਡ ਗੇਟ ਰਾਹੀਂ ਛੱਡਿਆ ਜਾਵੇਗਾ। ਇਹ ਖ਼ੁਲਾਸਾ ਬੀਬੀਐਮਬੀ ਦੇ ਚੇਅਰਮੈਨ ਡੀ.ਕੇ. ਸ਼ਰਮਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।
ਡੀ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਵਰਖਾ ਹੋਣ ਬਾਰੇ ਜਾਣਕਾਰੀ ਤਾਂ ਮਿਲ ਗਈ ਪਰ ਜਿਹੜੀ ਬਰਸਾਤ ਅਗਲੇ 24 ਘੰਟੇ ਵਿੱਚ ਹੋਣੀ ਸੀ, ਉਹ ਪਹਿਲੇ 4 ਘੰਟੇ ਵਿੱਚ ਹੀ ਹੋਣ ਕਾਰਨ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡੈਮ ਦੀ ਸਥਿਤੀ ਨੂੰ ਸਮੇਂ ਸਮੇਂ ਸਿਰ ਦੇਖਣਾ ਪੈਂਦਾ ਹੈ, ਕਿਉਂਕਿ ਇਸ ਨਾਲ ਡੈਮ ਨੂੰ ਹੀ ਜਿਆਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 19 ਅਗਸਤ ਤੱਕ ਤੇਜ਼ ਮੀਂਹ ਹੋਣ ਕਾਰਨ ਡੈਮ ਦਾ ਪੱਧਰ 1681.33 ਹੋ ਗਿਆ ਸੀ, ਜਦੋਂ ਕਿ ਡੈਮ ਵਿੱਚ ਖ਼ਤਰੇ ਦਾ ਪੱਧਰ 1670 ਤੱਕ ਹੀ ਹੈ। (Flood Gate)
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਵਰਕਸ਼ਾਪ ਨੂੰ ਲੱਗੀ ਭਿਆਨਕ ਅੱਗ, 8-10 ਗੱਡੀਆਂ ਸੜ ਕੇ ਸੁਆਹ
ਪਰ ਬੀਬੀਐਮਬੀ ਵੱਲੋਂ ਪਾਣੀ ਦਾ ਪੱਧਰ 1675 ਜਾਂ ਫਿਰ 1677 ਤੱਕ ਰੱਖਣ ਤੱਕ ਦਾ ਮਨ ਬਣਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪੱਧਰ ਤੋਂ ਵੀ 5 ਫੁੱਟ ਜ਼ਿਆਦਾ ਹੋਣ ਕਾਰਨ ਡੈਮ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਕਾਰਨ ਡੈਮ ਦੇ ਫਲੱਡ ਗੇਟ ਤੁਰੰਤ ਖੋਲ੍ਹਣੇ ਪਏ, ਜਿਸ ਕਾਰਨ ਹੀ ਪੰਜਾਬ ਦੇ ਕਈ ਇਲਾਕੇ ਵਿੱਚ ਇੰਨਾ ਪਾਣੀ ਆਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਪਾਣੀ ਦਾ ਪੱਧਰ 1679.5 ਫੁੱਟ ਹੋਣ ਕਾਰਨ ਫਲੱਡ ਗੇਟ ਅਗਲੇ ਦੋ ਦਿਨ ਹੋਰ ਖੋਲ੍ਹਣੇ ਪੈਣਗੇ, ਜਿਸ ਰਾਹੀਂ 2 ਫੀਟ ਤੱਕ ਪਾਣੀ ਦਾ ਲੈਵਲ ਘਟਾਇਆ ਜਾਏਗਾ।
ਡੀ.ਕੇ. ਸ਼ਰਮਾ ਨੇ ਕਿਹਾ ਕਿ ਇਹੋ ਜਿਹੀ ਸਥਿਤੀ ਕਦੇ ਕਦਾਈ ਹੁੰਦੀ ਹੈ ਅਤੇ ਪਹਿਲਾਂ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ ਹੈ, ਜਿਸ ਕਾਰਨ ਸਮਾਂ ਰਹਿੰਦੇ ਪਹਿਲਾਂ ਹੀ ਹੌਲੀ ਹੌਲੀ ਪਾਣੀ ਛੱਡਣਾ ਮੁਸ਼ਕਿਲ ਹੁੰਦਾ ਹੈ। ਉਨਾਂ ਕਿਹਾ ਕਿ ਗਰਮੀਆਂ ਵਿੱਚ ਦੇਸ਼ ਭਰ ਵਿੱਚ ਪਾਣੀ ਦੀ ਕਿੱਲਤ ਆਈ ਪਰ ਬੀਬੀਐਮਬੀ ਵਲੋਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਗਈ, ਜਿਸ ਦਾ ਕਾਰਨ ਇੱਕ ਪੱਧਰ ਤੱਕ ਪਾਣੀ ਨੂੰ ਸਟੋਰ ਕਰਨਾ ਹੀ ਸੀ। ਜੇਕਰ ਪਾਣੀ ਦਾ ਪੱਧਰ ਲਗਾਤਾਰ ਘਟਾਉਂਦੇ ਤਾਂ ਗਰਮੀਆਂ ਵਿੱਚ ਦਿੱਕਤ ਆਉਣੀ ਲਾਜ਼ਮੀ ਸੀ। ਉਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਬੀਬੀਐਮਬੀ ਸਮੇਂ ਸਮੇਂ ਵਾਧੂ ਪਾਣੀ ਨੂੰ ਛੱਡਦਾ ਰਹਿੰਦਾ ਹੈ। ਪਿਛਲੇ ਮਹੀਨੇ ਮਈ-ਜੂਨ ਵਿੱਚ ਵੀ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ ਸੀ ਅਤੇ ਹੁਣ ਵੀ ਪਾਕਿਸਤਾਨ ਨੂੰ ਜਿਆਦਾ ਪਾਣੀ ਦਿੱਤਾ ਗਿਆ ਹੈ ਤਾਂ ਕਿ ਇਥੇ ਕੋਈ ਗੰਭੀਰ ਸਥਿਤੀ ਪੈਦਾ ਨਾ ਹੋਵੇ।