ਢਲਦੇ ਸੂਰਜਾਂ ਦੀ ਦਾਸਤਾਂ

Sun

ਪੁਸ਼ਪਿੰਦਰ ਮੋਰਿੰਡਾ

ਜ਼ਿੰਦਗੀ ਬਚਪਨ ਅਤੇ ਮੌਤ ਦੇ ਵਿਚਕਾਰ ਸਥਿੱਤ ਤਿੰਨ ਅਹਿਮ ਅਵਸਥਾਵਾਂ ਵਿੱਚੋਂ ਗੁਜਰਦੀ ਹੈ।ਬਚਪਨ ਜਿੰਦਗੀ ਦੀ ਸਵੇਰ, ਜਵਾਨੀ ਦੁਪਹਿਰ ਅਤੇ ਬੁਢਾਪਾ ਇੱਕ ਆਥਣ ਦੀ ਤਰ੍ਹਾਂ ਹੁੰਦਾ ਹੈ।ਇਸ ਪੜਾਅ ਤੇ ਜਿੰਦਗੀ ਦੇ ਸੂਰਜ ਦਾ ਪ੍ਰਕਾਸ਼ ਅਤੇ ਤਪਸ਼ ਮੱਧਮ ਪੈ ਜਾਂਦੀ ਹੈ। ਸਰੀਰਕ ਊਰਜਾ ਮੁੱਕਣ ਲੱਗਦੀ ਹੈ।ਸਾਰੇ ਅੰਗਾਂ ਦੀ ਕਾਰਜਪ੍ਰਣਾਲੀ ਧੀਮੀ ਹੋ ਜਾਂਦੀ ਹੈ।ਇਸ ਉਪਰੰਤ ਮੌਤ  ਦਾ ਹਨੇਰਾ ਸੰਸਾਰ ਕਿਸੇ ਵੀ ਸਮੇ ਜਿੰਦਗੀ ਨੂੰ ਜੀ ਆਇਆਂ ਕਹਿਣ ਲਈ ਤਿਆਰ ਬਰ ਤਿਆਰ ਹੁੰਦਾ ਹੈ।ਇਸ ਅਣਕਿਆਸੇ ਸੰਸਾਰ ਵੱਲ ਕੂਚ ਕਰਨ ਤੋਂ ਮਨੁੱਖੀ ਮਨ ਨੂੰ ਹਮੇਸ਼ਾ ਹੀ ਖੌਫ਼ ਰਿਹਾ ਹੈ।ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਇਹ ਜੱਗ ਮਿੱਠਾ,ਅਗਲਾ ਕਿਸ ਡਿੱਠਾ ਦਿਸਦੇ ਸੰਸਾਰ ਦੇ ਹੀ ਸੋਹਣਾ ਹੋਣ ਦੀ ਪ੍ਰੋੜਤਾ ਕਰਦੀ ਹੈ।ਪਰ ਸਮੇ ਦੀ ਤ੍ਰਾਸਦੀ ਇਹ ਹੈ ਅੱਜ ਬਜੁਰਗਾਂ ਲਈ ਇਹ ਦਿਸਦਾ ਸੰਸਾਰ ਉਸ ਅਣਦਿਸਦੇ ਸੰਸਾਰ ਨਾਲੋਂ ਵੀ ਕੌੜਾ ਹੋਇਆ ਜਾਪਦਾ ਹੈ।

ਇਸ ਤੋਂ ਵੀ ਵਧੇਰੇ ਚਿੰਤਾ ਦਾ ਵਿਸ਼ਾ ਅਜੋਕੇ ਦੌਰ ਵਿੱਚ ਇਹ ਹੈ ਕਿ  ਅਸੀਂ ਅਕਸਰ ਇਹ ਮੰਨਦੇ ਹਾਂ ਕਿ ਸੰਭਾਵੀ ਖਤਰੇ ਵੀਰਾਨਗੀ ,ਹਿੰਸਕ ਲੋਕ ਜਾਂ ਸਰੀਰਕ ਗੈਰਤੰਦਰੁਸਤੀ ਹੋ ਸਕਦਾ ਹੈ।ਪਰ ਅਫਸੋਸਜਨਕ ਸੱਚ ਇਹਵੀ ਹੈ ਕਿ ਸਾਡੇ ਬਜੁਰਗ ਘਰਾਂ ਦੇ ਅੰਦਰ ਵੀ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ ਜਿੱਥੇ ਉਨ੍ਹਾਂ ਨੂੰ ਬੇਰਹਿਮੀ, ਮਾਨਸਿਕ ਅਤੇ ਸ਼ਰੀਰਕ ਅੱਤਿਆਚਾਰ ਝੱਲਣੇ ਪੈ ਰਹੇ ਹਨ। ਉਹ ਘਰਾਂ ਦੇ ਅੰਦਰ ਇੱਕ ਨਿਰਮੋਹੀ ਸੰਸਾਰ ਵਿੱਚ ਵਿਚਰਦੇ ਮਹਿਸੂਸ ਕਰਦੇ ਹਨ।ਸਿਰਫ ਮਾਪੇ ਅਜਿਹੇ ਇਨਸਾਨ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਆਪਣੇ ਤੋਂ ਉੱਪਰ ਦੇਖਣਾ ਚਾਹੁੰਦੇ ਹਨ।ਆਪਣੀਆਂ ਸਾਰੀਆ ਸੁੱਖ ਸਹੂਲਤਾਂ ਬੱਚਿਆ ਲਈ ਕੁਰਬਾਨ ਕਰਨ ਵਾਲੇ ਸਿਰਫ ਮਾਪੇ ਹੀ ਹੁੰਦੇ ਹਨ।ਇਹ ਓਹ ਮਾਲੀ ਹੁੰਦੇ ਹਨ ਜੋ ਜਿੰਦਗੀ ਭਰ ਪੌਦ ਨੂੰ ਪਾਲਦੇ ਹਨ ਤਾਂ ਕਿ ਭਵਿੱਖ ਵਿੱਚ ਛਾਵਾਂ ਹੰਢਾ ਸਕਣ।ਪਰ ਸਮਾ ਆਉਣ ਦੇ ਰੁੱਖ ਬਣੀ ਇਹ ਪੌਦ ਅਕਸਰ ਬੁੱਢੇ ਮਾਲੀਆਂ ਛਾਵਾਂ ਦੇਣ ਤੋਂ ਇਨਕਾਰੀ ਹੋ ਜਾਂਦੀ ਹੈ। ਜਿੰਨਾਂ ਨੂੰ ਸਭ ਤੋਂ ਵੱਧ ਆਪਣੇ ਮੰਨਿਆ ਓਹੀ ਬੇਗਾਨੇ ਹੋ ਜਾਂਦੇ ਹਨ।ਹੈਲਪੇਜ ਇੰਡੀਆ ਦੇ ਖੋਜਕਰਤਾਵਾਂ ਵਲੋਂ  ਪੇਸ਼ ਕੀਤੇ ਅੰਕੜਿਆਂ ਦੀ  ਲੱਭਤ ਇਹ  ਵੀ ਹੈ ਕਿ ਹਰ ਦੂਜਾ ਬਿਰਧ ਦੁਰਵਿਹਾਰ ਜਾਂ ਧੋਖਾਧੜੀ ਦਾ ਸ਼ਿਕਾਰ ਹੈ।ਅਜੋਕਾ ਭਾਰਤ 10 ਕਰੋੜ ਤੋਂ ਵੱਧ ਬਜੁਰਗ ਲੋਕਾਂ ਦਾ ਘਰ ਹੈ।ਅਗਲੇ ਤਿੰਨ ਦਹਾਕਿਆ ਤੱਕ ਇਹ ਗਿਣਤੀ ਤਿੰਨ ਗੁਣਾ ਵਧ ਜਾਣ ਦੀ ਸੰਭਾਵਨਾ ਹੈ।ਬੱਚੇ ਵਧਦੇ ਹਨ ਪਰ ਮਾਪੇ ਘਟਣੇ ਸ਼ੁਰੂ ਜਾਂਦੇ ਹਨ।ਉਹ ਸੋਚਣ ‘ਤੇ ਕੰਮ ਕਰਨ ਦੀ ਸਮਰੱਥਾ ਗੁਆ ਬੈਠਦੇ ਹਨ।ਝੁਰੜੀਆਂ ਵਾਲੇ ਚਿਹਰਿਆਂ ਉੱਤੇ ਬੇਵਸੀ ਅਤੇ ਲਾਚਾਰੀ ਝਲਕਦੀ ਹੈ।ਬਜੁਰਗ ਮਾਪਿਆਂ ਨੂੰ ਔਲਾਦ ਤੋਂ ਫਰਜਾਂ ਨਾਲੋਂ ਜਿਆਦਾ ਲੋੜ ਪਿਆਰ ਅਤੇ ਜਜਬਾਤਾਂ ਦੀ ਹੁੰਦੀ ਹੈ,ਜਿਹੜੀ ਕੋਈ ਬਿਰਧ ਨਿਵਾਸ ਪੂਰੀ ਨਹੀਂ ਕਰ ਸਕਦਾ।ਉਮਰ ਦੇ ਵਧਣ ਨਾਰ ਸਰੀਰਕ ਅਤੇ ਮਾਨਸਿਕ ਜਰੂਰਤਾਂ ਬਦਲ ਜਾਂਦੀਆਂ ਹਨ।ਇਹ ਵੀ ਕਿਹਾ ਜਾਂਦਾ ਹੈ ਕਿ ਨਿਆਣੇ ਅਤੇ ਸਿਆਣੇ ਇੱਕੋ ਜਿਹੇ ਹੀ ਹੁੰਦੇ ਹਨ।

ਬਾਂਝ ਜੋੜੇ ਮਾਪੇ ਬਣਨ ਲਈ ਮੰਨਤਾਂ ਮੰਨਦੇ ਅਤੇ ਸੁੱਖਾਂ ਸੁੱਖਦੇ ਹਨ।ਬਿਰਧ ਮਾਪੇ ਅਨੁਭਵਾਂ ਦਾ ਭੰਡਾਰ ਹੁੰਦੇ ਹਨ।ਉਹ ਅਜਿਹੀ ਚੇਤਾਵਨੀ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਸੰਭਾਵੀ ਖਤਰਿਆਂ ਤੋਂ ਬਚਾਉਂਦੀ ਹੈ। ਸਿਰਫ ਮਾਪੇ ਹੀ ਉਹ ਇਨਸਾਨ ਹੁੰਦੇ ਹਨ ਜੋ ਆਪਣੀ ਔਲਾਦ ਦੇ ਔਗੁਣ ਆਪਣੀ ਹੀ ਝੋਲੀ ਵਿੱਚ ਸਮੇਟ ਕੇ ਜੱਗ ਜ਼ਾਹਿਰ ਹੋਣ ਤੋਂ ਬਚਾਉਂਦੇ ਹਨ।ਮਾਪੇ ਖੁਸ਼ੀਆਂ ਦੀ ਸਾਂਝ ,ਸਹਾਇਤਾ ਲਈ ਉਧਾਰੇ ਮੋਢੇ,ਉਲਝਣ ਲਈ ਸੁਲਝਣ ਹੁੰਦੇ ਹਨ।

ਮਾਪੇ ਆਪਣੀ ਸੰਤਾਨ ਲਈ ਸਿਰਫ ਵਿਰਾਸਤੀ ਮਾਦੇ ਦੇ ਵਾਹਕ ਹੀ ਨਹੀਂ ਹੁੰਦੇ ਸਗੋਂ ਇੱਕ ਸਮਾਜਿਕ ਚੌਖਟੇ ਦਾ ਆਧਾਰ ਵੀ ਹੁੰਦੇ ਹਨ ਜੋ ਆਪਣੇ ਜਿਗਰ ਦੇ ਟੁਕੜਿਆਂ ਲਈ ਹਰ ਤਰਾਂ ਦਾ ਜੋਖਮ ਝੱਲਣ ਲਈ ਤਿਆਰ ਰਹਿੰਦੇ ਹਨ। ਅਸੀ ਪੁਰਾਤਤਵ ਚੀਜਾਂ ਜਾ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਕਰੋੜਾਂ ਰੁਪਏ ਖਰਚ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਸ਼ਾਨਦਾਰ ਅਤੀਤ ਦੇ ਸਬੂਤਾਂ ਦੀ ਸੰਭਾਲ ਲਈ ਤਾਂ ਫਿਕਰਮੰਦ ਹਾਂ ਪਰ ਜਿਉਂਦੀ ਜਾਗਦੀ ਵਿਰਾਸਤ ਪ੍ਰਤੀ ਅਵੇਸਲੇ ਹੀ ਨਹੀਂ ਬੇਧਿਆਨੇ ਵੀ ਹਾਂ।ਜੀਵਿਤ ਮਾਪਿਆ ਦੀ ਭੁੱਖ ਜਾਂ ਦਵਾ ਦਾਰੂ ਦੀ ਜਰੂਰਤ ਦਾ ਕੋਈ ਅਹਿਸਾਸ ਨਹੀਂ ਪਰ ਗੁਜਰ ਜਾਣ ਤੋਂ ਬਾਦ ਭੋਗ ਸਮਾਗਮ ਮੌਕੇ ਬਹੁਭਾਂਤੀ ਖਾਣੇ ਪਰੋਸ ਕੇ ਵਡੱਪਣ ਜਿਤਾਉਣਾ ਕਿੰਨਾ ਕੁ ਵਾਜਿਬ ਹੈ?ਜੇਕਰ ਮਾਪੇ ਹੀ ਧੁੱਪਾਂ ਹੰਢਾਉਂਦੇ ਇਸ ਜਹਾਨੋਂ ਵਿਦਾ ਹੋ ਗਏ ਤਾਂ ਉਨਾਂ ਦੀ ਯਾਦ ਵਿੱਚ  ਕੀਤੇ ਦਾਨ ਪੁੰਨ ਜਾਂ ਸ਼ਰਾਧ ਕਦੇ ਵੀ ਕਬੂਲ ਨਹੀਂ ਹੋਣਗੇ। ਪੱਛਮ ਦੀ ਤਰਜ ਤੇ ਸਿਰਫ ਇੱਕ ਦਿਨ ਪਿਤਾ ਦਿਵਸ ਜਾਂ ਮਾਤਾ ਦਿਵਸ ਮੌਕੇ ਸ਼ੋਸ਼ਲ ਮੀਡੀਆ ਤੇ ਮਾਂ ਬਾਪ ਦੀਆਂ ਤਸਵੀਰਾਂ ਪਾ ਕੇ ਉਨਾਂ ਲਈ ਸਮਰਪਿਤ ਹੋਣ  ਦਾ ਦਿਖਾਵਾ ਕਰਨ ਦੀ ਜਰੂਰਤ ਨਹੀਂ ਕਿਉਂਕਿ ਅਸੀ ਆਪਣੀ ਬੁਨਿਆਦ ਦਾ ਕਰਜ਼  ਕਦੇ ਵੀ ਨਹੀਂ ਉਤਾਰ ਸਕਦੇ।

ਉਂਜ ਵੀ ਉਹਨਾ ਨੂੰ ਤਾਂ ਹਰ ਸਮੇ ਬੱਚਿਆਂ ਦੀ ਆਵਾਜ ਸੁਨਣ ਅਤੇ ਚਿਹਰਾ ਦੇਖਣ ਦੀ ਤਾਂਘ ਰਹਿੰਦੀ ਹੈ।ਇੱਕ ਵਿਅਕਤੀ ਪ੍ਰਸਿੱਧ ਅਮੀਰ ਅਤੇ ਸ਼ਕਤੀਸ਼ਾਲੀ ਹੋ ਸਕਦਾ ਹੈ,ਪਰ ਉਹ ਕਦੇ ਵੀ ਸ਼ਾਂਤ ਅਤੇ ਖੁਸ਼ ਨਹੀਂ ਹੋ ਸਕਦਾ ਜੇਕਰ ਉਸ ਦੇ ਮਾਪੇ  ਨਾਂਖੁਸ਼ ਬੈਠੇ ਹਨ।ਆਪਣੇ ਦਿਨ ਦੀ ਸ਼ੁਰੂਆਤ ਮਾਂ ਬਾਪ ਦੇ ਚਰਨ ਛੂਹ ਕੇ ਕਰਕੇ ਤਾਂ ਦੇਖੋ ,ਕਿਵੇਂ ਧੁਰ ਦਰਗਾਹੋਂ ਆਸ਼ੀਰਵਾਦ ਤੁਹਾਡੀ ਝੋਲੀ ਭਰ ਦੇਣਗੇ। ਬੱਚਿਆਂ ਦੇ ਮੋਹ ਭਿੱਜੇ ਬੋਲ ਹੀ ਉਨਾਂ ਦੀ ਤੰਦਰੁਸਤੀ ਦੀ ਦਵਾ ਹੁੰਦੇ ਹਨ।ਰੁਝੇਵਿਆਂ ਭਰੇ ਜੀਵਨ ਦੀਆਂ ਅਣਗਿਣਤ ਮਜਬੂਰੀਆਂ ਹੋਣਗੀਆਂ,ਪਰ ਬਜੁਰਗ ਮਾਪਿਆਂ ਲਈ ਸਮਾਂ ਵੀ ਇਸੇ ਸੂਚੀ ਵਿੱਚ ਹੋਣਾ ਜਰੂਰੀ ਹੈ।    ਅਜੇ ਵੀ ਸਮਾਂ ਹੈ ਦੇਖਣ ਦਾ ਕਿ ਘਰ ਦੇ ਕਿਸੇ ਕੋਨੇ ਵਿੱਚ ਬਿਰਧ ਮਾਪੇ ਅਣਗੌਲੇ ਜਾਂ ਉਦਾਸ ਤਾਂ ਨਹੀਂ?ਜੇਕਰ ਜ਼ਿੰਦਗੀ ਦੀ ਆਥਣ ‘ਤੇ ਬੈਠੇ ਇਹ ਸੂਰਜ ਅਚਾਨਕ ਹੀ ਛੁਪ ਗਏ ਤਾਂ ਇਸ ਉਪਰੰਤ ਹੋਣ ਵਾਲਾ ਹਨੇਰਾ ਜਿੰਦਗੀ ਭਰ ਪਛਤਾਵੇ ਦਾ ਕਾਰਨ ਯਕੀਨਨ ਬਣ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।